
(ਹਰਜੀਤ ਲਸਾੜਾ, ਬ੍ਰਿਸਬੇਨ 22 ਜੁਲਾਈ) ਇੱਥੇ ਸ਼੍ਰੀ ਗੁਰੂ ਰਵਿਦਾਸ ਸਭਾ ਬ੍ਰਿਸਬੇਨ ਵੱਲੋਂ ਗਲੋਬਲ ਇੰਸਟਿਊਟ ਵਿਖੇ ਇੱਕ ਵਿਸ਼ੇਸ਼ ਸਮਾਗਮ ਵਿੱਚ ਪੰਜਾਬੀ ਸਾਹਿਤ ਅਤੇ ਸੰਗੀਤ ਜਗਤ ਦੀਆਂ ਦੋ ਪ੍ਰਮੁੱਖ ਸ਼ਖਸੀਅਤਾਂ, ਉਸਤਾਦ ਸ਼ਾਇਰ ਗੁਰਦਿਆਲ ਰੌਸ਼ਨ ਅਤੇ ਪ੍ਰਸਿੱਧ ਲੋਕ ਗਾਇਕਾ ਸੁਦੇਸ਼ ਕੁਮਾਰੀ ਨੇ ਸ਼ਮੂਲੀਅਤ ਕੀਤੀ।
ਬਲਵਿੰਦਰ ਮੋਰੋਂ ਅਨੁਸਾਰ ਗੁਰਦਿਆਲ ਰੌਸ਼ਨ ਦੀ ਭਾਵਪੂਰਤ ਅਤੇ ਸਮਾਜਿਕ ਸਰੋਕਾਰਾਂ ਨਾਲ ਭਰਪੂਰ ਸ਼ਾਇਰੀ ਨੇ ਪੰਜਾਬੀ ਸਾਹਿਤ ‘ਚ ਨਵੀਂਆਂ ਉਚਾਈਆਂ ਪ੍ਰਦਾਨ ਕੀਤੀਆਂ ਹਨ ਅਤੇ ਸਮਾਜ ਵਿੱਚ ਚੇਤਨਾ ਜਗਾਉਣ ਵਿੱਚ ਅਹਿਮ ਯੋਗਦਾਨ ਪਾਇਆ ਹੈ। ਸਮਾਗਮ ਦੌਰਾਨ ਉਨ੍ਹਾਂ ਦੀਆਂ ਚੁਣੀਆਂ ਹੋਈਆਂ ਕਵਿਤਾਵਾਂ ਦਾ ਪਾਠ ਵੀ ਕੀਤਾ ਗਿਆ, ਜਿਸ ਨੇ ਸਰੋਤਿਆਂ ਦੇ ਦਿਲਾਂ ਨੂੰ ਛੂਹਿਆ। ਇਸੇ ਤਰ੍ਹਾਂ ਪ੍ਰਸਿੱਧ ਲੋਕ ਗਾਇਕਾ ਸੁਦੇਸ਼ ਕੁਮਾਰੀ ਨੂੰ ਉਨ੍ਹਾਂ ਦੀ ਸੁਰੀਲੀ ਆਵਾਜ਼ ਅਤੇ ਪੰਜਾਬੀ ਲੋਕ ਸੰਗੀਤ ਨੂੰ ਅੰਤਰਰਾਸ਼ਟਰੀ ਪੱਧਰ ’ਤੇ ਪਹੁੰਚਾਉਣ ਦੀਆਂ ਕੋਸ਼ਿਸ਼ਾਂ ਲਈ ਸਤਿਕਾਰ ਦਿੱਤਾ ਗਿਆ। ਦਲਜੀਤ ਸਿੰਘ ਅਨੁਸਾਰ ਉਨ੍ਹਾਂ ਦੀ ਗਾਇਕੀ ਨੇ ਪੰਜਾਬੀ ਵਿਰਸੇ ਅਤੇ ਸੱਭਿਆਚਾਰ ਨੂੰ ਜਿਉਂਦਾ ਰੱਖਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਸਮਾਗਮ ਵਿੱਚ ਸੁਦੇਸ਼ ਕੁਮਾਰੀ ਨੇ ਆਪਣੇ ਜਾਦੂਈ ਪ੍ਰਦਰਸ਼ਨ ਨਾਲ ਸਰੋਤਿਆਂ ਨੂੰ ਮੰਤਰਮੁਗਧ ਵੀ ਕੀਤਾ। ਸਭਾ ਦੇ ਪ੍ਰਧਾਨ ਹਰਦੀਪ ਵਾਗਲਾ ਨੇ ਕਿਹਾ ਕਿ ਇਹ ਸਨਮਾਨ ਪੰਜਾਬੀ ਸਭਿਆਚਾਰ ਅਤੇ ਵਿਰਸੇ ਨੂੰ ਪ੍ਰਫੁੱਲਤ ਕਰਨ ਵਾਲੀਆਂ ਸ਼ਖਸੀਅਤਾਂ ਪ੍ਰਤੀ ਸਮਾਜ ਦੀ ਸ਼ਰਧਾ ਅਤੇ ਸਤਿਕਾਰ ਦਾ ਪ੍ਰਤੀਕ ਹੈ। ਅਜਿਹੇ ਸਮਾਗਮ ਪੰਜਾਬੀ ਭਾਈਚਾਰੇ ਨੂੰ ਇਕਜੁਟ ਕਰਨ ਅਤੇ ਨੌਜਵਾਨ ਪੀੜ੍ਹੀ ਨੂੰ ਆਪਣੀਆਂ ਜੜ੍ਹਾਂ ਨਾਲ ਜੋੜਨ ਵਿੱਚ ਮਦਦਗਾਰ ਸਾਬਤ ਹੁੰਦੇ ਹਨ। ਇਸ ਸਮਾਗਮ ਵਿਚ ਹੋਰਨਾਂ ਤੋਂ ਇਲਾਵਾ ਭਗਵਾਨ ਸਿੰਘ ਜਗੇੜਾ, ਮਨਦੀਪ ਹੀਰਾ, ਤਾਜ ਰੱਤੂ, ਜਸਵੰਤ ਵਾਗਲਾ, ਨਰਿੰਦਰ ਸਿੰਘ, ਸੁਖਪਾਲ ਸਿੰਘ, ਇੰਦਰਜੀਤ ਸਿੰਘ, ਡਾ. ਪਰਮਜੀਤ ਸਿੰਘ, ਜਗਦੀਪ ਸਿੰਘ, ਹਰਵਿੰਦਰ ਵਾਸੀ, ਜਗਤਾਰ ਸਿੰਘ, ਸਤਵਿੰਦਰ ਟੀਨੂੰ, ਜੋਹਨ ਸੈਮੂਅਲ, ਜੱਗੀ ਢੋਲੀ, ਬੰਟੀ ਪੂਨੀਆ ਆਦਿ ਨੇ ਸ਼ਮੂਲੀਅਤ ਕੀਤੀ।
ਸਮਾਗਮ ਦੇ ਅੰਤ ਵਿੱਚ ਸਨਮਾਨਿਤ ਸ਼ਖਸੀਅਤਾਂ ਨੂੰ ਸਰੋਪੇ ਅਤੇ ਨਕਦ ਰਾਸ਼ੀ ਵੀ ਭੇਟ ਕੀਤੇ ਗਏ। ਸੰਗਤ ਨੇ ਇਸ ਸਮਾਗਮ ਨੂੰ ਪੰਜਾਬੀ ਸਾਹਿਤ ਅਤੇ ਸੰਗੀਤ ਦੇ ਖੇਤਰ ਵਿੱਚ ਇੱਕ ਮੀਲ ਪੱਥਰ ਦੱਸਿਆ ਅਤੇ ਸਭਾ ਦੀ ਇਸ ਪਹਿਲਕਦਮੀ ਦੀ ਸਰਾਹਨਾ ਕੀਤੀ। ਸਮਾਗਮ ‘ਚ ਔਰਤਾਂ ਤੇ ਬੱਚਿਆਂ ਦੀ ਸ਼ਿਰਕਤ ਕਾਬਲੇ-ਤਾਰੀਫ਼ ਰਹੀ। ਮੰਚ ਸੰਚਾਲਨ ਗੁਰਦੀਪ ਜਗੇੜਾ ਵੱਲੋਂ ਬਾਖੂਬੀ ਨਿਭਾਇਆ ਗਿਆ।