ਆਸਟ੍ਰੇਲੀਆ ਦੀ ਨਾਮਵਰ ਸਾਹਿਤਿਕ ਸੰਸਥਾ ਇੰਡੋਜ਼ ਪੰਜਾਬੀ ਸਾਹਿਤ ਅਕਾਦਮੀ ਆਫ਼ ਆਸਟ੍ਰੇਲੀਆ ਵੱਲੋਂ ਸਥਾਨਿਕ ਇੰਡੋਜ਼ ਪੰਜਾਬੀ ਲਾਇਬ੍ਰੇਰੀ ਇਨਾਲਾ ਵਿਖੇ ਸ਼ਹੀਦ ਭਗਤ ਸਿੰਘ ਅਤੇ ਸਾਥੀਆਂ ਲਿਖਤਾਂ ਬਾਰੇ ਇੱਕ ਪ੍ਰਭਾਵਸ਼ਾਲੀ ਸੈਮੀਨਾਰ ਰਚਾਇਆ ਗਿਆ। ਇਸ ਵਿਚ ਸ਼ਹੀਦ ਭਗਤ ਸਿੰਘ ਦੀ ਵਿਚਾਰਧਾਰਾ ਦੀ ਵਰਤਮਾਨ ਵਿਚ ਲੋੜ, ਦਿਸ਼ਾਹੀਣ ਜਵਾਨੀ ਦੀ ਰਹਿਨੁਮਾਈ ਅਤੇ ਭਾਰਤ ਵਿਚ ਰਾਜ ਕਰਦੀ ਧਿਰ ਦੀ ਫ਼ਿਰਕੂ ਰਾਸ਼ਟਰਵਾਦੀ ਪਹੁੰਚ ਬਾਰੇ ਡੂੰਘੀ ਚਰਚਾ ਕੀਤੀ ਗਈ। ਸਮਾਗਮ ਦੀ ਸ਼ੁਰੂਆਤ ਮਨਜੀਤ ਬੋਪਾਰਾਏ ਦੇ ਸਵਾਗਤੀ ਭਾਸ਼ਨ ਨਾਲ ਹੋਈ, ਜਿਸ ਵਿਚ ਉਨ੍ਹਾਂ ਨੇ ਆਈਆਂ ਹੋਈਆਂ ਹਸਤੀਆਂ ਦੇ ਬਾਰੇ ਬੋਲਦਿਆਂ ਇਪਸਾ ਦੀਆਂ ਗਤੀਵਿਧੀਆਂ ‘ਤੇ ਰੌਸ਼ਨੀ ਪਾਈ ਅਤੇ ਸ਼ਹੀਦ ਭਗਤ ਸਿੰਘ ਦੀ ਸੋਚ ਪ੍ਰਤੀ ਆਪਣੇ ਅਹਿਦ ਨੂੰ ਦੁਹਰਾਇਆ। ਸਿਡਨੀ ਤੋਂ ਆਏ ਧਾਰਮਿਕ ਲੇਖਕ ਗਿਆਨੀ ਸੰਤੋਖ ਸਿੰਘ ਨੇ ਸ਼ਹੀਦ ਭਗਤ ਸਿੰਘ ਦੇ ਪਰਿਵਾਰਕ ਮੈਂਬਰਾਂ ਨਾਲ ਜੁੜੀਆਂ ਯਾਦਾਂ ਸਾਂਝੀਆਂ ਕੀਤੀਆਂ। ਤਰਕਸ਼ੀਲ ਲੇਖਕ ਜਸਵੰਤ ਸਿੰਘ ਜ਼ੀਰਖ ਨੇ ਸ਼ਹੀਦ ਭਗਤ ਸਿੰਘ, ਗਦਰੀ ਬਾਬਿਆਂ ਦੀ ਸੋਚ ਬਾਰੇ ਬਹੁਤ ਭਾਵਪੂਰਤ ਤਕਰੀਰ ਕੀਤੀ।
ਉਨ੍ਹਾਂ ਰਿਲੀਜ ਹੋ ਰਹੀ ਕਿਤਾਬ ਅਤੇ ਗਦਰੀ ਬਾਬਾ ਭਾਨ ਸਿੰਘ ਸੁਨੇਤ ਬਾਰੇ ਜਾਣਕਾਰੀ ਦਿੱਤੀ। ਟੈਮਵਰਥ ਤੋਂ ਆਏ ਗੁਰਮੀਤ ਸਿੰਘ ਪਾਹੜਾ ਨੇ ਇਨਕਲਾਬੀ ਸਾਹਿਤ ਅਤੇ ਲੋਕ ਪੱਖੀ ਮੰਚ ਜੁੜਣ ਦੀ ਵਾਰਤਾ ਸੁਣਾਉਂਦਿਆਂ ਸ਼ਹੀਦ ਭਗਤ ਸਿੰਘ ਦੀ ਸ਼ਹਾਦਤ ਨਾਲ ਜੁੜੀ ਆਪਣੀ ਜੀਵਨ ਜਾਚ ਬਾਰੇ ਬੋਲਿਆ। ਸਿਡਨੀ ਤੋਂ ਆਏ ਸਾਬਕਾ ਪ੍ਰਿੰਸੀਪਲ ਜਸਵੰਤ ਸਿੰਘ ਗਿੱਲ ਨੇ ਸ਼ਹੀਦ ਭਗਤ ਸਿੰਘ ਦੇ ਪਰਿਵਾਰ ਨਾਲ ਆਪਣੀ ਚਿਰੋਕਣੀ ਸਾਂਝ, ਵਿਚਾਰਧਾਰਿਕ ਸੇਧ ਅਤੇ ਵਰਤਮਾਨ ਵਿਚ ਇਨਕਲਾਬੀ ਵਿਚਾਰਾਂ ਦੀ ਸਾਰਥਿਕਤਾ ਬਾਰੇ ਬਹੁਤ ਅਹਿਮ ਵਿਚਾਰ ਰੱਖੇ। ਮੈਲਬੌਰਨ ਤੋਂ ਆਏ ਪ੍ਰੋਫੈਸਰ ਹਰਜਿੰਦਰ ਸਿੰਘ ਨੇ ਬਹੁਤ ਸੂਖਮ ਵਿਚਾਰ ਪੇਸ਼ ਕਰਦਿਆਂ ਸ਼ਹੀਦ ਭਗਤ ਸਿੰਘ ਅਤੇ ਨਾਇਕਤਵ ਦੇ ਸੰਕਟ ਬਾਰੇ ਵਿਚਾਰ ਪੇਸ਼ ਕੀਤੇ ਅਤੇ ਸਮਾਜ ਵਿਚ ਭਾਰਤ ਦੀ ਆਜ਼ਾਦੀ ਦੇ ਯੋਗਦਾਨ ਵਿਚ ਵਿਚਾਰ ਅਤੇ ਹਥਿਆਰ ਦੀ ਪਰਸਪਰ ਵਿਆਖਿਆ ਕਰਦਿਆਂ ਮੌਜੂਦਾ ਬੌਧਿਕ ਕੰਗਾਲੀ ਦੀ ਨਿਸ਼ਾਨਦੇਹੀ ਕੀਤੀ।
ਸੈਮੀਨਾਰ ਦੇ ਅੰਤ ਵਿਚ ਮੁੱਖ ਮਹਿਮਾਨ ਵਜੋਂ ਪ੍ਰੋਫੈਸਰ ਜਗਮੋਹਨ ਸਿੰਘ ਨੇ ਤਕਰੀਬਨ 1 ਘੰਟੇ ਦੇ ਕਰੀਬ ਸ਼ਹੀਦ ਭਗਤ ਸਿੰਘ ਦੇ ਜਨਮ ਅਤੇ ਪਰਿਵਾਰਕ ਮਾਹੌਲ ਬਾਰੇ, ਸ਼ਹੀਦ ਭਗਤ ਸਿੰਘ ਦੀਆਂ ਤਸਵੀਰਾਂ ਬਾਰੇ, ਪ੍ਰਚਲਿਤ ਤੱਥਾਂ ਅਤੇ ਅਸਲੀਅਤ ਬਾਰੇ, ਸ਼ਹੀਦ ਭਗਤ ਸਿੰਘ ਤੇ ਫਿਲਮਾਈਆਂ ਗਈਆਂ ਫ਼ਿਲਮਾਂ ਸਮੇਤ ਹੁਣ ਤੀਕ ਸ਼ਹੀਦ ਭਗਤ ਸਿੰਘ ਨੂੰ ਆਪਣੇ ਤਰੀਕੇ ਨਾਲ ਪੇਸ਼ ਕਰਨ ਦੀਆਂ ਕੋਸ਼ਿਸ਼ਾਂ ਬਾਰੇ ਬਹੁਤ ਸੋਹਣੀ ਗੱਲ੍ਹ-ਬਾਤ ਕੀਤੀ। ਪ੍ਰੋ ਜਗਮੋਹਨ ਸਿੰਘ ਨੇ ਸ਼ਹੀਦ ਭਗਤ ਸਿੰਘ ਦੀ ਵਿਚਾਰਧਾਰਾ ਬਾਰੇ ਬੋਲਦਿਆਂ ਕਿਹਾ ਕਿ ਭਗਤ ਸਿੰਘ ਕੋਲ ਸਿਰਫ ਹਥਿਆਰ ਨਹੀਂ ਸਨ, ਵਿਚਾਰ ਵੀ ਸਨ। ਉਸ ਕੋਲ ਆਉਣ ਵਾਲੇ ਕੱਲ ਦੀ ਤਸਵੀਰ ਵੀ ਸੀ। ਉਹ ਅੰਗਰੇਜ਼ਾਂ ਕੋਲੋੰ ਮਿਲੀ ਆਜ਼ਾਦੀ ਤੋਂ ਬਾਅਦ ਆਉਣ ਵਾਲੀ ਗ਼ੁਲਾਮੀ ਤੋਂ ਵੀ ਸੁਚੇਤ ਸੀ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਇਪਸਾ ਦੇ ਸਰਪ੍ਰਸਤ ਜਰਨੈਲ ਸਿੰਘ ਬਾਸੀ, ਗੀਤਕਾਰ ਨਿਰਮਲ ਦਿਓਲ, ਬਗੀਚਾ ਸਿੰਘ ਤਿੰਮੋਵਾਲ, ਸ਼ਮਸ਼ੇਰ ਸਿੰਘ ਚੀਮਾ, ਕਮਲਦੀਪ ਬਾਜਵਾ, ਸੁਖਮੰਦਰ ਸੰਧੂ, ਸੁਰਜੀਤ ਸੰਧੂ, ਪਾਲ ਰਾਊਕੇ, ਬਿਕਰਮਜੀਤ ਸਿੰਘ ਪਟਿਆਲਾ, ਜਤਿੰਦਰ ਸ਼ਰਮਾ, ਦਲਵੀਰ ਹਲਵਾਰਵੀ, ਹਰਮਿੰਦਰ ਸਿੰਘ ਬਠਿੰਡਾ, ਰੁਪਿੰਦਰ ਸੋਜ਼, ਗੁਰਵਿੰਦਰ ਹੇਅਰ, ਰਵਿੰਦਰ ਹੇਅਰ, ਅਸ਼ਵਨੀ ਕੁਮਾਰ, ਜਸਪਾਲ ਸੰਘੇੜਾ, ਮਹਿੰਦਰਪਾਲ ਕਾਹਲੋਂ, ਦੀਪਕ ਕੰਗ, ਗੁਰਪ੍ਰੀਤ ਬਰਾੜ ਸੈਵਨ ਸੀਜ਼ ਟੀਵੀ ਸਮੇਤ ਕਈ ਪ੍ਰਮੁੱਖ ਚਿਹਰੇ, ਇਪਸਾ ਦੇ ਅਹੁਦੇਦਾਰ ਹਾਜ਼ਰ ਸਨ। ਸਟੇਜ ਸੈਕਟਰੀ ਦੀ ਭੂਮਿਕਾ ਸਰਬਜੀਤ ਸੋਹੀ ਵੱਲੋਂ ਬਾਖੂਬੀ ਨਿਭਾਈ ਗਈ।