Notice: Function _load_textdomain_just_in_time was called incorrectly. Translation loading for the all-in-one-seo-pack domain was triggered too early. This is usually an indicator for some code in the plugin or theme running too early. Translations should be loaded at the init action or later. Please see Debugging in WordPress for more information. (This message was added in version 6.7.0.) in /home/punjabia/public_html/wp-includes/functions.php on line 6121

Notice: Function _load_textdomain_just_in_time was called incorrectly. Translation loading for the fluentform domain was triggered too early. This is usually an indicator for some code in the plugin or theme running too early. Translations should be loaded at the init action or later. Please see Debugging in WordPress for more information. (This message was added in version 6.7.0.) in /home/punjabia/public_html/wp-includes/functions.php on line 6121

Notice: Function _load_textdomain_just_in_time was called incorrectly. Translation loading for the fluentformpro domain was triggered too early. This is usually an indicator for some code in the plugin or theme running too early. Translations should be loaded at the init action or later. Please see Debugging in WordPress for more information. (This message was added in version 6.7.0.) in /home/punjabia/public_html/wp-includes/functions.php on line 6121

Notice: Function _load_textdomain_just_in_time was called incorrectly. Translation loading for the newscard domain was triggered too early. This is usually an indicator for some code in the plugin or theme running too early. Translations should be loaded at the init action or later. Please see Debugging in WordPress for more information. (This message was added in version 6.7.0.) in /home/punjabia/public_html/wp-includes/functions.php on line 6121
ਚੋਣ ਨਤੀਜੇ ਪੰਜਾਬ ਦੀ ਸਿਆਸੀ ਫਿਜ਼ਾ ’ਚ ਤਬਦੀਲੀ ਦੇ ਸੰਕੇਤ | Punjabi Akhbar | Punjabi Newspaper Online Australia

ਚੋਣ ਨਤੀਜੇ ਪੰਜਾਬ ਦੀ ਸਿਆਸੀ ਫਿਜ਼ਾ ’ਚ ਤਬਦੀਲੀ ਦੇ ਸੰਕੇਤ

ਚੋਣਾਂ ਨੇ ਫਿਰਕਾਪ੍ਰਸਤੀ ਨੂੰ ਸੱਟ ਮਾਰੀ ਤੇ ਧਰਮ ਨਿਰਪੱਖਤਾ ਦੇ ਹੱਕ ’ਚ ਫਤਵਾ

ਲੋਕ ਸਭਾ ਲਈ ਬੀਤੇ ਦਿਨ ਹੋਈਆਂ ਚੋਣਾਂ ਦੇ ਨਤੀਜੇ ਪੰਜਾਬ ਦੀ ਸਿਆਸੀ ਫਿਜ਼ਾ ਵਿੱਚ ਤਬਦੀਲੀ ਦੇ ਸੰਕੇਤ ਦੇ ਰਹੇ ਹਨ। ਸਮੁੱਚੇ ਦੇਸ਼ ਭਰ ਦੇ ਲੋਕਾਂ ਨੇ ਵੀ ਇਸ ਵਾਰ ਪਾਰਟੀਆਂ ਦੀ ਸੋਚ ਤੇ ਵਿਚਾਰਧਾਰਾ ਨੂੰ ਗਹੁ ਨਾਲ ਵਾਚਣ ਉਪਰੰਤ ਦੇਸ਼ ਦੇ ਹਿਤਾਂ ਨੂੰ ਧਿਆਨ ਵਿੱਚ ਰੱਖ ਕੇ ਆਪਣੀ ਵੋਟ ਦਾ ਇਸਤੇਮਾਲ ਕੀਤਾ ਹੈ। ਪਿਛਲੇ ਦਸ ਸਾਲਾਂ ਤੋਂ ਸੱਤਾ ਤੇ ਕਾਬਜ ਭਾਰਤੀ ਜਨਤਾ ਪਾਰਟੀ ਦੀ ਹਿੰਦੂਤਵ ਸੋਚ ਤੇ ਫਿਰਕਾਪ੍ਰਸਤੀ ਨੂੰ ਵੋਟਰਾਂ ਨੇ ਸੱਟ ਮਾਰੀ ਹੈ ਅਤੇ ਧਰਮ ਨਿਰਪੱਖਤਾ ਦੇ ਹੱਕ ਵਿੱਚ ਫਤਵਾ ਦੇਣ ਦਾ ਯਤਨ ਕੀਤਾ ਹੈ। ਕੇਂਦਰ ਵਿੱਚ ਕਿਸੇ ਵੀ ਪਾਰਟੀ ਦੀ ਸਰਕਾਰ ਬਣਾਈ ਜਾਵੇ, ਇਸ ਦੀ ਬਜਾਏ ਲੋਕਾਂ ਨੇ ਦੇਸ਼ ਦੀ ਏਕਤਾ ਤੇ ਅਖੰਡਤਾ, ਘੱਟ ਗਿਣਤੀਆਂ ਦੀ ਸੁਰੱਖਿਆ, ਗੁਆਂਢੀ ਦੇਸ਼ਾਂ ਨਾਲ ਸਬੰਧਾਂ ’ਚ ਨੇੜਤਾ, ਪ੍ਰੈਸ ਦੀ ਆਜ਼ਾਦੀ ਦੀ ਮਜਬੂਤੀ ਅਤੇ ਔਰਤਾਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖ ਕੇ ਆਪਣੀ ਰਾਇ ਵੋਟਾਂ ਰਾਹੀਂ ਪਰਤੱਖ ਕੀਤੀ ਹੈ।

ਇਹਨਾਂ ਚੋਣਾਂ ਦੇ ਨਤੀਜਿਆਂ ਨਾਲ ਭਾਵੇਂ ਸਮੁੱਚੇ ਦੇਸ਼ ਦੀ ਸਿਆਸਤ ਵਿੱਚ ਚਰਚਾ ਛਿੜੀ ਹੈ, ਪਰ ਪੰਜਾਬ ਦੀ ਸਿਆਸਤ ਵਿੱਚ ਤਾਂ ਕਾਫ਼ੀ ਉਥਲ ਪੁਥਲ ਹੋਣ ਦੀਆਂ ਸੰਭਾਵਨਾਵਾਂ ਉਜਾਗਰ ਹੋ ਗਈਆਂ ਹਨ। ਇਹਨਾਂ ਚੋਣਾਂ ਵਿੱਚ ਕਾਂਗਰਸ ਪਾਰਟੀ ਨੇ ਸੱਤ, ਆਮ ਆਦਮੀ ਪਾਰਟੀ ਨੇ ਤਿੰਨ, ਸ੍ਰੋਮਣੀ ਅਕਾਲੀ ਦਲ ਨੇ ਇੱਕ ਅਤੇ ਆਜ਼ਾਦ ਉਮੀਦਵਾਰਾਂ ਨੇ ਦੋ ਸੀਟਾਂ ਤੇ ਜਿੱਤ ਹਾਸਲ ਕੀਤੀ ਹੈ, ਜਦੋਂ ਕਿ ਭਾਜਪਾ, ਅਕਾਲੀ ਦਲ ਅੰਮਿ੍ਰਤਸਰ ਤੇ ਬਸਪਾ ਆਪਣਾ ਖਾਤਾ ਖੋਹਲਣ ਵਿੱਚ ਸਫ਼ਲ ਨਹੀਂ ਹੋ ਸਕੇ। ਇਹ ਨਤੀਜੇ ਬਹੁਤ ਹੈਰਾਨੀਜਨਕ ਹਨ, ਪੰਜਾਬ ਦੀ ਪ੍ਰਮੁੱਖ ਖੇਤਰੀ ਪਾਰਟੀ ਸ੍ਰੋਮਣੀ ਅਕਾਲੀ ਦਲ ਸਿਰਫ਼ ਇੱਕ ਬਠਿੰਡਾ ਸੀਟ ਤੋਂ ਜਿੱਤ ਹਾਸਲ ਕਰ ਸਕੀ ਹੈ, ਜਿੱਥੋਂ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਚੌਥੀ ਵਾਰ ਸੰਸਦ ਮੈਂਬਰ ਬਣੀ ਹੈ। ਇਹ ਪਾਰਟੀ ਲੰਬਾ ਸਮਾਂ ਪੰਜਾਬ ਤੇ ਰਾਜ ਕਰਦੀ ਰਹੀ ਹੈ ਅਤੇ ਪੰਜਾਬ ਦੇ ਲੋਕ ਇਸ ਪਾਰਟੀ ਤੇ ਬਹੁਤ ਮਾਣ ਤੇ ਵਿਸ਼ਵਾਸ ਕਰਦੇ ਰਹੇ ਹਨ। ਇਸ ਵਾਰ ਰਾਜ ਦੀਆਂ 13 ਸੀਟਾਂ ਚੋਂ ਸਿਰਫ਼ 13.42 ਫੀਸਦੀ ਵੋਟਾਂ ਹੀ ਮਸਾਂ ਹਾਸਲ ਕਰ ਸਕੀ, ਦਸ ਹਲਕਿਆਂ ਵਿੱਚ ਤਾਂ ਇਸ ਪਾਰਟੀ ਦੇ ਉਮੀਦਵਾਰਾਂ ਦੀਆਂ ਜਮਾਨਤਾਂ ਜਬਤ ਹੋ ਗਈਆਂ। ਕਈ ਹਲਕਿਆਂ ਵਿੱਚ ਉਸਦੇ ਉਮੀਦਵਾਰ ਭਾਜਪਾ ਤੋਂ ਵੀ ਪਛੜ ਗਏ। ਜਿਹੜੀ ਇੱਕ ਸੀਟ ਤੇ ਜਿੱਤ ਹਾਸਲ ਹੋਈ ਹੈ, ਇਹ ਕਿਵੇਂ ਹੋਈ ਹੈ ਇਹ ਵੀ ਹਲਕੇ ਤੇ ਲੋਕ ਚੰਗੀ ਤਰਾਂ ਜਾਣਦੇ ਹਨ, ਕਿ ਅੰਦਰ ਦੀ ਖਿਚੜੀ ਕਿਵੇਂ ਰਿਝਦੀ ਪੱਕਦੀ ਰਹੀ ਹੈ। ਅਕਾਲੀ ਦਲ ਲਈ ਇਹ ਏਨੀ ਮਾੜੀ ਹਾਲਤ ਕਾਫ਼ੀ ਚਿੰਤਾਜਨਕ ਹੈ। ਇੱਕ ਵਾਰ ਅਕਾਲੀ ਦਲ ਦੇ ਪੈਰ ਪੰਜਾਬ ਦੀ ਰਾਜਨੀਤੀ ਚੋਂ ਉੱਖੜ ਗਏ ਵਿਖਾਈ ਦਿੰਦੇ ਹਨ, ਦੁਬਾਰਾ ਪੈਰਾਂ ਤੇ ਖੜੇ ਹੋਣ ਲਈ ਅਕਾਲੀ ਦਲ ਨੂੰ ਕਾਫ਼ੀ ਮਿਹਨਤ ਕਰਨੀ ਪਵੇਗੀ। ਅਕਾਲੀ ਦਲ ਦੇ ਅੰਦਰ ਵੀ ਬਾਗੀ ਸੁਰਾਂ ਪੈਦਾ ਹੋਣ ਤੇ ਆਸਰ ਹਨ, ਪਰ ਬਾਦਲ ਪਰਿਵਾਰ ਦੀ ਇਸ ਗੱਲੋਂ ਹੀ ਬੱਚਤ ਹੈ ਕਿ ਦਲ ਦਾ ਕੋਈ ਵੀ ਆਗੂ ਚੋਣਾਂ ’ਚ ਵਧੀਆ ਕਾਰਗੁਜਾਰੀ ਨਹੀਂ ਵਿਖਾ ਸਕਿਆ। ਜਿਹੜੇ ਆਪਣੀਆਂ ਜਮਾਨਤਾਂ ਵੀ ਨਹੀਂ ਬਚਾ ਸਕੇ ਉਹ ਪਾਰਟੀ ਪ੍ਰਧਾਨ ਵਿਰੁੱਧ ਕੀ ਬੋਲਣਗੇ? ਜਦ ਕਿ ਬਾਦਲ ਪਰਿਵਾਰ ਆਪਣੀ ਪਰਿਵਾਰਕ ਸੀਟ ਦੀ ਜਿੱਤ ਦੀ ਉਦਾਹਰਣ ਦੇਣ ਦੇ ਕਾਬਲ ਹੈ। ਇਹਨਾਂ ਚੋਣਾਂ ਦਾ ਇੱਕ ਖੂਬਸੂਰਤ ਪਹਿਲੂ ਇਹ ਵੀ ਰਿਹਾ ਕਿ ਪੰਜਾਬ ਵਾਸੀਆਂ ਨੇ ਦਲਬਦਲੂਆਂ ਨੂੰ ਚੰਗਾ ਸਬਕ ਸਿਖਾਇਆ ਹੈ। ਅਜਿਹੇ ਆਗੂ ਸਮੇਂ ਸਮੇਂ ਕੁਰਸੀ ਦੀ ਭੁੱਖ ਦੂਰ ਕਰਨ ਲਈ ਪਾਰਟੀਆਂ ਬਦਲ ਕੇ ਲੋਕਾਂ ਨੂੰ ਬੁੱਧੂ ਬਣਾਉਣ ਦੇ ਯਤਨ ਕਰਦੇ ਰਹੇ ਹਨ। ਅਜਿਹੇ ਨੇਤਾਵਾਂ ਨੂੰ ਹਰਾ ਕੇ ਲੋਕਾਂ ਨੇ ਸ਼ੁਭ ਕੰਮ ਦੀ ਸੁਰੂਆਤ ਕੀਤੀ ਹੈ।

ਸੂਬੇ ਵਿੱਚ ਕਾਂਗਰਸ ਦੀ ਕਾਰਗੁਜਾਰੀ ਕਾਫ਼ੀ ਤਸੱਲੀਬਖ਼ਸ ਦਿਸਦੀ ਹੈ। ਜਿੱਤੇ ਸੱਤ ਸੰਸਦ ਮੈਂਬਰਾਂ ਵਿੱਚ ਸੁਖਜਿੰਦਰ ਸਿੰਘ ਰੰਧਾਵਾ ਵਰਗੇ ਸੁਘੜ ਸਿਆਸਤਦਾਨ, ਅਮਰਿੰਦਰ ਸਿੰਘ ਰਾਜਾ ਵੜਿੰਗ ਵਰਗੇ ਬੁਲਾਰੇ, ਚਰਨਜੀਤ ਸਿੰਘ ਚੰਨੀ ਵਰਗੇ ਗਰੀਬਾਂ ਦੇ ਹਮਦਰਦ, ਅਮਰ ਸਿੰਘ ਵਰਗੇ ਸੂਝਵਾਨ, ਧਰਮਵੀਰ ਗਾਂਧੀ ਵਰਗੇ ਲੋਕ ਆਗੂ, ਗੁਰਜੀਤ ਸਿੰਘ ਔਜਲਾ, ਸੇਰ ਸਿੰਘ ਘੁਬਾਇਆ ਵਰਗੇ ਤਜਰਬੇਕਾਰ ਨੇਤਾ ਸ਼ਾਮਲ ਹਨ। ਇਹਨਾਂ ਸੰਸਦ ਮੈਂਬਰਾਂ ਦੀ ਟੀਮ ਲੋਕ ਸਭਾ ਵਿੱਚ ਪੰਜਾਬ ਦੇ ਹਿਤਾਂ ਦੀ ਪ੍ਰਾਪਤੀ ਅਤੇ ਸੂਬੇ ਦੇ ਪੱਖ ਨੂੰ ਪੇਸ਼ ਕਰਨ ਦੇ ਪੂਰੀ ਤਰਾਂ ਕਾਬਲ ਤੇ ਸਮਰੱਥ ਹੈ। ਪੰਜਾਬ ਵਾਸੀਆਂ ਨੂੰ ਇਹਨਾਂ ਤੋਂ ਵੱਡੀਆਂ ਆਸਾਂ ਤੇ ਯਕੀਨ ਹੈ। ਆਮ ਆਦਮੀ ਪਾਰਟੀ ਪੰਜਾਬ ਵਿੱਚ ਸਰਕਾਰ ਹੋਣ ਦੇ ਬਾਵਜੂਦ ਸਿਰਫ਼ ਤਿੰਨ ਸੀਟਾਂ ਤੇ ਸਿਮਟ ਕੇ ਰਹਿ ਗਈ ਹੈ, ਮੁੱਖ ਮੰਤਰੀ ਭਗਵੰਤ ਮਾਨ ਸਾਰੀਆਂ ਤੇਰਾਂ ਸੀਟਾਂ ਤੇ ਜਿੱਤ ਹਾਸਲ ਕਰਨ ਦੇ ਦਾਅਵੇ ਕਰਦੇ ਨਹੀਂ ਸਨ ਥੱਕਦੇ, ਪਰ ਹਲਕਾ ਸੰਗਰੂਰ ਤੋਂ ਗੁਰਮੀਤ ਸਿੰਘ ਮੀਤ ਹੇਅਰ, ਸ੍ਰੀ ਅਨੰਦਪੁਰ ਸਾਹਿਬ ਤੋਂ ਮਲਵਿੰਦਰ ਸਿੰਘ ਕੰਗ ਤੇ ਹੁਸਿਆਰਪੁਰ ਤੋਂ ਰਾਜ ਕੁਮਾਰ ਚੱਬੇਵਾਲ ਹੀ ਜਿੱਤ ਪ੍ਰਾਪਤ ਕਰ ਸਕੇ ਹਨ। ਇਸ ਪਾਰਟੀ ਦੀ ਕਾਰਗੁਜਾਰੀ ਤੋਂ ਜਾਪਦਾ ਹੈ ਕਿ ਲੋਕਾਂ ਦਾ ਰਾਜ ਸਰਕਾਰ ਪ੍ਰਤੀ ਗੁੱਸਾ ਹੈ, ਉਹ ਆਪਣੇ ਕੀਤੇ ਵਾਅਦਿਆਂ ਨੂੰ ਨਿਭਾ ਨਹੀਂ ਸਕੀ। ਟਿਊਬਵੈਲਾਂ ਨੂੰ ਚੌਵੀ ਘੰਟੇ ਬਿਜਲੀ ਤੇ ਘਰਾਂ ਨੂੰ ਮੁਫ਼ਤ ਬਿਜਲੀ ਦਾ ਪਾਰਟੀ ਉਮੀਦਵਾਰਾਂ ਨੂੰ ਕਾਫ਼ੀ ਲਾਭ ਹਾਸਲ ਹੋਇਆ ਹੈ, ਪਰੰਤੂ ਮੁੱਖ ਮੰਤਰੀ ਦੇ ਗੁੰਮਰਾਹਕੁੰਨ ਵਾਅਦਿਆਂ ਤੇ ਦਾਅਵਿਆਂ ਨੂੰ ਲੋਕਾਂ ਨੇ ਚੰਗਾ ਨਹੀਂ ਸਮਝਿਆ। ਇਸਤੋਂ ਇਲਾਵਾ ਕੁੱਝ ਕੁ ਵਿਧਾਇਕਾਂ ਨੂੰ ਛੱਡ ਕੇ ਬਹੁਤਿਆਂ ਦਾ ਕੰਮ ਕਾਰ ਲੋਕਾਂ ਨੂੰ ਰਾਸ ਨਹੀਂ ਆ ਰਿਹਾ।

ਭਾਜਪਾ ਸੂਬੇ ਵਿੱਚ ਭਾਵੇਂ ਇੱਕ ਵੀ ਸੀਟ ਹਾਸਲ ਨਹੀਂ ਕਰ ਸਕੀ, ਬਲਕਿ ਬਹੁਤੇ ਉਮੀਦਵਾਰ ਜਮਾਨਤਾਂ ਵੀ ਨਹੀਂ ਬਚਾਅ ਸਕੇ। ਪਰ ਫੇਰ ਵੀ ਭਾਜਪਾ ਜਿਸਨੂੰ ਲੋਕ ਪਿੰਡਾਂ ਵਿੱਚ ਵੜਣ ਤੋਂ ਵੀ ਰੋਕਦੇ ਸਨ ਅਤੇ ਖੇਤੀ ਕਾਲੇ ਕਾਨੂੰਨਾਂ ਦੇ ਆਧਾਰ ਤੇ ਦੁਸ਼ਮਣਾਂ ਵਾਂਗ ਵੇਖਦੇ ਸਨ, ਉਹ ਪੰਜਾਬ ਦੇ ਹਰ ਸ਼ਹਿਰ ਪਿੰਡ ਤੱਕ ਪਹੁੰਚਣ ਵਿੱਚ ਸਫ਼ਲ ਦਿਖਾਈ ਦਿੰਦੀ ਹੈ। ਉਸਨੇ ਹਰ ਪਿੰਡ ਵਿੱਚੋਂ ਵੋਟ ਹਾਸਲ ਕੀਤੀ ਹੈ ਅਤੇ ਆਪਣੇ ਪੈਰ ਜਮਾਉਣ ਦਾ ਆਧਾਰ ਬਣਾ ਲਿਆ ਹੈ। ਇਸ ਪਾਰਟੀ ਦੀ ਕਾਰਗੁਜਾਰੀ ਨੂੰ ਮਾੜੀ ਨਹੀਂ ਕਿਹਾ ਜਾ ਸਕਦਾ, ਇਹ ਆਪਣੇ ਮਿਸ਼ਨ ਵੱਲ ਤੁਰਦਿਆਂ ਅੱਗੇ ਵਧਦੀ ਵਿਖਾਈ ਦੇ ਰਹੀ ਹੈ। ਦੋ ਆਜ਼ਾਦ ਜਿੱਤੇ ਸੰਸਦ ਮੈਂਬਰਾਂ ਚੋਂ ਖਡੂਰ ਸਾਹਿਬ ਤੋਂ ਜਿੱਤਿਆ ਅੰਮਿ੍ਰਤਪਾਲ ਸਿੰਘ ਡਿਬਰੂਗੜ ਜੇਲ ਵਿੱਚ ਬੰਦ ਹੈ, ਉਸਨੇ ਰਿਕਾਰਡਤੋੜ ਵੋਟਾਂ ਨਾਲ ਜਿੱਤ ਹਾਸਲ ਕੀਤੀ ਹੈ। ਉਸਦੇ ਵੱਡੀ ਜਿੱਤ ਹਾਸਲ ਕਰਨ ਦਾ ਅਸਲ ਕਾਰਨ ਕੇਂਦਰ ਸਰਕਾਰਾਂ ਵੱਲੋਂ ਪੰਜਾਬ ਦੇ ਲੋਕਾਂ ਖਾਸ ਕਰਕੇ ਸਿੱਖ ਭਾਈਚਾਰੇ ਨਾਲ ਕੀਤਾ ਜਾ ਰਿਹਾ ਵਿਤਕਰਾ ਹੈ। ਦੂਜਾ ਸਰਬਜੀਤ ਸਿੰਘ ਖਾਲਸਾ ਪ੍ਰਧਾਨ ਮੰਤਰੀ ਸ੍ਰੀਮਤੀ ਇੰਦਰਾ ਗਾਂਧੀ ਨੂੰ ਕਤਲ ਕਰਨ ਵਾਲੇ ਬੇਅੰਤ ਸਿੰਘ ਦਾ ਪੁੱਤਰ ਹੈ, ਇਸ ਨੇ ਲੋਕਾਂ ਦੀ ਜ਼ਮੀਰ ਨੂੰ ਟੁੰਬ ਕੇ ਅਤੇ ਆਪਣੇ ਪਿਤਾ ਵੱਲੋਂ ਹੇਠਾਂ ਡਿੱਗ ਪੱਗ ਨੂੰ ਚੁੱਕ ਕੇ ਮੁੜ ਸਿਰ ਤੇ ਰੱਖਣ ਦੇ ਨਾਅਰੇ ਹੇਠ ਵੋਟਾਂ ਲੈ ਕੇ ਜਿੱਤ ਪ੍ਰਾਪਤ ਕੀਤੀ ਹੈ। ਕੇਂਦਰ ਵਿੱਚ ਇਹ ਦੋਵੇਂ ਸੰਸਦ ਮੈਂਬਰ ਨਾ ਕਾਂਗਰਸ ਦਾ ਸਮਰਥਨ ਕਰ ਸਕਦੇ ਹਨ ਅਤੇ ਨਾ ਹੀ ਭਾਜਪਾ ਦਾ।

ਇਹਨਾਂ ਚੋਣਾਂ ਨੇ ਪੰਜਾਬ ਦੀ ਸਿਆਸਤ ਵਿੱਚ ਹਲਚਲ ਪੈਦਾ ਕਰ ਦਿੱਤੀ ਹੈ, ਕਿਉਂਕਿ ਇਸ ਦੇ ਨਤੀਜਿਆਂ ਨੂੰ ਅਗਲੀਆਂ 2027 ਦੀਆਂ ਵਿਧਾਨ ਸਭਾ ਚੋਣਾਂ ਦੇ ਸੰਦਰਭ ਵਿੱਚ ਵੇਖਿਆ ਜਾ ਰਿਹਾ ਹੈ। ਸ੍ਰੋਮਣੀ ਅਕਾਲੀ ਦਲ ਤੇ ਭਾਜਪਾ ਹਮੇਸ਼ਾਂ ਗੱਠਜੋੜ ਕਰਕੇ ਚੋਣਾਂ ਲੜਦੀਆਂ ਸਨ, ਇਸ ਵਾਰ ਵੱਖ ਵੱਖ ਹੋ ਕੇ ਚੋਣਾਂ ਲੜੀਆਂ ਅਤੇ ਸਿਰਫ਼ ਇੱਕ ਹੀ ਸੀਟ ਹਾਸਲ ਹੋਈ ਅਤੇ ਬਹੁਤੇ ਜਮਾਨਤਾਂ ਵੀ ਨਾ ਬਚਾਅ ਸਕੇ। ਇਸ ਲਈ ਦੋਵੇਂ ਬੁਰੀ ਤਰਾਂ ਨਿਰਾਸ਼ਾਂ ਦੇ ਆਲਮ ਵਿੱਚ ਹਨ, ਹੁਣ ਦੋਵੇਂ ਇਸ ਸਬੰਧੀ ਪਛਤਾਵਾ ਕਰਨਗੇ? ਅੱਗੇ ਲਈ ਫੇਰ ਗੱਠਜੋੜ ਕਰਨਗੇ? ਇਹ ਸੁਆਲ ਅੱਜ ਹਰ ਸੂਝਵਾਨ ਦੀ ਜ਼ੁਬਾਨ ਤੇ ਹੈ। ਭਾਜਪਾ ਸ਼ਾਇਦ ਇਕੱਲੇ ਤੌਰ ਤੇ ਪੰਜਾਬ ਵਿੱਚ ਪੈਰ ਜਮਾਉਣ ਤੇ ਜੋਰ ਦੇਵੇਗੀ, ਪਰ ਅਕਾਲੀ ਦਲ ਲਈ ਸਮਝੌਤਾ ਕਰਨਾ ਮਜਬੂਰੀ ਹੋ ਸਕਦੀ ਹੈ। ਜੇ ਗੱਠਜੋੜ ਹੋ ਜਾਵੇ ਤਾਂ ਭਾਜਪਾ ਦੀ ਪੰਜਾਬ ਵਿੱਚ ਚੜਤ ਹੋਣ ’ਚ ਰੁਕਾਵਟ ਵੀ ਪੈਦਾ ਹੋ ਸਕਦੀ ਹੈ।

ਅਕਾਲੀ ਦਲ ਵਿੱਚ ਆਈ ਗਿਰਾਵਟ ਤੇ ਆਮ ਆਦਮੀ ਪਾਰਟੀ ਵਿੱਚ ਪੈਦਾ ਹੋਈ ਖੜੋਤ ਦਾ ਕਾਂਗਰਸ ਲਾਭ ਉਠਾ ਸਕਦੀ ਦਿਖਾਈ ਦਿੰਦੀ ਹੈ ਅਤੇ ਅਜਿਹੇ ਯਤਨ ਵੀ ਕਰ ਰਹੀ ਹੈ। ਕਾਂਗਰਸ ਵਿੱਚ ਚਲਦੀ ਅੰਦਰੂਨੀ ਲੜਾਈ ਵੀ ਇਹਨਾਂ ਚੋਣਾਂ ਤੋਂ ਬਾਅਦ ਖਤਮ ਹੁੰਦੀ ਨਜਰ ਆ ਰਹੀ ਹੈ। ਆਮ ਆਦਮੀ ਪਾਰਟੀ ਦੀ ਸਰਕਾਰ ਹੋਣ ਕਾਰਨ ਉਸਨੂੰ ਲੋਕਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਅਗਲੀਆਂ ਚੋਣਾਂ ਮੌਕੇ ਉਸਨੂੰ ਪਹਿਲਾਂ ਵਰਗਾ ਸਹਿਯੋਗ ਮਿਲਦਾ ਨਜਰ ਨਹੀਂ ਆ ਰਿਹਾ। ਦੇਸ਼ ਪੱਧਰ ਤੇ ਵੇਖਿਆ ਜਾਵੇ ਤਾਂ ਕਾਂਗਰਸ ਤੇ ਆਮ ਆਦਮੀ ਪਾਰਟੀ ਦੋਵੇਂ ਹੀ ‘ਇੰਡੀਆ’ ਦੀਆਂ ਹਿੱਸੇਦਾਰ ਹਨ। ਅਗਲੀਆਂ ਚੋਣਾਂ ਵਿੱਚ ਜੇ ਇਹਨਾਂ ਦਾ ਗੱਠਜੋੜ ਨਹੀਂ ਹੋ ਸਕਦਾ ਅਤੇ ਅਕਾਲੀ ਦਲ ਤੇ ਭਾਜਪਾ ਦਾ ਗੱਠਜੋੜ ਹੋ ਜਾਂਦਾ ਹੈ, ਤਾਂ ਇਹ ਕੋਈ ਅਡਜਸਟਮੈਂਟ ਵੀ ਕਰ ਸਕਦੀਆਂ ਹਨ। ਸੂਬੇ ਵਿੱਚ ਖੱਬੀਆਂ ਪਾਰਟੀਆਂ ਨੇ ਵੀ ਆਪਣੀ ਵਿਚਾਰਧਾਰਾ ਲੋਕਾਂ ਦੇ ਰੂਬਰੂ ਕਰਨ ਲਈ ਚਾਰ ਹਲਕਿਆਂ ਵਿੱਚ ਚੋਣਾਂ ਲੜੀਆਂ ਹਨ ਅਤੇ ਪੰਜਾਬ ਵਾਸੀਆਂ ਨੇ ਉਹਨਾਂ ਦੇ ਵਿਚਾਰਾਂ ਨੂੰ ਸੁਣਿਆ ਹੈ। ਅੱਗੇ ਲਈ ਪੰਜਾਬ ਦੀ ਰਾਜਨੀਤੀ ਵਿੱਚ ਇਹਨਾਂ ਪਾਰਟੀਆਂ ਦੀ ਭੂਮਿਕਾ ਵੀ ਦਿਖਾਈ ਦੇਵੇਗੀ।

ਇਹ ਸਪਸ਼ਟ ਹੈ ਕਿ ਇਹਨਾਂ ਚੋਣਾਂ ਦੇ ਨਤੀਜੇ ਪੰਜਾਬ ਦੀ ਰਾਜਨੀਤੀ ਵਿੱਚ ਹਿੱਲ ਜੁੱਲ ਪੈਦਾ ਕਰਨਗੇ, ਜਿਸਦਾ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਅਸਰ ਵਿਖਾਈ ਦੇਵੇਗਾ।

ਬਲਵਿੰਦਰ ਸਿੰਘ ਭੁੱਲਰ
ਮੋਬਾ: 098882 75913