ਉੱਤਰੀ-ਮੱਧ ਪੱਛਮੀ ਅਫ਼ਰੀਕੀ ਦੇਸ਼ ਲਾਇਬੇਰੀਆ ਵਿੱਚ ਇੱਕ ਗੈਸ ਟੈਂਕਰ ਵਿੱਚ ਹੋਏ ਧਮਾਕੇ ਵਿੱਚ ਘੱਟੋ-ਘੱਟ 40 ਲੋਕਾਂ ਦੀ ਮੌਤ ਹੋ ਗਈ। ਇਸ ਦੇ ਨਾਲ ਹੀ ਦਰਜਨਾਂ ਲੋਕ ਗੰਭੀਰ ਜ਼ਖ਼ਮੀ ਹੋ ਗਏ। ਰਾਇਟਰਜ਼ ਦੀ ਰਿਪੋਰਟ ਮੁਤਾਬਕ ਇਹ ਘਟਨਾ ਮੰਗਲਵਾਰ (26 ਦਸੰਬਰ) ਦੇਰ ਰਾਤ ਵਾਪਰੀ। ਫਿਲਹਾਲ ਗੰਭੀਰ ਰੂਪ ‘ਚ ਝੁਲਸੇ ਲੋਕਾਂ ਨੂੰ ਇਲਾਜ ਲਈ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਮਰਨ ਵਾਲਿਆਂ ਦੀ ਗਿਣਤੀ ਵਧ ਸਕਦੀ ਹੈ।
ਪੱਛਮੀ ਅਫਰੀਕੀ ਦੇਸ਼ ਦੇ ਮੁੱਖ ਮੈਡੀਕਲ ਅਫਸਰ ਫਰਾਂਸਿਸ ਕਾਟੇਹ ਨੇ ਬੁੱਧਵਾਰ ਨੂੰ ਕਿਹਾ ਕਿ ਗੈਸ ਟੈਂਕਰ ਦੇ ਧਮਾਕੇ ਵਿੱਚ ਹੁਣ ਤੱਕ 40 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਹਾਦਸੇ ‘ਚ ਜ਼ਖਮੀ ਹੋਏ ਕੁਝ ਲੋਕਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਉਨ੍ਹਾਂ ਦੱਸਿਆ ਕਿ ਧਮਾਕੇ ਤੋਂ ਬਾਅਦ ਇਲਾਕੇ ‘ਚ ਦਹਿਸ਼ਤ ਦਾ ਮਾਹੌਲ ਹੈ। ਲੋਕ ਅਜੇ ਵੀ ਡਰੇ ਹੋਏ ਹਨ। ਉਨ੍ਹਾਂ ਦੱਸਿਆ ਕਿ ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਸ਼ਹਿਰ ਦੇ ਲੋਅਰ ਬੋਂਗ ਕਾਉਂਟੀ ਦੇ ਟੋਟੋਟਾ ਵਿਖੇ ਤੇਲ ਟੈਂਕਰ ਹਾਦਸਾਗ੍ਰਸਤ ਹੋ ਗਿਆ। ਉਸੇ ਟਰੱਕ ਵਿਚ ਬਾਅਦ ਵਿਚ ਧਮਾਕਾ ਹੋ ਗਿਆ, ਜਿਸ ਕਾਰਨ ਮੌਕੇ ‘ਤੇ ਮੌਜੂਦ ਕਈ ਲੋਕ ਮਾਰੇ ਗਏ ਅਤੇ ਜ਼ਖਮੀ ਹੋ ਗਏ।