ਦੋ ਕਹਾਣੀਆਂ : ਮੀਡੀਆ ਦੀ ਦੁਚਿੱਤੀ ਤੇ ਭਰੋਸੇਯੋਗਤਾ
ਪੰਜਾਬ ਦਾ ਤੇਜਪਾਲ ਸਿੰਘ ਰੂਸ-ਯੂਕਰੇਨ ਜੰਗ ਵਿਚ ਰੂਸ ਵੱਲੋਂ ਲੜਦਾ ਹੋਇਆ ਬੀਤੇ ਦਿਨੀਂ ਮਾਰਿਆ ਗਿਆ। ਮੀਡੀਆ ਵਿਚ ਉਸਦੇ ਸੰਬੰਧ ਵਿਚ ਹੁਣ ਤੱਕ ਦੋ ਕਹਾਣੀਆਂ ਪ੍ਰਮੁੱਖਤਾ ਨਾਲ ਪ੍ਰਕਾਸ਼ਿਤ ਪ੍ਰਸਾਰਿਤ ਹੋਈਆਂ ਹਨ।
ਪਹਿਲੀ ਕਹਾਣੀ ਵਿਚ ਉਸਦੇ ਪਰਿਵਾਰ ਵੱਲੋਂ ਦੱਸਿਆ ਗਿਆ ਕਿ ਤੇਜਪਾਲ ਰੂਸ ਘੁੰਮਣ ਫਿਰਨ ਗਿਆ ਸੀ। ਉਸਨੂੰ ਜਬਰਦਸਤੀ ਰੂਸ ਦੀ ਫੌਜ ਵਿਚ ਸ਼ਾਮਲ ਕਰਕੇ ਜੰਗ ਦੇ ਮੈਦਾਨ ਵਿਚ ਲੜਨ ਲਈ ਯੂਕਰੇਨ ਭੇਜ ਦਿੱਤਾ ਗਿਆ ਹੈ। ਪਰਿਵਾਰ ਵੱਲੋਂ ਉਸਨੂੰ ਬਚਾਉਣ ਅਤੇ ਵਾਪਿਸ ਭਾਰਤ ਲਿਆਉਣ ਲਈ ਪੰਜਾਬ ਅਤੇ ਭਾਰਤ ਸਰਕਾਰ ਨੂੰ ਕੀਤੀਆਂ ਬੇਨਤੀਆਂ ਦੀਆਂ ਖ਼ਬਰਾਂ ਵੀ ਲਗਾਤਾਰ ਪ੍ਰਕਾਸ਼ਿਤ ਹੁੰਦੀਆਂ ਰਹੀਆਂ।
ਕੁਝ ਦਿਨ ਪਹਿਲਾਂ ਜਦ ਯੂਕਰੇਨ ਵਿਖੇ ਲੜਾਈ ਦੇ ਮੈਦਾਨ ਵਿਚ ਉਸਦੀ ਮੌਤ ਦੀ ਖ਼ਬਰ ਆਈ ਤਾਂ 23 ਜੂਨ ਦੀਆਂ ਅਖ਼ਬਾਰਾਂ ਵਿਚ ਮੁਖ ਪੰਨਿਆਂ ʼਤੇ ਬਿਲਕੁਲ ਵੱਖਰੀ ਤੇ ਨਵੀਂ ਕਹਾਣੀ ਪੜ੍ਹਨ ਨੂੰ ਮਿਲੀ।
ਸੁਰਖੀ ਪੜ੍ਹ ਕੇ ਮੈਂ ਹੈਰਾਨ ਪ੍ਰੇਸ਼ਾਨ ਰਹਿ ਗਿਆ ਅਤੇ ਇਸ ਨਾਲ ਸੰਬੰਧਤ ਸਾਰੀਆਂ ਖ਼ਬਰਾਂ ਅੱਖਾਂ ਅੱਗੇ ਘੁੰਮਣ ਲੱਗੀਆਂ। ਸੁਰਖੀ ਸੀ, “ਫੌਜੀ ਬਣਨ ਦੀ ਇੱਛਾ ਨੇ ਪੰਜਾਬ ਦੇ ਤੇਜਪਾਲ ਨੂੰ ਪਾਇਆ ਰੂਸ-ਯੂਕਰੇਨ ਜੰਗ ਦੇ ਰਾਹ।”
ਉਹ ਭਾਰਤੀ ਫੌਜ ਵਿਚ ਭਰਤੀ ਹੋਣਾ ਚਾਹੁੰਦਾ ਸੀ। ਦੋ ਵਾਰ ਕੋਸ਼ਿਸ਼ ਵੀ ਕੀਤੀ ਪਰ ਸਫ਼ਲਤਾ ਨਹੀਂ ਮਿਲੀ। ਨੌਕਰੀ ਨਾ ਮਿਲਣ ਕਾਰਨ ਉਹ ਨਿਰਾਸ਼ ਤੇ ਉਦਾਸ ਰਹਿੰਦਾ ਸੀ। ਉਹ ਸਟੱਡੀ ਵੀਜ਼ਾ ʼਤੇ ਸਾਈਪ੍ਰਸ ਵੀ ਗਿਆ ਸੀ ਪਰ ਉਥੇ ਸੈੱਟ ਨਹੀਂ ਹੋ ਸਕਿਆ। ਜਦ ਉਸਦੇ ਇਕ ਦੋਸਤ ਨੇ ਦੱਸਿਆ ਕਿ ਰੂਸ ਵੱਲੋਂ ਨੌਜਵਾਨਾਂ ਦੀ ਭਰਤੀ ਕੀਤੀ ਜਾ ਰਹੀ ਹੈ ਤਾਂ ਉਸਨੇ ਅਰਜ਼ੀ ਭੇਜ ਦਿੱਤੀ ਅਤੇ ਈ-ਵੀਜ਼ਾ ਵੀ ਮਿਲ ਗਿਆ। ਉਹ ਇਕੱਠੇ ਰੂਸ ਜਾ ਪਹੁੰਚੇ। ਪਹਿਲਾਂ ਉਨ੍ਹਾਂ ਨੂੰ ਸਿਖਲਾਈ ਦਿੱਤੀ ਗਈ। ਸਿਖਲਾਈ ਉਪਰੰਤ ਲੜਾਈ ਲਈ ਯੂਕਰੇਨ ਭੇਜ ਦਿੱਤਾ ਗਿਆ।
ਪਹਿਲੀ ਨਜ਼ਰੇ ਮਾਮਲਾ ਪਰਵਾਸ ਦਾ, ਵਿਦੇਸ਼ ਵਿਚ ਵੱਸਣ ਦੀ ਖ਼ਾਹਿਸ਼ ਦਾ ਵੀ ਜਾਪਦਾ ਹੈ। ਇਹਦੇ ਲਈ ਪੰਜਾਬੀ ਨੌਜਵਾਨ ਕੁਝ ਵੀ ਕਰਨ ਲਈ, ਜਾਨ ਜ਼ੋਖਮ ਵਿਚ ਪਾਉਣ ਲਈ ਵੀ ਤਿਆਰ ਹੋ ਜਾਂਦੇ ਹਨ। ਦੂਸਰੇ ਮੁਲਕ ਦੀ ਫੌਜ ਵਿਚ ਭਰਤੀ ਹੋ ਜਾਣਾ, ਸਖ਼ਤ ਸਿਖਲਾਈ ਵਿਚੋਂ ਲੰਘਣਾ ਅਤੇ ਫਿਰ ਯੂਕਰੇਨ ਦੀ ਧਰਤੀ ʼਤੇ ਲੜ੍ਹਨ ਮਰਨ ਲਈ ਘਮਸਾਣ ਦੇ ਯੁੱਧ ਵਿਚ ਪਹੁੰਚ ਜਾਣਾ ਜਾਂ ਤਾਂ ਨਿਰੋਲ ਮਜ਼ਬੂਰੀ ਹੈ ਜਾਂ ਜਨੂੰਨ। ਮੀਡੀਆ ਨੂੰ ਅਸਲੀਅਤ ਤੱਕ ਜ਼ਰੂਰ ਪੁੱਜਣਾ ਚਾਹੀਦਾ ਹੈ। ਸੱਚ ਸਾਹਮਣੇ ਲਿਆਉਣਾ ਚਾਹੀਦਾ ਹੈ। ਕੀ ਵਿਦੇਸ਼ ਵਿਚ ਵੱਸਣ ਦਾ ਸੁਪਨਾ ਐਨਾ ਭਿਆਨਕ ਵੀ ਹੋ ਸਕਦਾ ਹੈ? ਪੰਜਾਬੀ ਨੌਜਵਾਨ ਘਰ-ਪਰਿਵਾਰ ਅਤੇ ਬਾਲ-ਬੱਚਿਆਂ ਬਾਰੇ ਸੋਚੇ ਬਗੈਰ ਹੀ ਅਜਿਹੇ ਖਤਰਨਾਕ ਕਦਮ ਉਠਾ ਰਹੇ ਹਨ। ਇਹ ਸੋਚੇ ਬਗੈਰ ਕਿ ਬਾਅਦ ਵਿਚ ਉਨ੍ਹਾਂ ਦਾ ਕੀ ਬਣੇਗਾ।
ਕੁਝ ਕੁ ਲੇਖਕ ਪਰਵਾਸ ਦੀਆਂ ਪ੍ਰੇਸ਼ਾਨੀਆਂ ਬਾਰੇ ਲਿਖ ਰਹੇ ਹਨ। ਬਹੁਤੇ ਚੁੱਪ ਹਨ। ਪੱਤਰਕਾਰ ਚਾਹੇ ਉਹ ਦੇਸ ਵਿਚ ਹਨ ਜਾਂ ਪ੍ਰਦੇਸ ਵਿਚ ਹਨ ਇਸ ਵਿਸ਼ੇ ʼਤੇ ਕਦੇ ਨਿੱਠ ਕੇ ਗੱਲ ਨਹੀਂ ਕਰਦੇ। ਲੋਕਾਂ ਨੂੰ, ਮਾਪਿਆਂ ਨੂੰ, ਨੌਜਵਾਨਾਂ ਨੂੰ ਜ਼ਮੀਨੀ ਹਕੀਕਤ ਬਾਰੇ ਕਿਥੋਂ ਕਿਵੇਂ ਪਤਾ ਲੱਗੇ।
ਕੈਨੇਡਾ ਵਿਚ ਧੜਾ ਧੜ ਵਿਦਿਆਰਥੀ ਜਾ ਰਹੇ ਹਨ। ਉਥੇ ਪਹੁੰਚ ਕੇ ਉਨ੍ਹਾਂ ਨੂੰ ਕਿਹੜੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ, ਕੀ ਉਹਦੇ ਲਈ ਉਹ ਮਾਨਸਿਕ ਤੌਰ ʼਤੇ ਇਥੋਂ ਤਿਆਰ ਹੋ ਕੇ ਗਏ ਸਨ। ਵੱਡਾ ਸਵਾਲ ਇਹ ਹੈ।
ਤੇਜਪਾਲ ਸਿੰਘ ਰੂਸ ਦੀ ਫੌਜ ਵਿਚ ਭਰਤੀ ਤਾਂ ਹੋ ਗਿਆ ਪਰੰਤੂ ਉਸਤੋਂ ਬਾਅਦ ਦੀ ਜ਼ਮੀਨੀ ਹਕੀਕਤ ਬਾਰੇ ਉਸਨੇ ਨਹੀਂ ਸੋਚਿਆ। ਆਪਣੇ ਪਰਿਵਾਰ ਨੂੰ ਵੀ ਸਹੀ ਜਾਣਕਾਰੀ ਨਹੀਂ ਦਿੱਤੀ।
ਕੁਝ ਮਹੀਨੇ ਪਹਿਲਾਂ ਡੀਡੀ ਪੰਜਾਬੀ ਦੇ ਚਰਚਿਤ ਪ੍ਰੋਗਰਾਮ ʽਗੱਲਾਂ ਤੇ ਗੀਤʼ ਵਿਚ ਕੈਨੇਡਾ ਦੀ ਚਰਚਿਤ ਸਖ਼ਸੀਅਤ ਸੁੱਖੀ ਬਾਠ ਨੇ ਇਸ ਵਿਸ਼ੇ ʼਤੇ ਵਿਸਥਾਰਪੂਰਵਕ ਗੱਲ ਕੀਤੀ ਸੀ। ਉਨ੍ਹਾਂ ਦੱਸਿਆ ਸੀ ਕਿ ਕੈਨੇਡਾ ਵਿਚ ਪੜ੍ਹਨ ਜਾ ਰਹੇ ਬਹੁਤੇ ਵਿਦਿਆਰਥੀਆਂ ਦੀ ਆਰਥਿਕ, ਮਾਨਸਿਕ, ਸਰੀਰਕ ਤੇ ਸਮਾਜਕ ਸਥਿਤੀ ਡਾਵਾਂਡੋਲ ਹੁੰਦੀ ਹੈ। ਉਸਦੇ ਆਧਾਰ ʼਤੇ ਅਸੀਂ ਇਸ ਕਾਲਮ ਤਹਿਤ ਪਾਠਕਾਂ ਨੂੰ ਜਾਣਕਾਰੀ ਦੇਣ ਦੀ ਕੋਸ਼ਿਸ਼ ਕੀਤੀ ਸੀ। ਅਜਿਹੀ ਹੀ ਕੋਸ਼ਿਸ਼ ਇਸ ਵਾਰ ਕੀਤੀ ਗਈ ਹੈ।