ਸਾਬਕਾ ਅਮਰੀਕੀ ਰਾਸ਼ਟਰਪਤੀ ਟਰੰਪ ਦੀਆਂ ਵਧ ਸਕਦੀਆਂ ਹਨ ਮੁਸ਼ਕਲਾਂ, ਜੱਜ ਨੇ ‘ਹਸ਼ ਮਨੀ’ ਦੇ ਮਾਮਲੇ ‘ਚ ਸੁਣਵਾਈ ਦੀ ਤਰੀਕ ਕੀਤੀ ਤੈਅ

ਨਿਊਯਾਰਕ, 28 ਮਾਰਚ (ਰਾਜ ਗੋਗਨਾ)-ਹਸ਼‘ ਮਨੀ ਵਿੱਚ ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਸਟੋਰਮੀ ਡੇਨੀਅਲਸ ਨੂੰ ਚੁੱਪ ਕਰਾਉਣ ਲਈ ਪੈਸੇ ਦੇਣ ਦੇ ਮਾਮਲੇ ਵਿੱਚ ਮੁਸ਼ਕਲਾਂ ਟਰੰਪ ਵਧ ਸਕਦੀਆਂ ਹਨ। ਮੀਡੀਆ ਰਿਪੋਰਟਾਂ ਮੁਤਾਬਕ ਅਮਰੀਕੀ ਰਾਸ਼ਟਰਪਤੀ ਚੋਣਾਂ ‘ਚ ਰਿਪਬਲਿਕਨ ਉਮੀਦਵਾਰ ਟਰੰਪ ਦੇ ਖਿਲਾਫ ਮਾਮਲੇ ‘ਚ ਸੁਣਵਾਈ ਦੀ ਤਰੀਕ ਤੈਅ ਕੀਤੀ ਗਈ ਹੈ। ਨਿਊਯਾਰਕ ਦੇ ਜੱਜ ਨੇ ਇਸ ਕੇਸ ਦੀ ਸੁਣਵਾਈ 15 ਅਪ੍ਰੈਲ ਨੂੰ ਤੈਅ ਕਰ ਦਿੱਤੀ ਹੈ।

ਟਰੰਪ ਖਿਲਾਫ ਇਹ ਪਹਿਲਾ ਅਪਰਾਧਿਕ ਮਾਮਲਾ ਹੋਵੇਗਾ। ਅਤੇ ਟਰੰਪ ਨੇ ਜੱਜ ਨੂੰ ਸੁਣਵਾਈ ਮੁਲਤਵੀ ਕਰਨ ਲਈ ਕਿਹਾ, ਜ਼ਿਕਰਯੋਗ ਹੈ ਕਿ ਬੀਤੇਂ ਦਿਨ ਸੋਮਵਾਰ ਨੂੰ ਸੁਣਵਾਈ ਦੌਰਾਨ ਟਰੰਪ ਨੇ ਜੱਜ ਨੂੰ ਸੁਣਵਾਈ ਮੁਲਤਵੀ ਕਰਨ ਦੀ ਬੇਨਤੀ ਕੀਤੀ ਸੀ। ਹਾਲਾਂਕਿ, ਜੱਜ ਜੁਆਨ ਮਰਚਨ ਨੇ ਟਰੰਪ ਦੀਆਂ ਸਾਰੀਆਂ ਬੇਨਤੀਆਂ ਨੂੰ ਠੁਕਰਾ ਦਿੱਤਾ ਅਤੇ ਮੁਕੱਦਮੇ ਦੀ ਸੁਣਵਾਈ 15 ਅਪ੍ਰੈਲ ਤੋਂ ਸ਼ੁਰੂ ਕਰਨ ਦਾ ਆਦੇਸ਼ ਦਿੱਤਾ। ਰਿਪੋਰਟ ਮੁਤਾਬਕ ਟਰੰਪ ਦੇ ਖਿਲਾਫ ਮੁਕੱਦਮਾ ਸੋਮਵਾਰ ਨੂੰ ਸ਼ੁਰੂ ਹੋਣਾ ਸੀ, ਪਰ ਆਖਰੀ ਸਮੇਂ ‘ਤੇ ਮੈਨਹਟਨ ਜ਼ਿਲਾ ਅਟਾਰਨੀ ਐਲਵਿਨ ਬ੍ਰੈਗ ਦਾ ਦਫਤਰ ਮੁਕੱਦਮੇ ‘ਚ ਦੇਰੀ ਕਰਨ ਲਈ ਤਿਆਰ ਹੋ ਗਿਆ

ਸਾਬਕਾ ਰਾਸ਼ਟਰਪਤੀ ਟਰੰਪ ‘ਤੇ 2016 ਦੀਆਂ ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ ਆਪਣੇ ਕਥਿਤ ਸਬੰਧਾਂ ਬਾਰੇ ਚੁੱਪ ਰਹਿਣ ਲਈ ਬਾਲਗ ਫਿਲਮ ਸਟਾਰ ਸਟੋਰਮੀ ਡੈਨੀਅਲ ਨੂੰ 130,000 ਅਮਰੀਕੀ ਡਾਲਰ ਦਾ ਭੁਗਤਾਨ ਕਰਨ ਦਾ ਦੋਸ਼ ਹੈ। ਟਰੰਪ ਨੇ ਇਹ ਰਕਮ ਆਪਣੇ ਤਤਕਾਲੀ ਮੈਨੇਜਰ ਮਾਈਕਲ ਕੋਹੇਨ ਰਾਹੀਂ ਅਦਾ ਕੀਤੀ ਸੀ। ਇਸ ਤੋਂ ਇਲਾਵਾ ਉਸ ‘ਤੇ ਕਾਰੋਬਾਰੀ ਰਿਕਾਰਡ ‘ਚ ਹੇਰਾਫੇਰੀ ਕਰਨ ਦਾ ਵੀ ਦੋਸ਼ ਹੈ। ਹਾਲਾਂਕਿ, ਟਰੰਪ ਨੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ ਅਤੇ ਆਪਣੇ ਆਪ ਨੂੰ ਦੋਸ਼ੀ ਨਹੀਂ ਮੰਨਿਆ ਹੈ।