ਮੁੜ ਅਕਾਲੀ ਏਕਤਾ ਦੀ ਚਰਚਾ

ਮੁੜ ਅਕਾਲੀ ਏਕਤਾ ਦੀ ਚਰਚਾ

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ ਅਨੁਸਾਰ ਹੋਈ ਏਕਤਾ ਪੰਥ ਦੇ ਹਿਤ ਵਿੱਚ ਹੋਵੇਗੀ

ਬਲਵਿੰਦਰ ਸਿੰਘ ਭੁੱਲਰ
ਬੀਤੇ ਦਿਨ ਸ੍ਰੋਮਣੀ ਅਕਾਲੀ ਦਲ ਦੇ ਘਾਗ ਲੀਡਰ ਅਤੇ ਪੰਥ ਦਰਦੀ ਸ੍ਰ: ਸੁਖਦੇਵ ਸਿੰਘ ਢੀਂਡਸਾ ਦੀ ਅੰਤਿਮ ਅਰਦਾਸ ਮੌਕੇ ਸ੍ਰੋਮਣੀ ਅਕਾਲੀ ਦਲ ਦੀ ਏਕਤਾ ਦੀ ਬੜੀ ਚਰਚਾ ਹੋਈ। ਲੱਗਭੱਗ ਹਰ ਸਿਆਸਤਦਾਨ ਨੇ ਅਕਾਲੀ ਦਲ ਵੱਲੋਂ ਏਕਾ ਕਰ ਲੈਣ ਤੇ ਜੋਰ ਦਿੱਤਾ, ਭਾਵੇਂ ਉਹ ਕਿਸੇ ਵੀ ਪਾਰਟੀ ਨਾਲ ਸਬੰਧਤ ਸੀ। ਸ੍ਰੋਮਣੀ ਅਕਾਲੀ ਦਲ ਦੀ ਸਥਾਪਨਾ ਸਹਾਦਤਾਂ ਨਾਲ ਹੋਈ ਸੀ, ਇਸ ਪਾਰਟੀ ਨੇ ਪੰਜਾਬ ਦੇ ਹਿਤਾਂ ਲਈ ਜੂਝਦਿਆਂ ਕਈ ਮੋਰਚੇ ਲਾਏ, ਇਸਦੇ ਆਗੂਆਂ ਨੇ ਤਸ਼ੱਦਦ ਝੱਲੇ ਜੇਲਾਂ ਕੱਟੀਆਂ। ਪੰਜਾਬ ਦੀ ਇਹ ਇੱਕੋ ਇੱਕ ਖੇਤਰੀ ਪਾਰਟੀ ਹੈ, ਪੰਜਾਬ ਦੇ ਭਲੇ ਲਈ ਇਸ ਦੀ ਮਜਬੂਤੀ ਜਰੂਰੀ ਵੀ ਵਿਖਾਈ ਦਿੰਦੀ ਹੈ। ਇਸ ਪਾਰਟੀ ਦਾ ਆਧਾਰ ਧਾਰਮਿਕ ਹੋਣ ਸਦਕਾ ਆਮ ਲੋਕ ਇਸਤੇ ਵਿਸਵਾਸ਼ ਵੀ ਕਰਦੇ ਹਨ ਅਤੇ ਇਸ ਨੂੰ ਪੰਥਕ ਪਾਰਟੀ ਹੀ ਸਵੀਕਾਰ ਕਰਦੇ ਹਨ।

ਸ੍ਰ: ਢੀਂਡਸਾ ਦੀ ਅੰਤਿਮ ਅਰਦਾਸ ਸਮੇਂ ਹੋਈ ਇਸ ਚਰਚਾ ਦੇ ਸੰਦਰਭ ਵਿੱਚ ਵਿਚਾਰ ਕੀਤੀ ਜਾਵੇ ਤਾਂ ਇਹ ਸੁਆਲ ਵੀ ਖੜਾ ਹੁੰਦਾ ਹੈ ਕਿ ਇਹ ਏਕਤਾ ਤੋੜੀ ਕਿਸ ਨੇ ਹੈ। ਇਹ ਨਾ ਕਾਂਗਰਸ ਨੇ ਤੋੜੀ ਅਤੇ ਨਾ ਹੀ ਭਾਜਪਾ ਜਾਂ ਹੋਰ ਕਿਸੇ ਪਾਰਟੀ ਨੇ। ਇਹ ਏਕਤਾ ਖ਼ੁਦ ਅਕਾਲੀ ਆਗੂਆਂ ਨੇ ਹੀ ਤੋੜੀ, ਜਿਹਨਾਂ ਕੁਰਸੀ ਦੀ ਲਾਲਸਾ ਸਦਕਾ ਪਾਰਟੀ ਦੇ ਅਸੂਲਾਂ ਫ਼ਰਜਾਂ ਦੀ ਪਾਲਣਾ ਤਾਂ ਕੀ ਕਰਨੀ ਸੀ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਦੀ ਪਰਵਾਹ ਨਹੀਂ ਕੀਤੀ। ਸ੍ਰ: ਢੀਂਡਸਾ ਦੀ ਮੌਤ ਤੇ ਦੁੱਖ ਪ੍ਰਗਟ ਕਰਦਿਆਂ ਜਿਹੜੇ ਆਗੂ ਅਜਿਹੇ ਵਿਚਾਰ ਪੇਸ਼ ਕਰਦੇ ਰਹੇ, ਉਹਨਾਂ ਦੀ ਸਰਕਾਰ ਸਮੇਂ ਹੋਈਆਂ ਗਲਤੀਆਂ ਸਦਕਾ ਹੀ ਸ੍ਰ: ਢੀਂਡਸਾ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਤੋਂ ਮਿਲੀ ਸਜ਼ਾ ਅਨੁਸਾਰ ਨੀਲਾ ਚੋਲਾ ਪਾ ਕੇ ਸ੍ਰੀ ਦਰਬਾਰ ਸਾਹਿਬ ਦੇ ਬਾਹਰ ਬਰਛਾ ਫੜ ਕੇ ਬੈਠਣਾ ਪਿਆ ਸੀ ਅਤੇ ਵੱਖ ਵੱਖ ਗੁਰਧਾਮਾਂ ਵਿੱਚ ਪਹੁੰਚ ਕੇ ਸਜ਼ਾ ਵੀ ਭੁਗਤਣੀ ਪਈ ਸੀ, ਜਦੋਂ ਕਿ ਉਹ ਤਾਂ ਪੰਜਾਬ ਸਰਕਾਰ ਦਾ ਹਿੱਸਾ ਵੀ ਨਹੀਂ ਸਨ।

2 ਦਸੰਬਰ ਵਾਲੇ ਦਿਨ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਫਸ਼ੀਲ ਤੇ ਜਦ ਅਕਾਲੀ ਆਗੂਆਂ ਨੂੰ ਬੁਲਾਇਆ ਗਿਆ ਸੀ ਅਤੇ ਉਹਨਾਂ ਵੱਲੋਂ ਗਲਤੀਆਂ ਪ੍ਰਵਾਨ ਕਰਨ ਤੇ ਸਜ਼ਾ ਸੁਣਾਈ ਗਈ ਸੀ, ਉਸ ਸਮੇਂ ਹੀ ਪੰਜ ਸਿੰਘ ਸਾਹਿਬਾਨਾਂ ਵੱਲੋਂ ਸ੍ਰੋਮਣੀ ਅਕਾਲੀ ਦਲ ਦੀ ਨਵੀਂ ਭਰਤੀ ਕਰਕੇ ਪੰਥਕ ਏਕਤਾ ਦੇ ਆਧਾਰ ਤੇ ਪਾਰਟੀ ਦੀ ਮਜਬੂਤੀ ਲਈ ਆਦੇਸ਼ ਦਿੱਤਾ ਗਿਆ ਸੀ ਅਤੇ ਇਸ ਕਾਰਜ ਲਈ ਸੱਤ ਮੈਂਬਰੀ ਕਮੇਟੀ ਵੀ ਗਠਿਤ ਕੀਤੀ ਗਈ ਸੀ, ਜਿਸ ਵਿੱਚੋਂ ਦੋ ਮੈਂਬਰ ਬਾਹਰ ਹੋਣ ਤੇ ਪੰਜ ਮੈਂਬਰੀ ਰਹਿ ਗਈ ਸੀ। ਜਦੋਂ ਇਸ ਕਮੇਟੀ ਨੇ ਭਰਤੀ ਦੀ ਪ੍ਰਕਿਰਿਆ ਸੁਰੂ ਕੀਤੀ ਤਾਂ ਸ੍ਰ: ਸੁਖਬੀਰ ਸਿੰਘ ਬਾਦਲ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਹੁਕਮਾਂ ਦੀ ਅਵੱਗਿਆ ਕਰਦਿਆਂ ਪ੍ਰਧਾਨਗੀ ਨਾ ਛੱਡਣ ਦਾ ਐਲਾਨ ਕਰ ਦਿੱਤਾ। ਉਹਨਾਂ ਆਪਣੇ ਖਾਸਮ ਖਾਸ ਸ੍ਰ: ਬਲਵਿੰਦਰ ਸਿੰਘ ਭੂੰਦੜ ਨੂੰ ਮੂਹਰੇ ਲਾ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਹੁਕਮ ਦੇ ਉਲਟ ਅਕਾਲੀ ਦਲ ਦੀ ਭਰਤੀ ਵਿਖਾ ਕੇ ਮੁੜ ਪ੍ਰਧਾਨ ਚੁਣੇ ਜਾਣ ਦਾ ਐਲਾਨ ਕਰ ਦਿੱਤਾ। ਦੁਨੀਆਂ ਭਰ ਵਿੱਚ ਬੈਠੇ ਹਰ ਸਿੱਖ ਲਈ ਮਹਾਨ ਤੇ ਪਵਿੱਤਰ ਮੰਨੇ ਜਾਂਦੇ ਰਾਹ ਦਿਸੇਰਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਨੂੰ ਹੰਕਾਰ ਨਾਲ ਅੱਖੋਂ ਪਰੋਖੇ ਕਰਕੇ ਇਹ ਕਾਰਵਾਈ ਕੀਤੀ ਗਈ। ਦੂਜੇ ਪਾਸੇ ਪੰਜ ਮੈਂਬਰੀ ਕਮੇਟੀ ਵੱਲੋਂ ਸਹੀ ਤੇ ਪਾਰਦਰਸ਼ੀ ਢੰਗ ਨਾਲ ਸ੍ਰੋਮਣੀ ਅਕਾਲੀ ਦਲ ਦੀ ਭਰਤੀ ਸੁਰੂ ਕੀਤੀ ਗਈ, ਜਿਸਦੀ ਗਿਣਤੀ ਵੀ ਉਨੱਤੀ ਲੱਖ ਦੇ ਕਰੀਬ ਹੋ ਗਈ ਹੈ। ਸ੍ਰ: ਸੁਖਬੀਰ ਸਿੰਘ ਇਸ ਭਰਤੀ ਨੂੰ ਗਲਤ ਕਰਾਰ ਦਿੰਦੇ ਰਹੇ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਨਿਯੁਕਤ ਕੀਤੀ ਕਮੇਟੀ ਦੇ ਮੈਂਬਰਾਂ ਅਤੇ ਉਸ ਨਾਲ ਜੁੜੇ ਹੋਰ ਆਗੂਆਂ ਨੂੰ ਗੱਦਾਰ ਕਹਿੰਦੇ ਰਹੇ।

ਸ੍ਰ: ਸੁਖਬੀਰ ਸਿੰਘ ਬਾਦਲ, ਸ੍ਰ: ਬਲਵਿੰਦਰ ਸਿੰਘ ਭੂੰਦੜ ਅਤੇ ਉਹਨਾਂ ਦੇ ਧੜੇ ਦੇ ਹੋਰ ਆਗੂਆਂ ਨੇ ਆਪਣੇ ਚਹੇਤੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜ: ਹਰਜਿੰਦਰ ਸਿੰਘ ਧਾਮੀ ਰਾਹੀਂ 2 ਦਸਬੰਰ ਦਾ ਫੈਸਲਾ ਸੁਣਾਉਣ ਵਾਲੇ ਸਿੰਘ ਸਾਹਿਬਾਨਾਂ ਜ: ਰਘਬੀਰ ਸਿੰਘ ਤੇ ਜ: ਹਰਪ੍ਰੀਤ ਸਿੰਘ ਨੂੰ ਉਹਨਾਂ ਦੇ ਅਹੁਦਿਆਂ ਤੋਂ ਲਾਂਭੇ ਕਰਕੇ ਜ: ਕੁਲਦੀਪ ਸਿੰਘ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਜਥੇਦਾਰ ਅਤੇ ਜ: ਟੇਕ ਸਿੰਘ ਧਨੌਲਾ ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ ਦਾ ਜਥੇਦਾਰ ਨਿਯੁਕਤ ਕਰ ਦਿੱਤਾ। ਇਹਨਾਂ ਨਿਯੁਕਤੀਆਂ ਲਈ ਪੂਰਨ ਗੁਰ ਮਰਯਾਦਾ ਜਾਂ ਅਸੂਲਾਂ ਨੂੰ ਵੀ ਅਪਨਾਇਆ ਨਾ ਗਿਆ। ਇਸੇ ਕਰਕੇ ਇਹਨਾਂ ਨਿਯੁਕਤੀਆਂ ਦਾ ਸਿੱਖ ਕੌਮ ਵੱਲੋਂ ਡਟਵਾਂ ਵਿਰੋਧ ਹੋਇਆ। ਘੱਲੂਘਾਰਾ ਦਿਵਸ ਮੌਕੇ ਅਪਰੇਸ਼ਨ ਨੀਲਾ ਤਾਰਾ ਦੇ ਸ਼ਹੀਦਾਂ ਦੇ ਵਾਰਸਾਂ ਨੇ ਨਵੇਂ ਨਿਯੁਕਤ ਜਥੇਦਾਰ ਕੁਲਦੀਪ ਸਿੰਘ ਗੜਗੱਜ ਤੋਂ ਸਨਮਾਨ ਲੈਣ ਤੋਂ ਵੀ ਇਨਕਾਰ ਕਰ ਦਿੱਤਾ ਅਤੇ ਪੰਥਕ ਸੰਸਥਾਵਾਂ ਸੰਪਰਦਾਵਾਂ ਵੱਲੋਂ ਉਹਨਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਫ਼ਸੀਲ ਤੋਂ ਸੰਦੇਸ ਦੇਣ ਤੋਂ ਵੀ ਰੋਕ ਦਿੱਤਾ ਗਿਆ। ਅਕਾਲੀ ਆਗੂਆਂ ਦੀਆਂ ਹੰਕਾਰੀ ਗਲਤੀਆਂ ਸਦਕਾ ਸਿੱਖ ਪੰਥ ਵੰਡਿਆ ਗਿਆ, ਕੁੱਝ ਆਗੂਆਂ ਪੰਥ ਦਰਦੀਆਂ ਨੇ ਇਸ ਕਾਰਵਾਈ ਨੂੰ ਜਾਇਜ਼ ਕਰਾਰ ਦਿੱਤਾ, ਕਿਉਂਕਿ ਜਥੇਦਾਰ ਦੀ ਨਿਯੁਕਤੀ ਲੋਕਾਂ ਨੂੰ ਪ੍ਰਵਾਨ ਨਹੀਂ ਸੀ, ਕੁੱਝ ਆਗੂਆਂ ਨੇ ਜ: ਗੜਗੱਜ ਦੇ ਹੱਕ ਵਿੱਚ ਬੋਲਦਿਆਂ ਇਸ ਕਾਰਵਾਈ ਨੂੰ ਮੰਦਭਾਗਾ ਵੀ ਕਿਹਾ। ਪਰ ਅਸਲ ਸੁਆਲ ਹੈ ਕਿ ਇਹ ਘਟਨਾ ਕਿਉਂ ਵਾਪਾਰੀ? ਇਸ ਦਾ ਆਧਾਰ ਤਾਂ ਸ੍ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ਹੀ ਹੈ, ਜਿਸਨੂੰ ਹਾਸਲ ਕਰਨ ਲਈ ਉਪਰੋਕਤ ਘਟਨਾਵਾਂ ਵਾਪਰੀਆਂ।

ਬੀਤੇ ਦਿਨ ਸ੍ਰ: ਢੀਂਡਸਾ ਦੀ ਅੰਤਿਮ ਅਰਦਾਸ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਗਠਿਤ ਕੀਤੀ ਕਮੇਟੀ ਦੇ ਮੈਂਬਰਾਂ ਨੇ ਅਕਾਲੀ ਦਲ ਦੀ ਏਕਤਾ ਦੀ ਗੱਲ ਕੀਤੀ, ਉਹਨਾਂ ਅਜਿਹਾ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਦਿੱਤੇ ਹੁਕਮਾਂ ਦੇ ਆਧਾਰ ਤੇ ਹੀ ਕੀਤਾ। ਇਸ ਮੌਕੇ ਸ੍ਰ: ਢੀਂਡਸਾ ਨੂੰ ਸਰਧਾ ਦੇ ਫੁੱਲ ਭੇਂਟ ਕਰਨ ਪਹੁੰਚੇ ਸ੍ਰ: ਸੁਖਬੀਰ ਸਿੰਘ ਬਾਦਲ ਨੇ ਵੀ ਏਕਤਾ ਕਰਨ ਦੀ ਗੱਲ ਕੀਤੀ, ਉਹਨਾਂ ਕਿਹਾ ਸ੍ਰ: ਢੀਂਡਸਾ ਦੀ ਆਖ਼ਰੀ ਮੌਕੇ ਦੀ ਇੱਛਾ ਵੀ ਇਹੋ ਸੀ। ਇਹ ਠੀਕ ਹੈ ਕਿ ਅਕਾਲੀ ਦਲ ਤੇ ਪੰਥ ਕੀ ਏਕਤਾ ਹੋਣੀ ਚਾਹੀਦੀ ਹੈ, ਸ੍ਰ: ਸੁਖਬੀਰ ਸਿੰਘ ਦਾ ਸੁਝਾਅ ਜਾਇਜ਼ ਵੀ ਹੈ, ਪਰ ਸੁਆਲ ਇਹ ਉੱਠਦਾ ਹੈ ਕਿ ਇਹ ਏਕਤਾ ਤੋੜੀ ਕੀਹਨੇ? ਫੇਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਤੇ ਭਰਤੀ ਨੂੰ ਪ੍ਰਵਾਨ ਕਿਸ ਨੇ ਨਹੀਂ ਕੀਤਾ? ਸਿੰਘ ਸਾਹਿਬਾਨਾਂ ਵੱਲੋਂ ਨਿਯੁਕਤ ਮੈਂਬਰਾਂ ਨੂੰ ਗੱਦਾਰ ਕੌਣ ਕਹਿੰਦਾ ਰਿਹਾ? ਵਿਚਾਰ ਕੀਤਿਆਂ ਇਹ ਦੋਸ਼ ਸ੍ਰ: ਸੁਖਬੀਰ ਸਿੰਘ ਬਾਦਲ ਦੇ ਹਿੱਸੇ ਹੀ ਬਣਦੇ ਹਨ।

ਇਹ ਨਹੀਂ ਕਿ ਏਕਤਾ ਹੋ ਨਹੀਂ ਸਕਦੀ, ਹੋ ਸਕਦੀ ਹੈ ਪਰ ਇਸ ਬਾਰੇ ਦਿਲਾਂ ਵਿੱਚੋਂ ਮੈਲ ਕੱਢ ਕੇ, ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਹੁਕਮਾਂ ਤੇ ਪਹਿਰਾ ਦੇ ਕੇ ਅਤੇ ਹਊਮੇ ਦਾ ਤਿਆਗ ਕਰਕੇ ਤੇ ਕੁਰਸੀ ਦਾ ਲਾਲਚ ਛੱਡ ਕੇ ਹੀ ਹੋ ਸਕਦੀ ਹੈ। ਸੋ ਜੇਕਰ ਸ੍ਰ: ਬਾਦਲ ਆਪਣੇ ਇਸ ਬਿਆਨ ਪ੍ਰਤੀ ਸੁਹਿਰਦ ਹਨ ਤਾਂ ਉਹ ਪ੍ਰਧਾਨਗੀ ਤੋਂ ਅਸਤੀਫਾ ਦੇ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਗਠਿਤ ਕੀਤੀ ਕਮੇਟੀ ਨੂੰ ਸਹਿਯੋਗ ਦੇਣ ਅਤੇ ਨਵੀਂ ਭਰਤੀ ਅਨੁਸਾਰ ਪਾਰਟੀ ਦੇ ਪ੍ਰਧਾਨ ਦੀ ਚੋਣ ਕੀਤੀ ਜਾਵੇ। ਏਕਤਾ ਲਈ ਭਰਤੀ ਦੀ ਸਮਾਂ ਸੀਮਾ ਹੋਰ ਵਧਾਈ ਜਾ ਸਕਦੀ ਹੈ। ਹੋ ਸਕਦਾ ਹੈ ਕਿ ਸਾਫ਼ ਮਨ ਨਾਲ ਕੰਮ ਕਰਨ ਤੇ ਉਹ ਮੁੜ ਪ੍ਰਧਾਨ ਬਣ ਜਾਣ। ਜੇਕਰ ਏਕਤਾ ਹੋ ਜਾਵੇ ਤਾਂ ਪੰਜਾਬ ਦੇ ਹਿਤ ਵਿੱਚ ਹੋਵੇਗੀ ਅਤੇ ਸ੍ਰੋਮਣੀ ਅਕਾਲੀ ਦਲ ਪਹਿਲਾਂ ਵਾਂਗ ਮਜਬੂਤ ਹੋ ਜਾਵੇਗਾ।

ਮੋਬਾ: 098882 75913