ਵਲਾਦੀਮੀਰ ਪੁਤਿਨ ਲਗਾਤਾਰ 5ਵੀਂ ਵਾਰ ਰੂਸ ਦੇ ਰਾਸ਼ਟਰਪਤੀ ਬਣੇ ਹਨ। 15-17 ਮਾਰਚ ਨੂੰ ਹੋਈ ਵੋਟਿੰਗ ਵਿਚ ਪੁਤਿਨ ਨੂੰ 88% ਵੋਟਾਂ ਮਿਲੀਆਂ। ਉਸ ਦੇ ਵਿਰੋਧੀ ਨਿਕੋਲੇ ਖਾਰੀਤੋਨੋਵ ਨੂੰ 4% ਵੋਟਾਂ ਮਿਲੀਆਂ। ਵਲਾਦਿਸਲਾਵ ਦਾਵਾਨਕੋਵ ਅਤੇ ਲਿਓਨਿਡ ਸਲੂਟਸਕੀ ਤੀਜੇ ਅਤੇ ਚੌਥੇ ਸਥਾਨ ‘ਤੇ ਰਹੇ।
ਨਤੀਜਿਆਂ ਦੇ ਐਲਾਨ ਤੋਂ ਬਾਅਦ ਪੁਤਿਨ ਨੇ ਕਿਹਾ- ਹੁਣ ਰੂਸ ਹੋਰ ਵੀ ਸ਼ਕਤੀਸ਼ਾਲੀ ਅਤੇ ਪ੍ਰਭਾਵਸ਼ਾਲੀ ਬਣ ਜਾਵੇਗਾ। ਉਨ੍ਹਾਂ ਰੂਸ-ਨਾਟੋ ਵਿਵਾਦ ‘ਤੇ ਵੀ ਚਰਚਾ ਕੀਤੀ ਅਤੇ ਕਿਹਾ-ਕਿ ਜੇਕਰ ਅਮਰੀਕਾ ਦੀ ਅਗਵਾਈ ਵਾਲੀ ਫੌਜੀ ਸੰਸਥਾ ਨਾਟੋ ਅਤੇ ਰੂਸ ਆਹਮੋ-ਸਾਹਮਣੇ ਆ ਜਾਂਦੇ ਹਨ ਤਾਂ ਦੁਨੀਆ ਤੀਜੇ ਵਿਸ਼ਵ ਯੁੱਧ ਤੋਂ ਇਕ ਕਦਮ ਦੂਰ ਹੋਵੇਗੀ। ਮੈਨੂੰ ਨਹੀਂ ਲੱਗਦਾ ਕਿ ਕੋਈ ਵੀ ਅਜਿਹਾ ਕੁੱਝ ਚਾਹੁੰਦਾ ਹੋਵੇਗਾ।
ਪੁਤਿਨ ਸਾਲ 2000 ਵਿਚ ਪਹਿਲੀ ਵਾਰ ਰੂਸ ਦੇ ਰਾਸ਼ਟਰਪਤੀ ਬਣੇ ਸਨ। ਉਹ 2008 ਤਕ ਇਸ ਅਹੁਦੇ ‘ਤੇ ਰਹੇ। 2012 ਵਿਚ ਤਤਕਾਲੀ ਰਾਸ਼ਟਰਪਤੀ ਮੇਦਵੇਦੇਵ ਨੇ ਅਪਣੀ ਪਾਰਟੀ ਨੂੰ ਇਕ ਵਾਰ ਫਿਰ ਪੁਤਿਨ ਨੂੰ ਰਾਸ਼ਟਰਪਤੀ ਉਮੀਦਵਾਰ ਵਜੋਂ ਨਾਮਜ਼ਦ ਕਰਨ ਲਈ ਕਿਹਾ। ਇਸ ਤੋਂ ਬਾਅਦ ਪੁਤਿਨ ਨੇ 2012 ਦੀਆਂ ਚੋਣਾਂ ਜਿੱਤੀਆਂ ਅਤੇ ਸੱਤਾ ‘ਚ ਵਾਪਸੀ ਕੀਤੀ। ਉਦੋਂ ਤੋਂ ਲੈ ਕੇ ਹੁਣ ਤਕ ਉਹ ਰਾਸ਼ਟਰਪਤੀ ਦੇ ਅਹੁਦੇ ‘ਤੇ ਕਾਬਜ਼ ਹਨ।
ਰੂਸੀ ਸੰਵਿਧਾਨ ਵਿਚ ਲਿਖਿਆ ਹੈ ਕਿ ਕੋਈ ਵੀ ਵਿਅਕਤੀ ਲਗਾਤਾਰ ਦੋ ਵਾਰ ਤੋਂ ਵੱਧ ਰਾਸ਼ਟਰਪਤੀ ਨਹੀਂ ਬਣ ਸਕਦਾ। ਇਸ ਕਾਰਨ 8 ਮਈ 2008 ਨੂੰ ਪੁਤਿਨ ਨੇ ਅਪਣੇ ਪ੍ਰਧਾਨ ਮੰਤਰੀ ਦਮਿਤਰੀ ਮੇਦਵੇਦੇਵ ਨੂੰ ਰੂਸ ਦਾ ਰਾਸ਼ਟਰਪਤੀ ਬਣਾ ਦਿਤਾ ਅਤੇ ਖੁਦ ਪ੍ਰਧਾਨ ਮੰਤਰੀ ਬਣ ਗਏ। ਨਵੰਬਰ 2008 ਵਿਚ, ਦਮਿਤਰੀ ਨੇ ਰਾਸ਼ਟਰਪਤੀ ਦੀ ਮਿਆਦ 4 ਤੋਂ ਵਧਾ ਕੇ 6 ਸਾਲ ਕਰਨ ਲਈ ਸੰਵਿਧਾਨ ਵਿਚ ਸੋਧ ਕੀਤੀ।
ਇਸ ਤੋਂ ਬਾਅਦ 2012 ‘ਚ ਪੁਤਿਨ ਫਿਰ ਤੋਂ ਰੂਸ ਦੇ ਰਾਸ਼ਟਰਪਤੀ ਬਣੇ। ਉਸ ਨੇ ਰਾਸ਼ਟਰਵਾਦ ਨੂੰ ਲਗਾਤਾਰ ਅੱਗੇ ਵਧਾਇਆ ਅਤੇ ਦੇਸ਼ ਦੇ ਲੋਕਾਂ ਨੂੰ ਸੋਵੀਅਤ ਯੂਨੀਅਨ ਦਾ ਪ੍ਰਭਾਵ ਵਾਪਸ ਲੈਣ ਦੇ ਸੁਪਨੇ ਦਿਖਾਏ। 2014 ਵਿਚ, ਪੁਤਿਨ ਨੇ ਕ੍ਰੀਮੀਆ ਉਤੇ ਹਮਲਾ ਕਰ ਕੇ ਉਸ ਨੂੰ ਅਪਣੇ ਨਾਲ ਮਿਲਾ ਲਿਆ। ਜਨਵਰੀ 2020 ਵਿਚ, ਪੁਤਿਨ ਨੇ ਇਕ ਸੰਵਿਧਾਨਕ ਸੋਧ ਦੁਆਰਾ ਦੋ-ਮਿਆਦ ਦੀ ਰਾਸ਼ਟਰਪਤੀ ਸੀਮਾ ਨੂੰ ਖਤਮ ਕਰ ਦਿਤਾ। ਇਸ ਨੂੰ ਸਹੀ ਸਾਬਤ ਕਰਨ ਲਈ ਪੁਤਿਨ ਨੇ ਰਾਏਸ਼ੁਮਾਰੀ ਕਰਵਾਈ। ਇਸ ਨਾਲ ਪੁਤਿਨ ਲਈ 2036 ਤਕ ਰਾਸ਼ਟਰਪਤੀ ਬਣੇ ਰਹਿਣ ਦਾ ਰਸਤਾ ਸਾਫ਼ ਹੋ ਗਿਆ। ਇਸ ਨਾਲ ਪੁਤਿਨ ਲਗਭਗ ਤਿੰਨ ਦਹਾਕਿਆਂ ਤਕ ਸੋਵੀਅਤ ਸੰਘ ‘ਤੇ ਸ਼ਾਸਨ ਕਰਨ ਵਾਲੇ ਸਟਾਲਿਨ ਤੋਂ ਅੱਗੇ ਹੋ ਜਾਣਗੇ।