ਇਟਲੀ ‘ਚ ਭਾਰਤੀ ਭਾਈਚਾਰੇ ਦੀ ਕੁੜੀ ਨੇ ਗੱਡੇ ਝੰਡੇ, ਡਿਗਰੀ ‘ਚੋਂ ਹਾਸਲ ਕੀਤੇ 110/110 ਅੰਕ

ਇਟਲੀ ਵਿਚ ਇਨੀਂ ਦਿਨੀ ਭਾਰਤੀ ਭਾਈਚਾਰੇ ਖਾਸ ਕਰਕੇ ਪੰਜਾਬੀ ਭਾਈਚਾਰੇ ਦੇ ਇਟਲੀ ਵਿਚ ਜਨਮੇ ਬੱਚੇ ਪੜ੍ਹਾਈ ਵਿਚ ਮੱਲਾਂ ਮਾਰ ਰਹੇ ਹਨ। ਇਸ ਲੜੀ ਨੂੰ ਅੱਗੇ ਤੋਰਦਿਆਂ ਹਰਿਆਣਾ ਦੇ ਕਰਨਾਲ ਜ਼ਿਲ੍ਹੇ ਅੰਦਰ ਪੈਂਦੇ ਪਿੰਡ ਜੂੰਡਲਾਂ ਤੋਂ 1993 ਵਿੱਚ ਕੰਮ ਕਾਰ ਲਈ ਇਟਲੀ ਆਏ ਸਤੀਸ਼ ਕੁਮਾਰ ਅਤੇ ਸ਼ਸ਼ੀ ਬਾਲਾ ਦੀ ਬੇਟੀ ਅਲੀਸ਼ਾ ਕੁਮਾਰ ਨੇ ਪੜ੍ਹਾਈ ਵਿਚ ਅੱਵਲ ਦਰਜਾ ਪ੍ਰਾਪਤ ਕਰਕੇ ਆਪਣਾ ਨਾਮ ਦਰਜ ਕਰਵਾਇਆ ਹੈ।

ਇਹ ਪਰਿਵਾਰ ਇਟਲੀ ਦੀ ਲੋਂਮਬਰਦੀਆ ਸਟੇਟ ਅੰਦਰ ਪੈਂਦੇ ਜ਼ਿਲ੍ਹਾ ਲੋਧੀ ਦੇ ਸ਼ਹਿਰ ਉਸਾਝੋ ਵਿਖੇ ਰਹਿੰਦਾ ਹੈ। ਅਲੀਸ਼ਾ ਕੁਮਾਰ ਜਿਸਦਾ ਜਨਮ ਇਟਲੀ ਦਾ ਹੈ ਉਸਨੇ ਸਤੰਬਰ 2018 ਵਿੱਚ “ਉਨੀਵਰਸੀਤਾ ਕਾਤੋਲੀਕਾ ਦੈਲ ਸਾਕਰੋ ਕੂਓਰੇ” ਪਿਆਚੇਂਸਾ ਤੋਂ ਗਲੋਬਲ ਬਿਜਨਸ ਮੈਨੇਜਮੈਂਟ ਦੀ ਪੜ੍ਹਾਈ ਸ਼ੁਰੂ ਕੀਤੀ ਸੀ।

ਬੀਤੀ 23 ਫਰਵਰੀ ਨੂੰ ਅਲੀਸ਼ਾ ਕੁਮਾਰ ਨੂੰ ਗਲੋਬਲ ਬਿਜਨਸ ਮੈਨੇਜਮੈਂਟ ਦੇ ਫਾਈਨਲ ਦੀ ਡਿਗਰੀ ਮਿਲੀ। ਜਿਸ ਵਿੱਚ ਉਸਨੇ 110 ਵਿੱਚੋਂ 110 ਨੰਬਰ ਪ੍ਰਾਪਤ ਕੀਤੇ। ਉਸ ਦੀ ਇਸ ਉਪਲਬਧੀ ਤੇ ਬੋਲਦਿਆਂ ਯੂਨੀਵਰਸਿਟੀ ਦੇ ਕਮਿਸ਼ਨ ਦੇ ਅਧਿਕਾਰੀਆਂ ਵੱਲੋਂ 110 ਵਿੱਚੋਂ 110 ਅੰਕ ਹਾਸਲ ਕਰਨ ਤੇ ਉਸਦੀ ਪ੍ਰਸ਼ੰਸਾ ਕੀਤੀ।