ਸੰਗ ਸ਼ਰਮ ਦੀ ਪ੍ਰਤੀਕ ਮੰਨੀ ਜਾਂਦੀ ਸੀ ‘ਚੁੰਨੀ’

ਅੱਜ ਦੀ ਭਾਰਤੀ ਨਾਰੀ ਚੁੰਨੀ ਤੋਂ ਖਹਿੜਾ ਛੁਡਾਉਣ ਦੇ ਰਾਹ ਤੁਰੀ ਹੋਈ ਹੈ, ਜਿਸਨੂੰ ਉਹ ਆਪਣੀ ਨਿੱਜੀ ਆਜ਼ਾਦੀ ਸਮਝਦੀ ਹੈ। ਜਦੋਂ ਕਿ ਕੁੱਝ ਦਹਾਕੇ ਪਹਿਲਾਂ ਤੱਕ ਚੁੰਨੀ ਨਾਲ ਸਿਰ ਢਕਣਾ ਤਾਂ ਕੀ ਘੁੰਢ ਕੱਢਣ ਦਾ ਰਿਵਾਜ ਵੀ ਬਹੁਤ ਪ੍ਰਚੱਲਤ ਸੀ। ਚੁੰਨੀ ਦਾ ਰਿਵਾਜ ਕਿਵੇਂ ਤੇ ਕਦੋਂ ਪਿਆ? ਇਹ ਵੀ ਇੱਕ ਵੱਖਰਾ ਅਹਿਮ ਸੁਆਲ ਹੈ। ਭਾਰਤ ਦੇ ਮੂਲ ਨਿਵਾਸੀ ਤਾਂ ਆਰੀਅਨ ਲੋਕ ਹਨ, ਪਰ ਉਹਨਾਂ ਦੀਆਂ ਔਰਤਾਂ ਵਿੱਚ ਚੁੰਨੀ ਲੈਣ ਦੇ ਰਿਵਾਜ ਦੇ ਸਬੂਤ ਨਹੀਂ ਮਿਲਦੇ। ਇਸਦਾ ਮਤਲਬ ਹੈ ਕਿ ਉਹਨਾਂ ਤੋਂ ਬਾਅਦ ਧੁੱਪ ਅਤੇ ਮਿੱਟੀ ਘੱਟੇ ਜਾਂ ਪ੍ਰਦੂਸਣ ਤੋਂ ਵਾਲਾਂ ਨੂੰ ਬਚਾਉਣ ਲਈ ਸਿਰ ਢਕਣ ਦਾ ਰਿਵਾਜ ਪਿਆ ਹੋਵੇਗਾ। ਹੌਲੀ ਹੌਲੀ ਚੁੰਨੀ ਸੰਗ ਸ਼ਰਮ ਦੀ ਪ੍ਰਤੀਕ ਬਣ ਗਈ। ਕੁੜੀਆਂ ਔਰਤਾਂ ਆਪਣੇ ਤੋਂ ਵੱਡੀ ਉਮਰ ਜਾਂ ਉੱਚ ਰਿਸਤੇ ਵਾਲੇ ਮਰਦਾ ਨੂੰ ਵੇਖਦਿਆਂ ਹੀ ਸਿਰ ਤੇ ਚੁੰਨੀ ਲੈ ਲੈਂਦੀਆਂ ਸਨ। ਮੁਸਲਮਾਨ ਧਰਮ ਵਿੱਚ ਤਾਂ ਚੁੰਨੀ ਨੂੰ ਚਿਹਰੇ ਦੁਆਲੇ ਲਪੇਟ ਕੇ ਰੱਖਿਆ ਜਾਂਦਾ ਹੈ, ਜਿਸਨੂੰ ਹਿਜ਼ਾਬ ਕਿਹਾ ਜਾਂਦਾ ਹੈ। ਹਿੰਦੂ ਤੇ ਸਿੱਖ ਧਰਮ ਨਾਲ ਸਬੰਧਤ ਔਰਤਾਂ ਚੁੰਨੀ ਨਾਲ ਸਿਰ ਢਕਣ ਦੇ ਨਾਲ ਨਾਲ ਆਪਣਾ ਗਲ ਤੇ ਛਾਤੀ ਓਪਰੇ ਮਰਦਾਂ ਤੋਂ ਛੁਪਾ ਕੇ ਰਖਦੀਆਂ ਸਨ।

ਭਾਰਤੀ ਸੱਭਿਆਚਾਰ ਤੇ ਸਮਾਜ ’ਚ ਚੁੰਨੀ ਦਾ ਬਹੁਤ ਉੱਚਾ ਸੁੱਚਾ ਮਹੱਤਵ ਰਿਹਾ ਹੈ। ਹੁਣ ਜਦੋਂ ਕੁੜੀਆਂ ਨੇ ਜੀਨਾਂ ਤੇ ਟੀਸ਼ਰਟਾਂ ਪਹਿਣੀਆਂ ਸੁਰੂ ਕਰ ਦਿੱਤੀਆਂ ਹਨ ਤਾ ਚੁੰਨੀ ਲੱਗਭੱਗ ਵਿਸਾਰ ਹੀ ਦਿੱਤੀ ਹੈ। ਉਹ ਚੁੰਨੀ ਨੂੰ ਇਸ ਪਹਿਰਾਵੇ ਦਾ ਹਿੱਸਾ ਨਹੀਂ ਮੰਨਦੀਆਂ। ਫੇਰ ਵੀ ਇਸਦਾ ਮਹੱਤਵ ਕਾਇਮ ਹੈ, ਅੱਜ ਵੀ ਜਦ ਕਿਸੇ ਕੁੜੀ ਦੀ ਵੇਖ ਵਿਖਾਈ ਉਪਰੰਤ ਮੰਗਣੀ ਦੀ ਰਸਮ ਕੀਤੀ ਜਾਂਦੀ ਹੈ ਤਾਂ ਸਹੁਰਿਆਂ ਵੱਲੋਂ ਸਿਰ ਤੇ ਚੁੰਨੀ ਦਿੱਤੀ ਜਾਂਦੀ ਹੈ। ਜਿਸਦਾ ਸਿੱਧਾ ਭਾਵ ਅਰਥ ਹੈ ਕਿ ਚੁੰਨੀ ਅਣਖ ਇੱਜਤ ਦੀ ਪ੍ਰਤੀਕ ਹੈ, ਇਸਦੀ ਕਦਰ ਕੀਤੀ ਜਾਣੀ ਚਾਹੀਦੀ ਹੈ। ਚੁੰਨੀ ਦੇ ਮਹੱਤਵ ਦਾ ਇਹ ਵੀ ਵੱਡਾ ਸਬੂਤ ਹੈ ਕਿ ਭਾਰਤੀ ਔਰਤ ਜਦ ਵੀ ਆਪਣੇ ਧਾਰਮਿਕ ਅਸਥਾਨ ਵਿੱਚ ਜਾਂਦੀ ਹੈ ਜਾਂ ਪੂਜਾ ਅਰਚਨਾ ਕਰਦੀ ਹੈ ਤਾਂ ਸਿਰ ਢਕ ਕੇ ਹੀ ਕਰਦੀ ਹੈ। ਘਰ ਵਿੱਚ ਵੀ ਜੇਕਰ ਉਸਨੇ ਵਾਹਿਗੁਰੂ ਖੁਦਾ ਤੋਂ ਕੋਈ ਦੁਆ ਮੰਗਣੀ ਹੋਵੇ ਤਾਂ ਸਿਰ ਢਕ ਕੇ ਹੀ ਮੰਗਦੀ ਹੈ।

ਇੱਥੇ ਹੀ ਬੱਸ ਨਹੀਂ! ਚੁੰਨੀ ਲੜਕੀ ਦੀ ਸੁੰਦਰਤਾ ਵਿੱਚ ਵੀ ਵਾਧਾ ਕਰਦੀ ਹੈ। ਚੁੰਨੀ ਦੇ ਰੰਗ ਕੁੜੀ ਦੇ ਚਿਹਰੇ ਤੇ ਆਪਣਾ ਪ੍ਰਭਾਵ ਛੱਡਦੇ ਹਨ। ਜੇਕਰ ਲਾਲ ਚੁੰਨੀ ਲਈ ਹੋਵੇ ਤਾਂ ਚਿਹਰੇ ਚੋਂ ਲਾਲੀ ਦੀ ਭਾਅ ਮਾਰਦੀ ਲਗਦੀ ਹੈ। ਇਸੇ ਕਰਕੇ ਮੁਟਿਆਰਾਂ ਲਾਲ ਚੁੰਨੀ ਸਿਰ ਤੇ ਲੈਣ ਨੂੰ ਵਧੇਰੇ ਤਰਜੀਹ ਦਿੰਦੀਆਂ ਸਨ। ਲਾਲ ਚੁੰਨੀ ਲਈ ਵਾਲੀ ਮੁਟਿਆਰ ਵੱਲ ਨੌਜਵਾਨ ਮੁੰਡੇ ਵੀ ਵੱਧ ਆਕਰਸ਼ਤ ਹੁੰਦੇ ਸਨ। ਉਹਨਾ ਦੇ ਹਿਰਦੇ ਵਿੱਚ ਮੋਹ ਪਿਆਰ ਦੀਆਂ ਤਰੰਗਾਂ ਉੱਠਦੀਆਂ ਹਨ। ਇਹਨਾਂ ਹਾਲਾਤਾਂ ਨੂੰ ਦਿਲ ਦੀਆਂ ਡੂੰਘਾਈਆਂ ਚੋਂ ਸਮਝਦਿਆਂ ਇੱਕ ਸ਼ਾਇਰ ਨੇ ਚੁੰਨੀ ਨੂੰ ਪਿਆਰ ਮੁਹੱਬਤ ਦੀ ਪ੍ਰਤੀਕ ਮੰਨਦਿਆਂ ਬੜੀ ਖੂਬਸੂਰਤੀ ਨਾਲ ਇਉਂ ਬਿਆਨ ਕੀਤਾ ਹੈ, ‘‘ਲਾਲ ਰੰਗ ਦੀ ਨੀ, ਚੁੰਨੀ ਲਾਲ ਰੰਗ ਦੀ। ਅੱਗ ਲਾਉਣੀ ਆਸ਼ਕਾਂ ਦਾ ਖੂਨ ਮੰਗਦੀ।’ਪਿੰਡਾਂ ਵਿੱਚ ਅਜੇ ਵੀ ਚੁੰਨੀ ਦਾ ਕਾਫ਼ੀ ਰਿਵਾਜ ਹੈ, ਪਰ ਸ਼ਹਿਰੀ ਕੁੜੀਆਂ ਨੇ ਚੁੰਨੀ ਵਿਸਾਰ ਦਿੱਤੀ ਹੈ। ਸਮੇਂ ਦੀ ਤਬਦੀਲੀ ਨਾਲ ਰਸਮਾਂ ਰਿਵਾਜ, ਪਹਿਰਾਵੇ ਆਦਿ ਬਦਲਦੇ ਰਹਿੰਦੇ ਹਨ, ਪਰ ਚੁੰਨੀ ਦਾ ਸੱਭਿਆਚਾਰਕ ਮਹੱਤਵ ਜਰੂਰ ਕਾਇਮ ਰੱਖਣਾ ਚਾਹੀਦਾ ਹੈ।

ਬਲਵਿੰਦਰ ਸਿੰਘ ਭੁੱਲਰ
ਮੋਬਾ: 098882 75913