ਅਜੌਕੇ ਦੌਰ ਵਿਚ ਮਨੁੱਖ ਦਾ ਸਮੁੱਚਾ ਧਿਆਨ ਚੰਗੇ ਅਤੇ ਸਫ਼ਲ ਭਵਿੱਖ ਲਈ ਯਤਨ ਕਰਨ ਵਿਚ
ਲੱਗਾ ਹੋਇਆ ਹੈ। ਹੈਰਾਨੀ ਹੁੰਦੀ ਹੈ ਜਦੋਂ ਅਸੀਂ ਇਹ ਦੇਖਦੇ ਹਾਂ ਕਿ ਅੱਜ ਦਾ ਮਨੁੱਖ
ਵਰਤਮਾਨ ਵਿਚ ਜਿਉਣਾ ਲਗਭਗ ਭੁੱਲਦਾ ਜਾ ਰਿਹਾ ਹੈ। ਅੱਜ ਦੀਆਂ ਚਿੰਤਾਵਾਂ/ ਸੰਭਾਵਨਾਵਾਂ
ਵੱਲ ਕਿਸੇ ਦਾ ਧਿਆਨ ਨਹੀਂ। ਬੱਸ, ਆਉਣ ਵਾਲੇ ਜੀਵਨ ਲਈ ਬਹੁਤ ਸਾਰਾ ਧਨ, ਭਵਿੱਖ ਵਿਚ
ਚੰਗੀ ਨੌਕਰੀ, ਵੱਡਾ ਮਕਾਨ ਅਤੇ ਤੰਦਰੁਸਤ ਸਰੀਰ। ਅੱਜ ਦੇ ਮਨੁੱਖ ਦੀ ਸੋਚ ਬਸ ਇੱਥੋਂ
ਤੱਕ ਸੀਮਤ ਹੋ ਕੇ ਰਹਿ ਗਈ ਹੈ। ਇਹ ਬਹੁਤ ਮੰਦਭਾਗਾ ਵਰਤਾਰਾ ਕਿਹਾ ਜਾ ਸਕਦਾ ਹੈ।
ਵਿਦਵਾਨਾਂ ਦਾ ਕਹਿਣਾ ਹੈ ਕਿ ਜੇਕਰ ਧਿਆਨ ਨਾਲ ਦੇਖਿਆ ਜਾਵੇ ਤਾਂ ਅੱਜ ਦੀਆਂ ਲੋੜਾਂ
ਅਤੇ ਸਮੱਸਿਆਵਾਂ ਕੁੱਝ ਹੋਰ ਹਨ ਪਰੰਤੂ! ਮਨੁੱਖ ਕਿਸੇ ਹੋਰ ਪਾਸੇ ਵੱਲ ਨੂੰ ਜਾ ਰਿਹਾ
ਹੈ। ਵੱਡੀ ਗਿਣਤੀ ਵਿਚ ਸੰਤਾਂ-ਮਹਾਪੁਰਸ਼ਾਂ ਦਾ ਧਿਆਨ ਅਤੇ ਜੋ਼ਰ ਆਮ ਲੋਕਾਂ ਨੂੰ
ਸੁਧਾਰਨ ਵਿਚ ਲੱਗਾ ਹੋਇਆ ਹੈ। ਪਰੰਤੂ ਖੁਦ ਕੋਈ ਨਹੀਂ ਸੁਧਰਨਾ ਚਾਹੁੰਦਾ। ਜਦ ਕਿ
ਗੁਰਬਾਣੀ ਦਾ ਫੁਰਮਾਨ ਹੈ;
‘ਆਪੁ ਸਵਾਰਹਿ ਮਹਿ ਮਿਲੇ
ਮੈ ਮਿਲਿਆ ਸੁਖਿ ਹੋਇ॥’ (ਗੁਰੂ ਗ੍ਰੰਥ ਸਾਹਿਬ ਜੀ, ਅੰਗ- 1382)
ਭਾਵ ਆਪਣੇ ਆਪ ਨੂੰ ਸਵਾਰ ਲਵੋ/ ਬਦਲ ਲਵੋ; ਸਾਰੀ ਦੁਨੀਆਂ ਆਪਣੇ- ਆਪ ਬਦਲ ਜਾਵੇਗੀ।
ਪਰ! ਬਦਕਿਸਮਤੀ ਅੱਜ ਦਾ ਦੌਰ ਦੂਜੇ ਨੂੰ ਬਦਲਣ ਦਾ ਦੌਰ ਹੈ। ਹਰ ਮਨੁੱਖ ਦੂਜੇ ਦੇ
ਅਵਗੁਣਾਂ ਨੂੰ ਦੇਖਦਾ ਹੈ/ ਨੋਟ ਕਰਦਾ ਹੈ। ਪਰੰਤੂ ਆਪਣੇ ਅਵਗੁਣਾਂ/ ਕਮਜ਼ੋਰੀਆਂ ਵੱਲ
ਕਿਸੇ ਦਾ ਧਿਆਨ ਨਹੀਂ। ਜੇਕਰ ਕੋਈ ਆਪਣੀਆਂ ਕਮਜ਼ੋਰੀਆਂ ਨੂੰ ਦੇਖਦਾ ਹੀ ਨਹੀਂ ਤਾਂ ਫਿਰ
ਸੁਧਾਰ ਕਰਨ ਦੀ ਗੱਲ ਕੋਰੀ ਕਲਪਣਾ ਜਾਪਦੀ ਹੈ। ਬੰਦਾ ਉਸ ਵੇਲੇ ਹੀ ਸੁਧਾਰ ਦੀ ਆਸ ਰੱਖ
ਸਕਦਾ ਹੈ ਜਦੋਂ ਉਸਨੂੰ ਆਪਣੀ ਕਮੀ ਬਾਰੇ ਪਤਾ ਲੱਗੇ। ਪਰ, ਜੇਕਰ ਬੰਦੇ ਨੂੰ ਆਪਣੀ ਕਮੀ
ਦਾ ਪਤਾ ਹੀ ਨਾ ਲੱਗੇ ਤਾਂ ਉਸਦੇ ਸੁਧਾਰ ਦੀ ਕੋਈ ਉਮੀਦ ਨਹੀਂ ਹੁੰਦੀ।
ਗੁਰਬਾਣੀ ਦਾ ਸਿਧਾਂਤ ਵੱਖਰਾ ਅਤੇ ਨਿਵੇਕਲਾ ਹੈ। ਗੁਰਮਤਿ ਵਿਚਾਰਧਾਰਾ ਮਨੁੱਖ ਨੂੰ
ਆਪਣੇ ਅਵਗੁਣਾਂ ਦਾ ਗਿਆਨ ਕਰਵਾਉਂਦੀ ਹੈ। ਗੁਰਬਾਣੀ ਦਾ ਫੁਰਮਾਨ ਹੈ;
‘ਹਮ ਨਹੀਂ ਚੰਗੇ ਬੁਰਾ ਨਹੀਂ ਕੋਇ॥’ (ਗੁਰੂ ਗ੍ਰੰਥ ਸਾਹਿਬ ਜੀ, ਅੰਗ-728)
ਪਰੰਤੂ ਅੱਜ ਦਾ ਮਨੁੱਖ ਆਪਣੇ- ਆਪ ਵਿਚ ਕਿਸੇ ਅਵਗੁਣ ਨੂੰ ਸਹਿਣ ਨਹੀਂ ਕਰਦਾ; ਪਹਿਲੀ
ਗੱਲ ਤਾਂ ਕੋਈ ਅਵਗੁਣ ਦੱਸਦਾ ਹੀ ਨਹੀਂ ਅਤੇ ਜੇਕਰ ਕੋਈ ਦੱਸਣ ਦਾ ਯਤਨ ਕਰੇ ਤਾਂ ਉਸ
ਨਾਲੋਂ ਮਿੱਤਰਤਾ ਖ਼ਤਮ ਹੋ ਜਾਂਦੀ ਹੈ।
ਇੱਥੇ ਧਿਆਨ ਦੇਣ ਵਾਲੀ ਖ਼ਾਸ ਗੱਲ ਇਹ ਹੈ ਕਿ ਸੱਚਾ ਮਿੱਤਰ ਉਹ ਨਹੀਂ ਹੁੰਦਾ ਜਿਹੜਾ ਹਰ
ਗੱਲ ਵਿਚ ਹਾਮੀ ਭਰੇ / ਹਾਂ ਵਿਚ ਹਾਂ ਮਿਲਾਵੇ ਬਲਕਿ ਸੱਚਾ ਮਿੱਤਰ ਉਹ ਹੁੰਦਾ ਹੈ
ਜਿਹੜਾ ਮਨੁੱਖ ਦੀਆਂ ਕਮੀਆਂ/ ਕਮਜ਼ੋਰੀਆਂ ਨੂੰ ਸਮਝ ਕੇ ਉਸ ਵਿਚ ਸੁਧਾਰ ਲਈ ਸੁਝਾਅ
ਦੇਵੇ।
ਇਸ ਲਈ ਮਨੁੱਖ ਨੂੰ ਚਾਹੀਦਾ ਹੈ ਕਿ ਉਹ ਦੂਜਿਆਂ ਨੂੰ ਗਿਆਨ ਦੇਣ ਦੀ ਬਜਾਏ ਪਹਿਲਾਂ
ਖ਼ੁਦ ਅਮਲ ਕਰਨਾ ਆਰੰਭ ਕਰੇ। ਜਿਸ ਵੇਲੇ ਮਨੁੱਖ ਆਪਣੀ ਕਮੀਆਂ ਨੂੰ ਪਛਾਣ ਲਵੇਗਾ ਤਾਂ
ਉਹ ਸੁਧਾਰ ਵੱਲ ਧਿਆਨ ਦੇਣਾ ਸ਼ੁਰੂ ਕਰ ਦੇਵੇਗਾ। ਇਹ ਧਿਆਨ ‘ਚੰਗੇ ਰਾਹ’ ਦਾ ਪਹਿਲਾ
ਕਦਮ ਕਿਹਾ ਜਾ ਸਕਦਾ ਹੈ।
ਸੋ ਦੋਸਤੋ, ਇਸ ਚੰਗੇ ਰਾਹ ਦੇ ਮੁਸਾਫ਼ਰ ਬਣੀਏ। ਆਪਣੀਆਂ ਕਮੀਆਂ/ ਕਮਜ਼ੋਰੀਆਂ ਨੂੰ
ਸਮਝੀਏ ਅਤੇ ਸੁਧਾਰ ਵੱਲ ਕਦਮ ਪੁੱਟੀਏ ਤਾਂ ਕਿ;
‘ਇਹ ਲੋਕ ਸੁਖੀਏ ਪਰਲੋਕੁ ਸੁਹੇਲੇ
ਨਾਨਕ ਹਰਿ ਪ੍ਰਭਿੁ ਆਪੇ ਮੇਲੇ॥’ (ਗੁਰੂ ਗ੍ਰੰਥ ਸਾਹਿਬ ਜੀ, ਅੰਗ- 292, 293)
ਚੰਗੇ ਅਤੇ ਨਰੋਏ ਸਮਾਜ ਲਈ ਆਪਣੇ ਆਪ ਨੂੰ ਬਦਲੋ; ਸਮਾਜ ਖ਼ੁਦ ਬ ਖ਼ੁਦ ਬਦਲ ਜਾਵੇਗਾ।
ਇਸ ਬਦਲਾਅ ਲਈ ਆਪਣੇ ਅੰਦਰ ਝਾਤੀ ਮਾਰਨ ਦੀ ਸਖ਼ਤ ਲੋੜ ਹੈ ਤਾਂ ਕਿ ਬਦਲਾਅ ਦੀ ਸ਼ੁਰੂਆਤ
ਖ਼ੁਦ ਤੋਂ ਕੀਤੀ ਜਾ ਸਕੇ।
ਡਾ: ਨਿਸ਼ਾਨ ਸਿੰਘ ਰਾਠੌਰ
@1054/1, ਵਾ: ਨੰ: 15-ਏ, ਭਗਵਾਨ ਨਗਰ ਕਾਲੌਨੀ, ਪਿਪਲੀ, ਕੁਰੂਕਸ਼ੇਤਰ
ਸੰਪਰਕ: 90414-98009