ਪੰਜਾਬੀ ਸਾਹਿਤ ਅਕਾਦਮੀ ਦੀ ਚੋਣ ਹੋਈ, ਡਾ: ਸਰਬਜੀਤ ਸਿੰਘ ਪ੍ਰਧਾਨ ਬਣੇ

ਬਠਿੰਡਾ, 7 ਮਾਰਚ, ਬਲਵਿੰਦਰ ਸਿੰਘ ਭੁੱਲਰ:- ਸਾਹਿਤਕਾਰਾਂ ਦੀ ਸੰਸਾਰ ਪ੍ਰਸਿੱਧ ਸੰਸਥਾ ਪੰਜਾਬੀ ਸਾਹਿਤ ਅਕਾਦਮੀ ਦੀ ਬੀਤੇ ਦਿਨ ਹੋਈ ਚੋਣ ਚ ਦੋ ਪੈਨਲਾਂ ਡਾ: ਸਰਬਜੀਤ ਸਿੰਘ ਪੈਨਲ ਅਤੇ ਡਾ: ਲਖਵਿੰਦਰ ਸਿੰਘ ਜੌਹਲ ਪੈਨਲ ਦਰਮਿਆਨ ਸਖ਼ਤ ਮੁਕਾਬਲਾ ਹੋਇਆ। ਤੀਜਾ ਪੈਨਲ ਸ੍ਰੀਮਤੀ ਬੇਅੰਤ ਕੌਰ ਗਿੱਲ ਦਾ ਸੀ, ਜੋ ਮੁਕਾਬਲੇ ਵਿੱਚ ਨਹੀਂ ਆ ਸਕਿਆ। ਇਸ ਚੋਣ ਵਿੱਚ ਡਾ: ਸਰਬਜੀਤ ਸਿੰਘ ਪੈਨਲ ਨੇ ਲੱਗਭੱਗ ਹੂੰਝਾ ਫੇਰ ਜਿੱਤ ਹਾਸਲ ਕੀਤੀ, ਜਿਸ ਚ ਇਸ ਪੈਨਲ ਦੇ ਡਾ: ਸਰਬਜੀਤ ਸਿੰਘ ਪ੍ਰਧਾਨ, ਡਾ: ਪਾਲ ਕੌਰ ਸੀਨੀਅਰ ਮੀਤ ਪ੍ਰਧਾਨ, ਸ੍ਰੀ ਗੁਲਜਾਰ ਸਿੰਘ ਪੰਧੇਰ ਜਨਰਲ ਸਕੱਤਰ ਚੁਣੇ ਗਏ। ਇਸਤੋਂ ਇਲਾਵਾ ਸਰਵ ਸ੍ਰੀ ਜਸਪਾਲ ਮਾਨਖੇੜਾ, ਹਰਵਿੰਦਰ ਸਿੰਘ ਸਿਰਸਾ, ਅਰਵਿੰਦਰ ਕੌਰ ਕਾਕੜਾ, ਗੁਰਚਰਨ ਕੌਰ ਕੋਚਰ ਤੇ ਤਿ੍ਰਲੋਚਨ ਲੋਚੀ ਦੀ ਮੀਤ ਪ੍ਰਧਾਨ ਵਜੋਂ ਚੋਣ ਹੋਈ। ਸਰਵ ਸ੍ਰੀ ਹਰੀ ਸਿੰਘ ਜਾਚਕ, ਸ਼ਬਦੀਸ, ਸਹਿਜਪ੍ਰੀਤ ਮਾਂਗਟ, ਸੰਜੀਵਨ ਸਿੰਘ, ਨਰਿੰਦਰਪਾਲ ਕੌਰ, ਵਾਹਿਦ, ਹਰਜਿੰਦਰ ਸਿੰਘ ਜੰਮੂ, ਸੰਤੋਖ ਸਿੰਘ ਸੁੱਖੀ, ਕੰਵਲਜੀਤ ਸਿੰਘ ਭੱਠਲ, ਵਰਗਿਸ ਸਲਾਮਤ, ਸਰਘੀ ਜੰਮੂ, ਦੀਪ ਜਗਦੀਪ, ਕਰਮਜੀਤ ਗਰੇਵਾਲ, ਬਲਵਿੰਦਰ ਚਹਿਲ ਤੇ ਨਵਤੇਜ ਗੜਦੀਵਾਲ ਪ੍ਰਬੰਧਕੀ ਕਮੇਟੀ ਦੇ ਮੈਂਬਰ ਚੁਣੇ ਗਏ। ਇਸ ਮੌਕੇ ਡਾ: ਜੌਹਲ ਨੇ ਨਵੇਂ ਬਣੇ ਪ੍ਰਧਾਨ ਡਾ: ਸਰਬਜੀਤ ਸਿੰਘ ਤੇ ਸਮੁੱਚੀ ਜੇਤੂ ਟੀਮ ਨੂੰ ਵਧਾਈ ਦਿੱਤੀ।

ਇਸ ਉਪਰੰਤ ਸਾਹਿਤਕਾਰਾਂ ਨੂੰ ਸੰਬੋਧਨ ਕਰਦਿਆਂ ਚੋਣ ਸੰਚਾਲਨ ਕਮੇਟੀ ਦੇ ਆਗੂ ਡਾ: ਸੁਖਦੇਵ ਸਿੰਘ ਸਿਰਸਾ ਨੇ ਕਿਹਾ ਕਿ ਸੰਸਾਰ ਭਰ ਦੇ ਸਾਹਿਤਕਾਰਾਂ ਨੇ ਡਾ: ਸਰਬਜੀਤ ਸਿੰਘ ਤੇ ਉਸਦੀ ਟੀਮ ਨੂੰ ਵੱਡੀ ਜੁਮੇਵਾਰੀ ਸੌਂਪੀ ਹੈ ਅਤੇ ਉਹ ਇਹ ਕਾਰਜ ਤਨਦੇਹੀ ਨਾਲ ਕਰਨਗੇ। ਡਾ: ਕੁਲਦੀਪ ਸਿੰਘ ਦੀਪ ਨੇ ਕਿਹਾ ਕਿ ਅੱਜ ਮਾਂ ਬੋਲੀ ਪੰਜਾਬੀ ਢਾਅ ਲਾਉਣ ਦੀਆਂ ਸਾਜ਼ਿਸਾਂ ਰਚੀਆਂ ਜਾ ਰਹੀਆਂ ਹਨ, ਉਮੀਦ ਕਰਦੇ ਹਾਂ ਕਿ ਨਵੀਂ ਚੁਣੀ ਗਈ ਟੀਮ ਅਜਿਹੀਆਂ ਸਾਜ਼ਿਸਾਂ ਨੂੰ ਨਾਕਾਮ ਕਰਨ ਅਤੇ ਪੰਜਾਬੀ ਦੇ ਵਿਕਾਸ ਲਈ ਹਰ ਸੰਭਵ ਯਤਨ ਕਰੇਗੀ। ਨਵ ਨਿਯੁਕਤ ਪ੍ਰਧਾਨ ਡਾ: ਸਰਬਜੀਤ ਸਿੰਘ ਦਾ ਕਹਿਣਾ ਸੀ ਕਿ ਉਹਨਾਂ ਦੀ ਟੀਮ ਗਰੁੱਪਬਾਜੀ ਤੋਂ ਉੱਪਰ ਉੱਠ ਕੇ ਸਭਨਾਂ ਦੇ ਸਹਿਯੋਗ ਨਾਲ ਮਾਂ ਬੋਲੀ ਦੀ ਬਿਹਤਰੀ ਲਈ ਕੰਮ ਕਰੇਗੀ। ਨਵੇਂ ਚੁਣੇ ਗਏ ਮੀਤ ਪ੍ਰਧਾਨ ਸ੍ਰੀ ਜਸਪਾਲ ਮਾਨਖੇੜਾ ਨੇ ਕਿਹਾ ਕਿ ਉਹਨਾਂ ਨੂੰ ਜੋ ਜੁਮੇਵਾਰੀ ਸੌਂਪੀ ਗਈ ਹੈ ਉਸਤੇ ਉਹ ਖ਼ਰੇ ਉੱਤਰਨਗੇ ਅਤੇ ਸਾਹਿਤਕਾਰਾਂ ਨੂੰ ਦਰਪੇਸ਼ ਸਮੱਸਿਆਵਾਂ ਦੇ ਹੱਲ ਲਈ ਸੰਭਵ ਯਤਨ ਕਰਨਗੇ।