ਹਾਂ ਬਈ ਪਿਆਰਿਓ, ਸਤ ਸ਼੍ਰੀ ਅਕਾਲ। ਅਸੀਂ, ਤੱਤੇ-ਠੰਡੇ ਮੌਸਮ ਚ ਠੀਕ-ਠਾਕ ਹਾਂ। ਤੁਹਾਡੀ ਰਾਜ਼ੀ-ਖੁਸ਼ੀ ਲਈ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਾਂ। ਅੱਗੇ ਸਮਾਚਾਰ ਇਹ ਹੈ ਕਿ ਦੁੱਨੇ ਦਾ ਫੂਲਾ ਸਿੰਹੁ ਜੱਥੇਦਾਰ, ਆਪਣੇ ਪਿੰਡ ਦੀ ਸੰਗਤ ਨੂੰ, ਬੱਸ ਰਾਹੀਂ, ਦੂਰ-ਦੂਰ ਲਿਜਾ ਕੇ ਤੀਰਥ ਕਰਾਉਣ ਦਾ ਪੁੰਨ-ਖੱਟ ਗਿਆ ਹੈ। ਕਈ ਤਾਂ ਪਹਿਲੀ ਵਾਰੀ ਹੀ ਗਏ ਹਨ। ਰਾਜਸਥਾਨ, ਬੰਬੇ, ਹਜ਼ੂਰ ਸਾਹਿਬ, ਬਿਦਰ, ਤੋਂ ਵਾਪਸੀ, ਐਮ.ਪੀ., ਗਵਾਲੀਅਰ, ਪਟਨਾ ਸਾਹਿਬ, ਹਰਦੁਆਰ, ਦਿੱਲੀ ਦੇ ਗੁਰਦੁਆਰੇ ਅਤੇ ਹਰਿਆਣਾ ਦੇ ਕਈ ਗੁਰੂ ਘਰ ਹੁੰਦੇ, ਚੋਰਮਾਰ ਸਾਹਿਬ ਹੋ ਕੇ ਆਏ ਹਨ। ਲੈ ਬਈ, ਦੋ ਕੁ ਦਿਨ ਥਕੇਵਾਂ ਲਾਹ ਕੇ ਪ੍ਰੀਤਮ ਸਿੰਘ ਭਾਈ ਸਾਹਿਬ ਨੇ, ਸੰਗਰਾਂਦ ਮੌਕੇ ਸਾਰਿਆਂ ਨੂੰ ਬ੍ਰਿਤਾਂਤ ਸੁਣਾਇਆ। “ਜਥੇਦਾਰ ਜੀ ਦੇ ਉੱਦਮ ਕਰਕੇ, ਅਸੀਂ ਅਠਾਰਾਂ ਦਿਨਾਂ ਵਿੱਚ, ਦਸਵੇਂ ਪਾਤਸ਼ਾਹ ਦੇ ਗੁਰਧਾਮਾਂ ਅਤੇ ਹੋਰ ਕਈ ਥਾਂਵਾਂ ਉੱਤੇ ਜਨਮ ਸਫ਼ਲਾ ਕਰ ਆਏ ਹਾਂ। ਵੱਡੀ ਗੱਲ ਤਾਂ, ਨਾਂਦੇੜ ਅਤੇ ਪਟਨਾ ਸਾਹਿਬ, ਗੁਰੂ ਕਲਗੀਆਂ ਵਾਲੇ ਦੀ ਫ਼ੌਜ ਦੇ ਸਾਂਭੇ ਅਸਲ ਹਥਿਆਰ ਵੇਖਣ ਦੀ ਹੋਈ। ਬੜੇ ਵੱਡੇ ਦਰਸ਼ਨੀ ਗੁਰੂ ਘਰਾਂ ਵਿੱਚ ਸੇਵਾ ਦਾ ਅਥਾਹ ਸਮੁੰਦਰ ਚੱਲ ਰਿਹਾ ਹੈ। ਪੰਜਾਬ ਹੀ ਲੱਗੇ ਬੱਸ। ਹਰ ਪਾਸੇ ਕੁਦਰਤੀ ਪਹਾੜੀ ਦ੍ਰਿਸ਼ ਅਤੇ ਗੋਦਾਵਰੀ ਵਰਗੇ ਦਰਿਆ। ਬੜਾ ਹੀ ਮਨ ਲੱਗਾ। ਸਮਝੋ, ਅੱਧੇ ਭਾਰਤ ਨੂੰ ਵੇਖ ਆਏ ਹਾਂ। ਸੱਤ ਰਾਜਾਂ ਵਿੱਚੋਂ ਲੰਘ ਕੇ, ਗੁਰੂ ਘਰਾਂ ਦੇ ਨਾਲ ਦਿੱਲੀ, ਬੰਬਈ ਅਤੇ ਆਗਰੇ ਤਾਜ ਮਹੱਲ ਵੀ ਗਏ। ਗਵਾਲੀਅਰ ਕਿਲ੍ਹੇ
ਚ ਛੇਵੇਂ ਪਾਤਸ਼ਾਹ ਦੇ ਬੰਦੀ-ਛੋੜ ਸਥਾਨ ਦੇ ਦਰਸ਼ਨ ਪਰਸੇ। ਮਨ ਗਦ-ਗਦ ਹੋ ਗਿਆ। ਕਈ ਸਿੰਘ ਅੰਮ੍ਰਿਤ ਛਕ ਕੇ ਗੁਰੂ ਦੇ ਲੜ ਲੱਗੇ। ਸਭ ਨੂੰ ਵਧਾਈਆਂ ਭਾਈ। ਪਿੰਡ ਦੀ ਸੰਗਤ ਵੱਲੋਂ ਭੇਟਾ ਕੀਤੀ ਮਾਇਆ, ਤਖ਼ਤ ਸਾਹਿਬ ਉੱਤੇ ਜਮ੍ਹਾਂ ਕਰਾ ਕੇ ਰਸੀਦ ਲਿਆਤੀ ਭਾਈ। ਫ਼ੋਟੋਆਂ, ਮੁੰਡਿਆਂ ਨੇ ਖਿੱਚੀਆਂ ਸਨ, ਓਹ ਵੇਖ ਲਿਓ। ਸੰਗਤ ਦਾ ਮਨ ਹੈ, ਹਰ ਸਾਲ ਗੁਰਧਾਮਾਂ ਲਈ, ਬੱਸ ਲੈ ਕੇ ਜਾਇਆ ਕਰੀਏ। ਬਾਕੀ ਥੋਡੇ ਮਸ਼ਵਰੇ ਅਤੇ ਗੁਰੂ ਜੀ ਦੇ ਹੱਥ ਦੀ ਗੱਲ ਐ। ਸਾਨੂੰ ਤਾਂ ਲੱਗਦੈ ਭਾਈ, ਸੱਚੇ-ਪਾਤਸ਼ਾਹ ਆਪ ਬਹੁੜੇ ਹਨ। ਚੱਲੋ! ਇਸ ਖੁਸ਼ੀ ਚ ‘ਸਤਨਾਮ-ਵਾਹਿਗੁਰੂ
ਦਾ ਜਾਪ ਕਰੀਏ ਸਾਰੇ।” ਗੁਰਦੁਆਰਿਓਂ ਮੁੜਦਿਆ ਸ਼ਾਹਾਂ ਦਾ ਭੋਲਾ ਆਂਹਦਾ, “ਮੈਂ ਤਾਂ ਆਪ ਅਗਲੇ ਸਾਲ ਜਾਂਊਂਗਾ ਯਾਤਰਾ ਤੇ, ਦਮੜੇ ਜੋੜਦੇ ਆਂ ਚਾਰ ਕੁ!"
ਹੋਰ, ਖਵੈੜੀ ਚਾਚੀ ਅੱਖ ਬਣਾ ਆਈ ਹੈ। ਸੰਤ ਮੁਕਣਾ ਦਾਸ, ਠੰਡ ਵਿੱਚ ਜਲ-ਧਾਰਾ ਕਰੇਗਾ। ਗਲੀ ਬੰਦ ਕਰਨ ਵਾਲੇ ਥਾਣੇਦਾਰ ਨੇ ਘਰ ਵੇਚ ਦਿੱਤਾ ਹੈ। ਲੜਾਈਆਂ-ਭੜਾਈਆਂ
ਚ ਕਈਆਂ ਦੇ ਮੂੰਹ ਟੁੱਟ ਰਹੇ ਹਨ। ਮੰਗਲੂ, ਛਠ-ਪੂਜਾ ਲਈ ਬਿਹਾਰ ਜਾ ਰਿਹਾ ਹੈ। ਚੁੱਬੜਾਂ ਦੀ ਚਟਣੀ ਬਹੁਤ ਸਵਾਦ ਬਣ ਰਹੀ ਹੈ। ਬਿਰਜੇ ਬਿੱਟੂ ਦਾ ਐਕਸੀਡੈਂਟ ਹੋ ਗਿਆ ਹੈ। ਰਜਾਈਆਂ ਲਈ ਲੋਗੜ ਦਾ ਫਿਕਰ ਹੋ ਗਿਆ ਹੈ। ਪਿੰਡ `ਚ, ਫਾਸਟ ਫੂਡ ਅਤੇ ਪੈਕੇਜ ਵੇਸਟਿੰਗ ਦਾ ਚਲਣ ਬਹੁਤ ਵੱਧ ਗਿਆ ਹੈ। ਪ੍ਰਿੰਸ ਦੇ ਲਾਏ ਜਾਮਣਾਂ ਨੂੰ, ਫੇਰ ਢੱਠਾ ਮੁੱਛ ਗਿਆ ਹੈ। ਵਿਆਹਾਂ ਦੇ ਕਾਰਡ-ਡੱਬਿਆਂ ਨਾਲ ਰੌਣਕ ਲਾ ਰਹੇ ਹਨ। ਖਹਿਰੇ, ਸਿਡਾਣੇ, ਟਿਵਾਣੇ, ਛਾਬੜੇ, ਧਾਲੀਵਾਲ, ਕਾਮਰੇ, ਵਰਵਾਲ ਅਤੇ ਨਾਗਪਾਲ ਸਭ ਕਾਇਮ ਹਨ। ਹਾਂ ਸੱਚ, ਪੱਕੇ ਝੋਨੇ, ਨਰਮੇ ਅਤੇ ਸਬਜ਼ੀਆਂ ਨੂੰ ਮੀਂਹ-ਗੜੇ ਰਗੜ ਗਏ ਹਨ ਪਰ ਤੁਸੀਂ ਫਿਕਰ ਨਾ ਕਰਿਓ, ਪਿੰਡਾਂ ਵਾਲਿਆਂ ਦਾ ਤਾਂ ਇੰਜ ਹੀ ਚੱਲਦਾ ਰਹਿਣੈ। ਚੰਗਾ, ਆਪਣੇ ਜਵਾਕਾਂ ਦਾ ਠੰਡ-ਠਾਰੀ ਤੋਂ ਧਿਆਨ ਰੱਖਿਓ, ਬਾਕੀ ਅਗਲੇ ਐਤਵਾਰ।
ਤੁਹਾਡਾ ਆਪਣਾ,
(ਡਾ.) ਸਰਵਜੀਤ ਸਿੰਘ ‘ਕੁੰਡਲ`
ਗਲੀ ਨੰ. 07, ਮਾਡਲ ਟਾਊਨ,
ਅਬੋਹਰ-152116, ਪੰਜਾਬ (ਭਾਰਤ)
ਮੋਬਾਈਲ ਨੰ. 9464667061