ਐੱਸ.ਜੀ.ਪੀ.ਸੀ. ਨੂੰ ਅਮਰੀਕਾ ਦੇ ਗੁਰਦੁਆਰਾ ਸਾਹਿਬਾਨਾਂ ‘ਚ ਵੱਧ ਤੋਂ ਵੱਧ ਪਹੁੰਚ ਬਣਾਉਣ ਦੀ ਲੋੜ- ਜਸਦੀਪ ਸਿੰਘ ਜੱਸੀ
ਨਿਊਯਾਰਕ, 7 ਮਾਰਚ (ਰਾਜ ਗੋਗਨਾ )- ਅਮਰੀਕਾ ਦੀ ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਸਮਾਜ ਸੇਵੀ ਅਤੇ ਸਿੱਖੀ ਦੀ ਚੜਦੀ ਕਲਾ ਲਈ ਕੰਮ ਕਰਨ ਵਾਲੀ ਸਮਾਜ ਸੇਵੀ ਸੰਸਥਾ ਸਿੱਖਸ ਆਫ਼ ਅਮੈਰਿਕਾ ਦੇ ਉੱਚ ਪੱਧਰੀ ਵਫਦ ਵਲੋਂ ਚੇਅਰਮੈਨ ਸ੍ਰ. ਜਸਦੀਪ ਸਿੰਘ ਜੱਸੀ ਦੀ ਅਗਵਾਈ ‘ਚ ਐੱਸ.ਜੀ.ਪੀ.ਸੀ. ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨਾਲ ਵਿਸ਼ੇਸ਼ ਮੁਲਾਕਾਤ ਕੀਤੀ ਗਈ। ਇਸ ਮੌਕੇ ਸ੍ਰ. ਜੱਸੀ ਤੋਂ ਇਲਾਵਾ ਬਲਜਿੰਦਰ ਸਿੰਘ ਸ਼ੰਮੀ ਵਾਈਸ ਪ੍ਰਧਾਨ, ਮੁਸਲਿਮ ਆਫ ਅਮੈਰਿਕਾ ਦੇ ਚੇਅਰਮੈਨ ਸਾਜਿਦ ਤਰਾਰ, ਇੰਡੀਆ ਕੋਆਰਡੀਨੇਟਰ ਵਰਿੰਦਰ ਸਿੰਘ ਅਤੇ ਸੁਖਪਾਲ ਸਿੰਘ ਧਨੋਆ ਵੀ ਸ਼ਾਮਿਲ ਸਨ।
ਇਸ ਮੌਕੇ ਸ੍ਰ. ਜਸਦੀਪ ਸਿੰਘ ਜੱਸੀ ਨੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨਾਲ ਲੰਮਾ ਸਮਾਂ ਪੰਥਕ ਵਿਚਾਰਾਂ ਕੀਤੀਆਂ। ਉਹਨਾਂ ਐਡਵੋਕੇਟ ਧਾਮੀ ਤੋਂ ਮੰਗ ਕੀਤੀ ਕਿ ਐੱਸ.ਜੀ.ਪੀ.ਸੀ. ਨੂੰ ਅਮਰੀਕਾ ਸਥਿੱਤ ਗੁਰਦੁਆਰਾ ਸਾਹਿਬਾਨਾਂ ਤੱਕ ਪਹੁੰਚ ਕਰਨੀ ਚਾਹੀਦੀ ਹੈ ਤਾਂ ਜੋ ਸ੍ਰੀ ਅਕਾਲ ਤਖਤ ਸਾਹਿਬ ਦੀ ਮਰਿਆਦਾ ਹਰ ਪਾਸੇ ਲਾਗੂ ਹੋ ਸਕੇ। ਘੱਟ ਜਾਣਕਾਰੀ ਕਾਰਨ ਕਈ ਜਗਾ ‘ਤੇ ਸਿੱਖ ਰਹਿਤ ਮਰਿਆਦਾ ਦੀ ਅਵੱਗਿਆ ਹੋ ਰਹੀ ਹੈ।ਜਿਸ ਨੂੰ ਜਲਦੀ ਤੋਂ ਜਲਦੀ ਰੋਕਣ ਦੀ ਲੋੜ ਹੈ। ਇਸ ਮੰਗ ਉੱਤੇ ਐਡਵੋਕੇਟ ਧਾਮੀ ਨੇ ਸਹਿਮਤੀ ਜਤਾਉਂਦਿਆਂ ਕਿਹਾ ਕਿ ਐੱਸ.ਜੀ.ਪੀ.ਸੀ. ਜਲਦੀ ਹੀ ਇਸ ਮੰਗ ਉੱਤੇ ਗੌਰ ਕਰ ਕੇ ਇਸ ਖੇਤਰ ‘ਚ ਕੰਮ ਸ਼ੁਰੂ ਕਰੇਗੀ।
ਇਸ ਮੌਕੇ ਐਡਵੋਕੇਟ ਧਾਮੀ ਨੇ ਸਿੱਖਸ ਆਫ਼ ਅਮੈਰਿਕਾ ਵਲੋਂ ਅੰਤਰਰਾਸ਼ਟਰੀ ਪੱਧਰ ‘ਤੇ ਸਮਾਜ ਸੇਵੀ ਅਤੇ ਸਿੱਖੀ ਦੀ ਚੜਦੀ ਕਲਾ ਲਈ ਕੀਤੇ ਜਾਂਦੇ ਕਾਰਜਾਂ ਦੀ ਵਡਿਆਈ ਵੀ ਕੀਤੀ ਅਤੇ ਹਰ ਤਰਾਂ ਦੇ ਸਹਿਯੋਗ ਦੀ ਪੇਸ਼ਕਸ਼ ਵੀ ਕੀਤੀ।