ਬਠਿੰਡਾ ਹਲਕੇ ਨੇ ਹੌਟ ਸੀਟ ਹੋਣ ਦਾ ਪ੍ਰਭਾਵ ਵਿਖਾਉਣਾ ਸੁਰੂ ਕਰ ਦਿੱਤਾ ਹੈ

ਬਠਿੰਡਾ, 20 ਮਾਰਚ, ਬੀ ਐੱਸ ਭੁੱਲਰ

ਲੋਕ ਸਭਾ ਚੋਣਾਂ ਦਾ ਐਲਾਨ ਹੁੰਦਿਆਂ ਹੀ ਹਲਕਾ ਬਠਿੰਡਾ ਨੇ ਹੌਟ ਸੀਟ ਹੋਣ ਦਾ ਪ੍ਰਭਾਵ ਵਿਖਾਉਣਾ ਸੁਰੂ ਕਰ ਦਿੱਤਾ ਹੈ। ਇਸ ਸੀਟ ਤੋਂ ਉਮੀਦਵਾਰ ਮੈੈਦਾਨ ਵਿੱਚ ਉਤਾਰਨ ਲਈ ਪਹਿਲ ਆਮ ਆਦਮੀ ਪਾਰਟੀ ਨੇ ਕੀਤੀ ਹੈ। ਉਸ ਵੱਲੋਂ ਸ੍ਰੀ ਗੁਰਮੀਤ ਸਿੰਘ ਖੁੱਡੀਆਂ ਨੂੰ ਮੈਦਾਨ ਵਿੱਚ ਉਤਾਰਿਆ ਗਿਆ ਹੈ। ਸ੍ਰੀ ਖੁੱਡੀਆਂ ਨੇ ਪੰਜਾਬ ਦੇ ਪੰਜ ਵਾਰ ਮੁੱਖ ਮੰਤਰੀ ਰਹੇ ਅਕਾਲੀ ਦਲ ਦੇ ਘਾਗ ਲੀਡਰ ਸ੍ਰ: ਪ੍ਰਕਾਸ਼ ਸਿੰਘ ਬਾਦਲ ਨੂੰ ਵਿਧਾਨ ਸਭਾ ਚੋਣਾਂ ਵਿੱਚ ਹਰਾ ਕੇ ਆਪਣੀ ਚੜਤ ਦੇ ਝੰਡੇ ਗੱਡੇ ਸਨ। ਭਗਵੰਤ ਮਾਨ ਸਰਕਾਰ ਨੇ ਉਹਨਾਂ ਨੂੰ ਪੰਜਾਬ ਦਾ ਖੇਤੀਬਾੜੀ ਮੰਤਰੀ ਬਣਾ ਕੇ ਸਨਮਾਨਿਆ ਗਿਆ ਸੀ। ਇਸ ਅਹੁਦੇ ਤੇ ਉਹਨਾਂ ਚੰਗਾ ਰੋਲ ਅਦਾ ਕੀਤਾ ਅਤੇ ਆਪਣੇ ਅਕਸ਼ ਨੂੰ ਲੋਕਾਂ ਵਿੱਚ ਇੱਕ ਸੁਹਿਰਦ ਇਨਸਾਨ ਵਜੋਂ ਪੇਸ਼ ਕੀਤਾ ਹੈ।

       ਸ੍ਰੀ ਖੁੱਡੀਆਂ ਨੂੰ ਮੈਦਾਨ ਵਿੱਚ ਉਤਾਰਨ ਤੇ ਸ੍ਰੋਮਣੀ ਅਕਾਲੀ ਦਲ ਤੇ ਕਾਂਗਰਸ ਮੁਕਾਬਲੇ ਦਾ ਉਮੀਦਵਾਰ ਉਤਾਰਨ ਲਈ ਮਜਬੂਰ ਹਨ। ਅਕਾਲੀ ਦਲ ਵੱਲੋਂ ਭਾਵੇ ਅਜੇ ਐਲਾਨ ਤਾਂ ਨਹੀਂ ਕੀਤਾ ਗਿਆ, ਪਰੰਤੂ ਲੱਗ ਭੱਗ ਤੈਅ ਹੈ ਕਿ ਬੀਬੀ ਹਰਸਿਮਰਤ ਕੌਰ ਬਾਦਲ ਹੀ ਉਮੀਦਵਾਰ ਹੋਣਗੇ। ਉਹ ਜਿੱਥੇ ਅਕਾਲੀ ਦਲ ਦੇ ਪ੍ਰਧਾਨ ਸ੍ਰ: ਸੁਖਬੀਰ ਸਿੰਘ ਬਾਦਲ ਦੀ ਸੁਪਤਨੀ ਹਨ, ਉੱਥੇ ਲੋਕ ਸਭਾ ਮੈਂਬਰ ਬਣ ਕੇ ਕੇਂਦਰ ਦੇ ਮੰਤਰੀ ਵੀ ਰਹਿ ਚੁੱਕੇ ਹਨ। ਦਲ ਦੇ ਹੋਰ ਆਗੂਆਂ ਨਾਲੋਂ ਉਮੀਦਵਾਰੀ ਲਈ ਉਹਨਾਂ ਦਾ ਕੱਦ ਵੱਧ ਉੱਚਾ ਹੈ। ਕਾਂਗਰਸ ਪਾਰਟੀ ਅਜੇ ਇਸ ਮਸਲੇ ਤੇ ਉਲਝੀ ਹੋਈ ਹੈ। ਇਸ ਪਾਰਟੀ ਵੱਲੋਂ ਉਮੀਦਵਾਰੀ ਲਈ ਅਮਰਿੰਦਰ ਸਿੰਘ ਰਾਜਾ ਵੜਿੰਗ, ਉਹਨਾਂ ਦੀ ਧਰਮ ਪਤਨੀ ਅਮਿ੍ਰੰਤਾ ਵੜਿੰਗ, ਜੀਤਮੁਹਿੰਦਰ ਸਿੰਘ ਸਿੱਧੂ, ਫਤਹਿ ਸਿੰਘ ਬਾਦਲ, ਦਰਸ਼ਨ ਸਿੰਘ ਜੀਦਾ ਤੇ ਅਜੀਤ ਇੰਦਰ ਸਿੰਘ ਮੋਫਰ ਦੇ ਨਾਵਾਂ ਦੀ ਚਰਚਾ ਚੱਲ ਰਹੀ ਹੈ। ਅਫ਼ਵਾਹਾਂ ਹਨ ਕਿ ਪਾਰਟੀ ਹਾਈ ਕਮਾਂਡ ਵੱਲੋਂ ਰਾਜਾ ਵਡਿੰਗ ਤੇ ਜੋਰ ਪਾਇਆ ਜਾ ਰਿਹਾ ਕਿ ਉਹ ਮੈਦਾਨ ਵਿੱਚ ਨਿੱਤਰਣ। ਉਹ ਪੰਜਾਬ ਕਾਂਗਰਸ ਦੇ ਪ੍ਰਧਾਨ ਹਨ, ਉਹਨਾਂ ਪਿਛਲੀ ਵਾਰ ਵੀ ਇਸ ਹਲਕੇ ਤੋਂ ਚੋਣ ਲੜੀ ਸੀ। ਪਿਛਲੀ ਪੰਜਾਬ ਦੀ ਕਾਂਗਰਸ ਸਰਕਾਰ ਵਿੱਚ ਮੰਤਰੀ ਵੀ ਰਹੇ ਹਨ। ਉਹਨਾਂ ਦਾ ਕੱਦ ਦੂਜੇ ਉਮੀਦਵਾਰਾਂ ਦੇ ਮੁਕਾਬਲੇ ਦਾ ਹੈ। ਪਰ ਚਰਚਾ ਵਿਚਲੇ ਬਾਕੀ ਉਮੀਦਵਾਰ ਵੀ ਯੋਗ ਵਿਖਾਈ ਦਿੰਦੇ ਹਨ। ਸ੍ਰ: ਜੀਤਮੁਹਿੰਦਰ ਸਿੰਘ ਸਿੱਧੂ ਪੰਜਾਬ ਦੇ ਸੀਨੀਅਰ ਸਿਆਸਤਦਾਨ ਹਨ ਅਤੇ ਤਿੰਨ ਵਾਰ ਵਿਧਾਇਕ ਵੀ ਰਹੇ ਹਨ। ਉਹ ਇੱਕ ਧੜੇਬੰਦਕ ਤੇ ਦਲੇਰ ਆਗੂ ਵਜੋ ਜਾਣੇ ਜਾਂਦੇ ਹਨ। ਉਹਨਾਂ ਦਾ ਇਲਾਕੇ ਵਿੱਚ ਚੰਗਾ ਰਸੂਖ ਹੈ। ਦਰਸ਼ਨ ਸਿੰਘ ਜੀਦਾ ਦੇਸ਼ ਦੇ ਮਰਹੂਮ ਪ੍ਰਧਾਨ ਮੰਤਰੀ ਸ੍ਰੀ ਚੰਦਰ ਸੇਖ਼ਰ ਦੇ ਨਜਦੀਕੀ ਰਹੇ ਹਨ ਅਤੇ ਪੁਰਾਣੇ ਸਿਆਸਤਦਾਨ ਹਨ। ਉਹਨਾਂ ਲੋਕ ਸਭਾ ਹਲਕਾ ਸੰਗਰੂਰ ਤੋਂ ਇੱਕ ਵਾਰ ਚੋਣ ਲਈ ਸੀ, ਪਰ ਉਹ ਚੋਣਾਂ ਐਨ ਆਖ਼ਰ ਮੌਕੇ ਕੈਂਸਲ ਹੋ ਗਈਆਂ ਸਨ। ਫਤਹਿ ਸਿੰਘ ਬਾਦਲ ਇਲਾਕੇ ਦੇ ਦਰਵੇਸ਼ ਤੇ ਫ਼ਕੀਰ ਸਮਝੇ ਜਾਂਦੇ ਸ੍ਰ: ਮਹੇਸ਼ਇੰਦਰ ਸਿੰਘ ਬਾਦਲ ਦੇ ਸਪੁੱਤਰ ਹਨ, ਜਿਹਨਾਂ ਦਾ ਪੰਜਾਬ ਦੇ ਲੋਕ ਸਤਿਕਾਰ ਕਰਦੇ ਹਨ। ਅਜੀਤ ਇੰਦਰ ਸਿੰਘ ਮੋਫ਼ਰ ਵੀ ਪੰਜਾਬ ਦੇ ਵਿਧਾਇਕ ਰਹਿ ਚੁੱਕੇ ਹਨ।

       ਸ੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੇ ਗੱਠਜੋੜ ਦਾ ਵੀ ਇਸ ਹਲਕੇ ਤੇ ਕਾਫ਼ੀ ਪ੍ਰਭਾਵ ਪੈਣਾ ਹੈ, ਪਰ ਇਹ ਸਮਝੌਤਾ ਅਜੇ ਸਿਰੇ ਨਹੀਂ ਚੜ ਸਕਿਆ। ਜੇਕਰ ਸਮਝੌਤਾ ਨਹੀਂ ਹੁੰਦਾ ਤਾਂ ਜਗਦੀਪ ਸਿੰਘ ਨਕੱਈ ਭਾਜਪਾ ਦੇ ਉਮੀਦਵਾਰ ਹੋ ਸਕਦੇ ਹਨ, ਜੋ ਅਕਾਲੀ ਭਾਜਪਾ ਸਰਕਾਰ ਸਮੇਂ ਸੰਸਦੀ ਸਕੱਤਰ ਰਹਿ ਚੁੱਕੇ ਹਨ। ਉਹ ਇੱਕ ਸ਼ਰੀਫ ਸਿਆਸਤਦਾਨ ਸਮਝੇ ਜਾਂਦੇ ਹਨ ਪੇਂਡੂ ਖੇਤਰ ਵਿੱਚ ਉਹਨਾਂ ਦਾ ਚੰਗਾ ਅਸਰ ਹੈ। ਉਹਨਾਂ ਤੋਂ ਇਲਾਵਾ ਸਾਬਕਾ ਮੁੱਖ ਸੰਸਦੀ ਸਕੱਤਰ ਸ੍ਰੀ ਸਰੂਪ ਚੰਦ ਸਿੰਗਲਾ ਜਾਂ ਦਿਆਲ ਸਿੰਘ ਸੋਢੀ ਵੀ ਉਮੀਦਵਾਰ ਹੋ ਸਕਦੇ ਹਨ। ਕੁੱਝ ਦਿਨ ਪਹਿਲਾਂ ਤਾਂ ਲੋਕਾਂ ਨੇ ਇਹ ਸਮਝੌਤਾ ਹੋ ਗਿਆ ਮੰਨ ਲਿਆ ਗਿਆ ਸੀ, ਪਰ ਅਜੇ ਇਸ ਵਿੱਚ ਅੜਿੱਕਾ ਹੈ, ਜਿਸ ਕਰਕੇ ਐਲਾਨ ਨਹੀਂ ਹੋ ਸਕਿਆ। ਸਮਝੋਤੇ ਸਦਕਾ ਲਾਭ ਹਾਨੀ ਲਈ ਦੋਵੇਂ ਪਾਰਟੀਆਂ ਸੋਚ ਵਿਚਾਰ ਕਰ ਰਹੀਆਂ ਹਨ। ਸਮਝੌਤਾ ਹੋਣ ਤੇ ਜੇਕਰ ਅਕਾਲੀ ਦਲ ਨੂੰ ਸ਼ਹਿਰੀ ਵੋਟ ਮਿਲਣ ਦੀਆਂ ਸਭਾਵਨਾਵਾਂ ਵਧ ਸਕਦੀਆਂ ਹਨ ਤਾਂ ਪਿੰਡਾਂ ਦੀ ਕਿਸਾਨੀ ਵੋਟ ਟੁੱਟਣ ਦਾ ਵੀ ਖਦਸ਼ਾ ਪ੍ਰਗਟ ਹੋ ਰਿਹਾ ਹੈ। ਜੇਕਰ ਸਮਝੌਤਾ ਨਹੀਂ ਸਿਰੇ ਚੜਦਾ ਤਾਂ ਅਕਾਲੀ ਦਲ ਨੂੰ ਸ਼ਹਿਰੀ ਵੋਟ ਦਾ ਖੋਰਾ ਲੱਗ ਸਕਦਾ ਹੈ। ਸੋ ਸੀਟ ਤੇ ਸਮਝੌਤਾ ਹੋਣ ਜਾਂ ਨਾ ਹੋਣ ਦਾ ਪ੍ਰਭਾਵ ਵੀ ਰੰਗ ਵਿਖਾਵੇਗਾ।

       ਭਾਵੇਂ ਸਾਰੀਆਂ ਪਾਰਟੀਆਂ ਨੇ ਅਜੇ ਉਮੀਦਵਾਰ ਮੈਦਾਨ ਵਿੱਚ ਉਤਾਰਨੇ ਹਨ, ਪਰ ਇਹ ਸਪਸ਼ਟ ਹੈ ਕਿ ਲੋਕ ਸਭਾ ਸੀਟ ਬਠਿੰਡਾ ਪੰਜਾਬ ਦੇ ਹੌਟ ਸੀਟ ਬਣ ਚੁੱਕੀ ਹੈ। ਇਸ ਸੀਟ ਦਾ ਪੰਜਾਬ ਦੀਆਂ ਦੂਜੀਆਂ ਸੀਟਾਂ ਤੇ ਵੀ ਅਸਰ ਪੈਣ ਦੇ ਆਸਾਰ ਹਨ।