ਜੱਸੀ ਇਕ ਸੋਹਣਾ ਸੁਨੱਖਾ ਨੌਜਵਾਨ ਸੀ । ਉਸਦੀ ਹੁਣੇ ਹੀ ਵਿਸ਼ਵ ਵਿਦਿਆਲੇ ਵਿਚ ਨੌਕਰੀ ਲੱਗੀ ਸੀ । ਦਿਲ ਕੀਤਾ ਕੇ ਉਸਨੂੰ ਮਿਲ ਕੇ ਆਵਾਂ । ਕਮਰੇ ਵਿਚ ਉਸਦੇ ਕੋਲ ਇਕ ਲੜਕੀ ਬੈਠੀ ਸੀ । ਕੁਰਸੀ ਤੇ ਹਾਲੇ ਬੈਠ ਹੀ ਰਿਹਾ ਸੀ ਕਿ ਜੱਸੀ ਕਹਿੰਦਾ ਇਹ ਸ਼ਮੀਰੋ ਹੈ। ਆਪਣੇ ਇੱਥੇ ਹੀ ਪੜ੍ਹ ਰਹੀ ਹੈ । ਜੱਸੀ ਨੇ ਸੇਵਾਦਾਰ ਨੂੰ ਕਿਹਾ ਕਿ ਸਰ
ਵਾਸਤੇ ਵੀ ਚਾਹ ਦਾ ਕੱਪ ਤੇ ਪਕੌੜੇ ਲੈ ਆ । ਥੋੜੀ ਦੇਰ ਬਾਅਦ ਸੇਵਾਦਾਰ ਕੱਲੀ ਚਾਹ ਲੈ ਆਇਆ ਤੇ ਕਹਿੰਦਾ
-ਜੀ ਪਕੌੜੇ ਮੁੱਕ ਗਏ, ਲੰਚ ਟਾਇਮ ਹੋ ਗਿਆ ਜੀ ।
ਨਿੱਕੀਆਂ ਗੱਲਾਂ। ਤੋਂ ਬਾਅਦ ਲੱਗਾ ਕਿ ਮੈਂ ਉਹਨਾਂ ਦਾ ਟਾਇਮ ਖੲਾਬ ਕਰ ਰਿਹਾਂ ਸੋ ਉੱਥੋਂ ਕੰਮ ਦਾ ਬਹਾਨਾ ਲਾ ਕੇ ਉੱਠ ਆਇਆ ।
ਮੇਰਾ ਇਕ ਦੋਸਤ ਕਿਸੇ ਵੱਡੀ ਕੰਪਨੀ ਦਾ ਖੇਤਰੀ ਅਫਸਰ ਸੀ , ਇਕ ਦਿਨ ਉਹ ਮੈਨੂੰ ਆਪਣੇ ਜ਼ਿਲੇ ਵਿਚ ਕਾਰਖਾਨੇ ਦਾ ਮੁਆਇਨਾ ਕਰਨ ਨਾਲ ਲੈ ਗਿਆ । ਵੱਡੇ ਅਫਸਰ ਨੂੰ ਵੇਖ ਸੇਵਾਦਾਰ ਸਾਨੂੰ ਸਿੱਧਾ ਮੈਨੇਜਰ ਕੋਲ ਲੈ ਗਿਆ । ਮੈਨੂ ਵੇਖ ਕੇ ਮੈਨੇਜਰ ਸਾਹਿਬਾ ਖੁਸ਼ ਹੋ ਗਈ। ਇਹ ਤਾਂ ਸ਼ਮੀਰੋ ਹੀ ਸੀ । ਉਹਨਾਂ ਦੋਨਾਂ ਨੇ ਕਾਫੀ ਦਫਤਰੀ ਗੱਲਾਂ ਕੀਤੀਆਂ । ਇੰਨੇ ਚਿਰ ਵਿਚ ਚਾਹ ਤੇ ਸਮੋਸੇ ਆ ਗਏ । ਮੈਡਮ ਨੇ ਸੇਵਾਦਾਰ ਨੂੰ ਕਿਹਾ,
-ਤੈਨੂੰ ਤਾਂ ਪਨੀਰ ਦੇ ਪਕੌੜੇ ਕਿਹਾ ਸੀ।
-ਜੀ ਮੈਡਮ ਪਰ ਪਨੀਰ ਮੁੱਕ ਗਿਆ ਸੀ ਸੋ ਸਮੋਸੇ ਲੈ ਆਇਆ ਹਾਂ।
ਕੁਝ ਦੇਰ ਬਾਅਦ ਅਸੀਂ ਵਾਪਸ ਆ ਗਏ ।
ਨਾਲ ਦੇ ਸ਼ਹਿਰ ਦੇ ਇਕ ਕਾਲਜ ਵਿਚ ਮੇਰਾ ਲੈਕਚਰ ਰੱਖਿਆ ਹੋਇਆ ਸੀ । ਉੱਥੇ ਹੋਰ ਵੀ ਲੋਕ ਆਏ ਹੋਏ ਸਨ । ਮੇਰੇ ਸਾਹਮਣੇ ਇਕ ਜੋੜਾ ਬੈਠਾ ਸੀ । ਪਹਿਲਾਂ ਤਾਂ ਮੈਂ ਧਿਆਨ ਨਾ ਦਿੱਤਾ, ਥੋੜੀ ਦੇਰ ਬਾਅਦ ਯਾਦ ਆਇਆ ਕੇ ਇਹ ਤਾਂ ਸ਼ਮੀਰੋ ਹੈ। ਸ਼ਾਇਦ ਨਾਲ ਘਰਵਾਲਾ ਹੋਵੇਗਾ । ਉਸਨੇ ਮੈਂਨੂੰ ਅੱਖੋਂ ਪਰੋਖੇ ਕਰ ਦਿੱਤਾ । ਮੈਂ ਵੀ ਚੁੱਪ ਰਹਿਣ ਚ ਭਲਾਈ ਸਮਝੀ ॥ਥੋੜੀ ਦੇਰ ਚ ਚਾਹ ਸਮੋਸੇ ਤੇ ਮਠਿਆਈ ਆ ਗਈ । ਪ੍ਰਿਸੀਪਲ ਨੇ ਦੱਸਿਆ ਕੇ ਸਾਡੇ ਇੱਥੇ ਪਨੀਰ ਦੇ ਪਕੌੜੇ ਬਣਦੇ ਹਨ, ਪਰ ਅੱਜ ਬੁੱਧਵਾਰ ਹਲਵਾਈ ਛੁੱਟੀ ਕਰਦਾ ਹੈ । ਸ਼ਮੀਰੋ ਦਾ ਹਾਸਾ ਨਿਕਲਣੋਂ ਮਸੀਂ ਬਚਿਆ, ਉਹ ਹਾਸਾ ਜੀਰ ਗਈ , ਪਰ ਮੇਰੀਆਂ ਨਜ਼ਰਾਂ ਤੋ ਬਚ ਨਾ ਸਕੀ । ਮੈਂ ਵੀ ਮੂੰਹ ਫੇਰ ਲਿਆ, ਜਿਵੇਂ ਮੈਨੂੰ ਵੀ ਕੁਝ ਯਾਦ ਨਾ ਆਇਆ ਹੋਵੇ।
ਕੁਝ ਦੋਸਤਾਂ ਦੇ ਸੱਦੇ ਤੇ ਆਸਟਰੇਲੀਆ ਆਇਆ ਸੀ। ਇੱਥੇ ਸਾਡੇ ਪੁਰਾਣੇ ਵਿਦਿਆਰਥੀਆਂ ਦੀ ਜੱਥੇਬੰਦੀ ਨੇ ਸਮਾਗਮ ਰੱਖਿਆ ਸੀ । ਸੰਗੀਤ ਚੱਲ ਰਿਹਾ ਸੀ ਤੇ ਲੋਕ ਖਾ ਪੀ ਰਹੇ ਸਨ । ਮੈਂ ਸੰਗਦਾ ਇਕ ਟੇਬਲ ਤੇ ਬੈਠਾ ਠੰਡਾ ਪੀ ਰਿਹਾ ਸੀ । ਡਾਂਸ ਕਰਨਾ ਮੇਰੇ ਵੱਸ ਦਾ ਰੋਗ ਨਹੀਂ ਸੀ । ਅਚਾਨਕ ਇਕ ਔਰਤ ਪਲੇਟ ਵਿਚ ਖਾਣ ਦਾ ਸਮਾਨ ਲੈਕੇ ਮੇਰੇ ਕੋਲ ਆਈ ਤੇ ਗੁੱਡ
ਇਵਨਿੰਗ ਕਿਹਾ। ਮੈਂ ਜਵਾਬ ਦੇਕੇ ਜਦ ਦੇਖਿਆ ਤਾਂ ਉਹ ਔਰਤ ਸ਼ਮੀਰੋ ਸੀ ।
ਉਹ ਮੇਰੇ ਕੋਲ ਹੀ ਬਹਿ ਗਈ । ਉਸਨੇ ਦੱਸਿਆ ਕਿ ਪਹਿਲੋਂ ਜੱਸੀ ਨੇ ਵਿਆਹ ਤੋਂ ਨਾਂਹ ਕਰਤੀ, ਕਿਉਂਕਿ ਉਸਦੇ ਘਰਦੇ ਬਰਾਦਰੀ ਤੋਂ ਬਾਹਰ ਵਿਆਹ ਨੂੰ ਨਹੀਂ ਮੰਨੇ । ਫੇਰ ਉਸਨੇ ਕੰਪਨੀ ਚ ਨੌਕਰੀ ਕਰ ਲਈ। ਉੱਥੇ ਉਹ ਬੋਰ ਹੋ ਗਈ । ਉਸਤੋਂ ਬਾਅਦ ਇਕ ਕਾਲਜ ਚ ਲੱਗ ਗਈ । ਇੱਥੇ ਰੂਪੀ ਮਿਲ ਗਿਆ। ਕਈ ਸਾਲ ਉਸ ਨਾਲ ਕੱਟੇ। ਪਰ ਮੇਰੇ ਅੰਦਰ ਆਸਟਰੇਲੀਆ ਦਾ ਭੂਤ ਸਵਾਰ ਹੋ ਗਿਆ ਤੇ ਮੈਂ ਉਸਨੂੰ ਛੱਡ ਕਿਸੇ ਤਰੀਕੇ ਇੱਥੇ ਪਹੁੰਚ ਗਈ ।
-ਮਤਲਬ ਪਨੀਰ ਦਾ ਪਕੌੜਾ ਤੈਨੂੰ ਵੀ ਨਹੀਂ ਮਿਲਿਆ ?
-ਹਾਂ ਕਹਿ ਸਕਦੇ ਹਾਂ ।
-ਚੱਲ ਕੋਈ ਨੀ ਇੱਥੇ ਕੋਸ਼ਿਸ਼ ਕਰ ਲਾ ।
-ਹਾਂ ਮਿਲ ਤਾਂ ਜਾਊ ਕੋਈ ਪਰ ਹੁਣ ਮਿਲੂ ਕੋਈ ਛੁੱਟੜ ਹੀ । ਪਨੀਰ ਦੇ ਪਕੌੜੇ ਤਾਂ ਉਮਰ ਨਾਲ ਹੀ ਮਿਲਦੇ ਆ।
-ਜਨਮੇਜਾ ਸਿੰਘ ਜੌਹਲ
ਕਿਤਾਬ ਸ਼ਮੀਰੋ ਵਿੱਚੋਂ