ਮਨੁੱਖਤਾ ਨੂੰ ਬੀਮਾਰੀਆਂ ਤੋਂ ਬਚਾਉਣ ਲਈ ਕੁਦਰਤੀ ਖੇਤੀ ਵਿਧੀ ਵੱਲ ਮੁੜਣਾ ਹੀ ਪਵੇਗਾ

ਦੁਨੀਆਂ ਭਰ ਵਿੱਚ ਮਨੁੱਖ ਨੂੰ ਬੀਮਾਰੀਆਂ ਨੇ ਆਪਣੀ ਜਕੜ ਵਿੱਚ ਲੈ ਰੱਖਿਆ ਹੈ। ਬੁੱਧੀਜੀਵੀ ਚਿੰਤਾ ਵਿੱਚ ਹਨ ਕਿ ਇਹਨਾਂ ਬੀਮਾਰੀਆਂ ਤੋਂ ਖਹਿੜਾ ਕਿਵੇਂ ਛੁਡਾਇਆ ਜਾਵੇ, ਪਰ ਇਹਨਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਭਾਰਤ ਵਿੱਚ ਸਥਿਤੀ ਕੁੱਝ ਜਿਆਦਾ ਹੀ ਗੰਭੀਰ ਬਣੀ ਹੋਈ ਹੈ, ਹਰ ਇਨਸਾਨ ਕੋਈ ਨਾ ਕੋਈ ਦਵਾਈ ਵਰਤ ਰਿਹਾ ਹੈ। ਵਿਗਿਆਨੀਆਂ ਅਨੁਸਾਰ ਇਸ ਦਾ ਮੁੱਖ ਕਾਰਨ ਕੁਦਰਤ ਨਾਲ ਛੇੜ ਛਾੜ ਹੈ, ਵੱਧ ਮੁਨਾਫ਼ਾ ਲੈਣ ਲਈ ਮਨੁੱਖ ਨੇ ਫ਼ਸਲਾਂ ਤੇ ਜਹਿਰਾਂ ਛਿੜਕਣੀਆਂ ਸੁਰੂ ਕਰ ਦਿੱਤੀਆਂ ਹਨ, ਗੈਰ ਮੌਸਮੀ ਫਲ ਸਬਜੀਆਂ ਉਗਾਉਣੀਆਂ ਸੁਰੂ ਕਰ ਦਿੱਤੀਆਂ ਹਨ, ਜਿਸਦਾ ਇਨਸਾਨੀ ਜੀਵਨ ਤੇ ਬੁਰਾ ਪ੍ਰਭਾਵ ਪਿਆ ਹੈ। ਭਾਰਤ ਵਿੱਚ ਭਾਵੇਂ ਹੁਣ ਚਿੰਤਾ ਵਧੀ ਹੈ, ਪਰੰਤੂ ਜਪਾਨ ਦੇ ਖੇਤੀ ਵਿਗਿਆਨੀ ਤੇ ਕੁਦਰਤੀ ਖੇਤੀ ਦੇ ਇਨਕਲਾਬੀ ਕਿਸਾਨ ਮਾਸਾਨੋਬੂ ਫੁਕੂਓਕਾ ਨੇ ਤਾਂ ਕਰੀਬ ਅੱਠ ਦਹਾਕੇ ਪਹਿਲਾਂ ਹੀ ਲੋਕਾਂ ਨੂੰ ਸੁਚੇਤ ਕਰਦਿਆਂ ਸੁਨੇਹਾ ਦੇ ਦਿੱਤਾ ਸੀ।

ਜਪਾਨ ਦੇ ਪਿੰਡ ਈਯੋ ਅਹੀਮੇ ਵਿੱਚ 1913 ਨੂੰ ਜਨਮੇ ਖੇਤੀ ਵਿਗਿਆਨੀ, ਲੇਖਕ, ਦਾਰਸਨਿਕ ਤੇ ਸਫ਼ਲ ਕੁਦਰਤੀ ਖੇਤੀ ਕਿਸਾਨ ਫੁਕੂਓਕਾ ਦਾ ਕਹਿਣਾ ਸੀ ਕਿ ਕੁਦਰਤੀ ਖੇਤੀ ਇਨਸਾਨ ਦੀ ਰੂਹਾਨੀ ਸਿਹਤ ਵਿੱਚੋ ਨਿਕਲਦੀ ਹੈ। ਉਸ ਅਨੁਸਾਰ ਬਹੁਤੇ ਰਸਾਇਣਕ ਤੇ ਕੀੜੇਮਾਰ ਦਵਾਈਆਂ ਪਾਉਣ ਨਾਲ ਮਿੱਟੀ ਦੇ ਸਾਰੇ ਸ਼ੂਖਮ ਪ੍ਰਾਣੀ ਅਤੇ ਜੈਵਿਕ ਪਦਾਰਥ ਸੜ ਕੇ ਸੁਆਹ ਹੋ ਜਾਂਦੇ ਹਨ, ਮਿੱਟੀ ਮੁਰਦਾ ਹੋ ਜਾਂਦੀ ਹੈ ਤੇ ਫ਼ਸਲਾਂ ਬਾਹਰੋਂ ਪਾਈਆਂ ਰਸਾਇਣਕ ਖਾਦਾਂ ਵਿੱਚੋਂ ਮਿਲਣ ਵਾਲੀ ਖੁਰਾਕ ਦੀਆਂ ਗ਼ੁਲਾਮ ਹੋ ਜਾਂਦੀਆਂ ਹਨ। ਉਸਨੇ ਸਿੱਧ ਕਰਕੇ ਦਿਖਾਇਆ ਕਿ ਕੁਦਰਤੀ ਬਿਧੀ ਨਾਲ ਉਪਜ ਵਿਗਿਆਨੀ ਬਿਧੀ ਨਾਲੋਂ ਘੱਟ ਨਹੀਂ ਰਹਿੰਦੀ। ਉਹਨਾਂ ਕੁਦਰਤੀ ਖੇਤੀ ਦੇ ਚਾਰ ਸਿਧਾਂਤ ਅਪਨਾ ਕੇ ਕੰਮ ਸੁਰੂ ਕੀਤਾ। ਪਹਿਲਾ ਜ਼ਮੀਨ ਤੇ ਹਲ ਨਹੀਂ ਚਲਾਉਣਾ, ਦੁਜਾ ਕੋਈ ਰਸਾਇਣਕ ਖਾਦ ਜਾਂ ਜੈਵਿਕ ਖਾਦ ਨਹੀਂ ਪਾਉਣੀ, ਤੀਜਾ ਨਦੀਨ ਘਾਹ ਬੂਟੀ ਆਦਿ ਨਹੀ ਕੱਢਣੇ, ਚੌਥਾ ਰਸਾਇਣਾਂ ਦੇ ਸਹਾਰੇ ਨਹੀਂ ਹੋਣਾ।

ਝੋਨੇ ਦੀ ਖੜੀ ਫਸਲ ਵਿੱਚ ਕਟਾਈ ਤੋਂ ਕੁਝ ਦਿਨ ਪਹਿਲਾਂ ਉਹ ਅਗਲੀ ਫ਼ਸਲ ਦਾ ਬੀਜ ਖਿੰਡਾ ਦਿੰਦਾ, ਫਸਲ ਦੀ ਕਟਾਈ ਕਰਕੇ ਪਰਾਲੀ ਤੇ ਨਾੜ ਨਾਲ ਹੀ ਜ਼ਮੀਨ ਢਕ ਕੇ ਉਸ ਵਿੱਚ ਕੁਝ ਪਾਣੀ ਛੱਡ ਦਿੰਦਾ, ਮੌਜੂਦਾ ਵਿਗਿਆਨਕ ਵਿਧੀ ਅਨੁਸਾਰ ਝੋਨੇ ਦੀ ਫ਼ਸਲ ਵਿੱਚ ਪਾਣੀ ਖੜਾ ਨਹੀਂ ਸੀ ਰਖਦਾ। ਕੁਝ ਸਮੇਂ ਬਾਅਦ ਪਰਾਲੀ ਗਲ ਸੜ ਜਾਂਦੀ ਤੇ ਫ਼ਸਲ ਉਪਰ ਉੱਠ ਖੜਦੀ। ਇਸੇ ਤਰਾਂ ਉਹ ਅਗਲੀ ਫ਼ਸਲ ਵਿੱਚ ਝੋਨੇ ਦਾ ਬੀਜ ਖਿੰਡਾ ਦਿੰਦਾ। ਆਪਣੇ ਬਾਗਾਂ ਵਿੱਚ ਵੀ ਉਸਨੇ ਕਦੇ ਬੂਟਿਆਂ ਦੀ ਛੰਗਾਈ ਨਹੀਂ ਸੀ ਕੀਤੀ ਤੇ ਉਹਨਾਂ ਨੂੰ ਕੁਦਰਤੀ ਤਰੀਕੇ ਨਾਲ ਵਧਣ ਫੁੱਲਣ ਦਿੱਤਾ। ਉਸਦਾ ਕਹਿਣਾ ਸੀ, ਕਿ ਜਦੋਂ ਤੋਂ ਉਸਨੇ ਹਲ ਵਾਹੁਣਾ ਛੱਡਿਆ ਹੈ ਉਸਦੇ ਖੇਤਾਂ ਦੀ ਜਰਖ਼ੇਜੀ ਵਧੀ ਹੈ, ਮਿੱਟੀ ਦੀ ਬਣਤਰ ਬਿਹਤਰ ਹੋਈ ਹੈ ਤੇ ਮਿੱਟੀ ਦੀ ਪਾਣੀ ਸੰਭਾਲ ਕੇ ਰੱਖਣ ਦੀ ਸ਼ਕਤੀ ਵਧੀ ਹੈ। ਕਰੀਬ 25 ਸਾਲ ਉਸਨੇ ਆਪਣੇ ਖੇਤਾਂ ਵਿੱਚ ਹਲ ਨਾ ਵਾਹਿਆ ਅਤੇ ਉਸਦੀ ਪੈਦਾਵਾਰ ਉਹਨਾਂ ਕਿਸਾਨਾਂ ਦੇ ਮੁਕਾਬਲੇ ਦੀ ਰਹੀ ਜੋ ਕਈ ਕਈ ਵਾਰ ਹਲ ਵਾਹੁੰਦੇ ਸਨ।

ਬੇਮੌਸਮੀਆਂ ਭਾਵ ਕਰੁੱਤੀਆਂ ਫ਼ਸਲਾਂ ਸਬਜੀਆਂ ਫਲਾਂ ਦਾ ਉਹ ਡਟਵਾਂ ਵਿਰੋਧੀ ਸੀ, ਉਹ ਕਹਿੰਦਾ ਕਿ ਕਰੁੱਤੀਆਂ ਫ਼ਸਲਾਂ ਲਈ ਵਧੇਰੇ ਰਸਾਇਣ ਪਾਉਣੇ ਪੈਣਗੇ ਜੋ ਇਨਸਾਨੀ ਜ਼ਿੰਦਗੀਆਂ ਲਈ ਨੁਕਸਾਨਦੇਹ ਹੋਣਗੇ, ਪਰ ਵੱਧ ਪੈਸਾ ਕਮਾਉਣ ਲਈ ਕਰੁੱਤੀਆਂ ਸਬਜੀਆਂ ਫਲ ਪੈਦਾ ਕਰਨ ਦਾ ਰਿਵਾਜ ਵਧ ਰਿਹਾ ਹੈ ਜੋ ਮੰਦਭਾਗਾ ਹੈ। ਪਹਿਲਾਂ ਪਹਿਲ ਲੋਕ ਉਸਨੂੰ ਮਖੌਲ ਹੀ ਕਰਦੇ ਰਹੇ, ਜਦ ਉਹ ਕਾਮਯਾਬੀ ਵੱਲ ਵਧਿਆ ਤਾਂ ਵਿਗਿਆਨੀ ਉਸਦੇ ਖੇਤਾਂ ਵਿੱਚ ਆ ਕੇ ਰਿਸਰਚ ਕਰਨ ਲੱਗੇ, ਕਾਲਜਾਂ ਯੂਨੀਵਰਸਿਟੀਆਂ ਦੇ ਵਿਦਿਆਰਥੀ ਪਹੁੰਚਦੇ, ਦੇਸਾਂ ਵਿਦੇਸਾਂ ਤੋਂ ਕਿਸਾਨ ਉਸਦੀ ਇਸ ਕੁਦਰਤੀ ਖੇਤੀ ਨੂੰ ਵੇਖਣ ਆਉਣ ਲੱਗੇ। ਉਹ ਗੱਲਬਾਤ ਦੌਰਾਨ ਸਪਸ਼ਟ ਕਰਦਾ ਕਿ ਧਰਤੀ ਵਾਤਾਵਰਣ ਤੇ ਸਮੇਂ ਅਨੁਸਾਰ ਆਪਣੇ ਆਪ ਨੂੰ ਢਾਲ ਲੈਂਦੀ ਹੈ, ਉਹ ਕਹਿੰਦਾ ਕਿ ਕਿਸੇ ਸਾਲ ਟਿੱਡੇ ਵੱਧ ਹੁੰਦੇ ਹਨ ਅਤੇ ਕਿਸੇ ਸਾਲ ਡੱਡੂ, ਇਸੇ ਤਰਾਂ ਹੀ ਨਦੀਨ ਵੱਖ ਵੱਖ ਸਮੇਂ ਵੱਖ ਵੱਖ ਹੁੰਦੇ ਹਨ। ਉਸਦਾ ਮੰਨਣਾ ਸੀ ਕਿ ਵਾਤਾਵਰਣ ਨੂੰ ਜਿਸ ਜੀਵ ਜੰਤੂ ਜਾਂ ਨਦੀਨ ਘਾਹ ਬੂਟਿਆਂ ਦੀ ਲੋੜ ਹੁੰਦੀ ਹੈ ਉਹ ਧਰਤੀ ਪੈਦਾ ਕਰ ਦਿੰਦੀ ਹੈ ਅਤੇ ਆਪਣਾ ਬਚਾਅ ਕਰਦੀ ਹੈ।

ਉਸਨੇ ਕਿਹਾ ਕਿ ਕਿਸਾਨਾਂ ਨੇ ਜ਼ਹਿਰਾਂ ਛਿੜਕ ਕੇ ਆਪਣੇ ਉਹ ਮਿੱਤਰ ਜੀਵ ਜੰਤੂ ਖਤਮ ਕਰ ਦਿੱਤੇ ਜੋ ਦੁਸ਼ਮਣ ਕੀੜਿਆਂ ਦਾ ਖਾਤਮਾ ਕਰਦੇ ਸਨ। ਇਸ ਤਰਾਂ ਕਿਸਾਨਾਂ ਨੇ ਖੇਤਾਂ ਵਿੱਚ ਜ਼ਹਿਰਾਂ ਪਾ ਕੇ ਸਭ ਤੋਂ ਪਹਿਲਾਂ ਇਹ ਜ਼ਹਿਰਾਂ ਆਪ ਖਾਧੀਆਂ ਫਿਰ ਸਾਰੇ ਜਹਾਨ ਨੂੰ ਖਵਾਈਆਂ, ਮਿੱਟੀ ’ਚ ਵਸਦੇ ਆਪਣੇ ਜੋੜੀਦਾਰਾਂ ਲੱਖਾਂ ਕਰੋੜਾਂ ਜੀਆਂ, ਤਿੱਤਲੀਆਂ, ਪੰਛੀਆਂ, ਜੰਤੂਆਂ, ਸੱਪਾਂ, ਡੱਡੂੂਆਂ, ਕਿਰਲੀਆਂ, ਗੰਡੋਇਆਂ, ਆਦਿ ਦਾ ਸਫਾਇਆ ਕੀਤਾ। ਸਾਡੇ ਦੇਸ਼ ਵਿੱਚ ਅੱਜ ਉਸਦੀ ਇਹ ਚਿੰਤਾ ਸਿਰ ਚਲ ਕੇ ਬੋਲਦੀ ਹੈ। ਪਾਣੀ ਜ਼ਹਿਰ ਹੋ ਗਿਆ, ਹਵਾ ਪ੍ਰਦੂਸਤ ਹੋ ਗਈ, ਖਾਣ ਨੂੰ ਕੋਈ ਇੱਕ ਚੀਜ਼ ਨਾ ਬਚੀ ਜਿਸ ਵਿੱਚ ਜ਼ਹਿਰ ਨਾ ਹੋਵੇ, ਪਿੰਡਾਂ ਸ਼ਹਿਰਾਂ ਨੂੰ ਕੈਂਸਰ, ਬਲੱਡ ਪ੍ਰੈਸਰ, ਸ਼ੂਗਰ, ਜੋੜਾਂ ਦੇ ਦਰਦ, ਅਲਸਰ ਆਦਿ ਬੀਮਾਰੀਆਂ ਨੇ ਘੇਰ ਲਿਆ ਹੈ।

ਇਹ ਸੱਚਾਈ ਹੈ ਕਿ ਜੇਕਰ ਦੁਨੀਆਂ ਦੇ ਲੋਕਾਂ ਨੂੰ ਜਿਉਂਦਾ ਰੱਖਣਾ ਹੈ, ਮਨੁੱਖਤਾ ਨੂੰ ਬੀਮਾਰੀਆਂ ਤੋਂ ਬਚਾਉਣਾ ਹੈ ਤਾਂ ਕਿਸਾਨੀ ਨੂੰ ਕੁਦਰਤੀ ਖੇਤੀ ਵਿਧੀ ਵੱਲ ਮੁੜਣਾ ਹੀ ਪਵੇਗਾ। ਪੈਸਾ ਬਹੁਤ ਕੁਝ ਹੈ ਪਰ ਸਭ ਕੁਝ ਨਹੀਂ ਜਿਸਨੂੰ ਇਕੱਠਾ ਕਰਨ ਲਈ ਇਨਸਾਨ ਆਪਣੇ ਜੀਵਨ ਤੇ ਸਰੀਰ ਨੂੰ ਤਬਾਹੀ ਵੱਲ ਲਿਜਾ ਰਿਹਾ ਹੈ। ਅਮਰੀਕੀ ਇੰਡੀਅਨ ਕਬੀਲੇ ਕਰੀ ਦੇ ਇੱਕ ਮੁਖੀ ਨੇ ਸੱਚ ਹੀ ਤਾਂ ਕਿਹਾ ਸੀ, ‘ਜਦੋਂ ਧਰਤੀ ਤੋਂ ਆਖਰੀ ਰੁੱਖ ਵੱਢਿਆ ਗਿਆ, ਆਖ਼ਰੀ ਦਰਿਆ ਦਾ ਪਾਣੀ ਜ਼ਹਿਰ ਹੋ ਗਿਆ, ਆਖ਼ਰੀ ਮੱਛੀ ਫੜੀ ਗਈ, ਸਿਰਫ਼ ਉਦੋਂ ਜਾ ਕੇ ਪਤਾ ਚੱਲੇਗਾ ਕਿ ਪੈਸਿਆਂ ਨੂੰ ਖਾਧਾ ਨਹੀਂ ਜਾ ਸਕਦਾ।’ ਅੱਜ ਦੇ ਸਮੇਂ ਦੀ ਲੋੜ ਹੈ ਕਿ ਮਹਾਨ ਖੇਤੀ ਵਿਗਿਆਨੀ ਫੁਕੂਓਕਾ ਦੇ ਸੁਨੇਹੇ ਤੇ ਅਮਲ ਕਰਕੇ ਮਨੁੱਖੀ ਜੀਵਨ ਨੂੰ ਬਚਾਉਣ ਲਈ ਉਪਰਾਲੇ ਕੀਤੇ ਜਾਣ।


ਬਲਵਿੰਦਰ ਸਿੰਘ ਭੁੱਲਰ
ਮੋਬਾ: 098882 75913