ਬਠਿੰਡਾ, 7 ਮਈ, ਬਲਵਿੰਦਰ ਸਿੰਘ ਭੁੱਲਰ: ਅਦਾਰਾ ਸਾਹਿਤਕ ਸੰਵਾਦ ਵੱਲੋਂ ਸਥਾਨਕ ਟੀਚਰਜ ਹੋਮ ਦੇ ਜਗਮੋਹਨ ਕੌਸ਼ਲ ਯਾਦਗਾਰੀ ਹਾਲ ਵਿੱਚ ਇੱਕ ਪ੍ਰਭਾਵਸ਼ਾਲੀ ਸਾਹਿਤਕ ਸਮਾਗਮ ਦਾ ਆਯੋਜਨ ਕੀਤਾ ਗਿਆ। ਪ੍ਰੋਗਰਾਮ ਦੇ ਪ੍ਰਧਾਨਗੀ ਮੰਡਲ ਵਿੱਚ ਪ੍ਰਸਿੱਧ ਕਹਾਣੀਕਾਰ ਤੇ ਪੰਜਾਬੀ ਸਾਹਿਤ ਅਕਾਦਮੀ ਦੇ ਮੀਤ ਪ੍ਰਧਾਨ ਸ੍ਰੀ ਜਸਪਾਲ ਮਾਨਖੇੜਾ, ਜਿਲਾ ਭਾਸ਼ਾ ਅਫ਼ਸਰ ਫਾਜਿਲਕਾ ਸ੍ਰੀ ਭੁਪਿੰਦਰ ਉਤਰੇਜਾ ਅਤੇ ਉੱਘੇ ਗਜਲਗੋ ਸ੍ਰੀ ਆਤਮਾ ਰਾਮ ਰੰਜਨ ਸ਼ਾਮਲ ਸਨ। ਸਮਾਗਮ ਦੀ ਸੁਰੂਆਤ ਪਰਮਿੰਦਰ ਪੈਮ ਦੇ ਗੀਤ ਨਾਲ ਹੋਈ ਅਤੇ ਸ੍ਰੀ ਅਮਰਜੀਤ ਜੀਤ ਨੇ ਸਵਾਗਤੀ ਸ਼ਬਦਾਂ ਨਾਲ ਮਹਿਮਾਨਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਿਹਾ।
ਸਮਾਗਮ ਦੇ ਪਹਿਲੇ ਭਾਗ ਵਿੱਚ ਸ੍ਰੀ ਸੁਖਦੇਵ ਸਿੰਘ ਅਰਮਾਨ ਦੀ ਪੁਸਤਕ ‘ਸਲਫੀਆਂ ਲੈਂਦੀ ਧੁੱਪ’ ਉੱਤੇ ਵਿਚਾਰ ਚਰਚਾ ਕੀਤੀ ਗਈ। ਇਸ ਪੁਸਤਕ ਤੇ ਜਗਮੀਤ ਹਰਫ਼ ਨੇ ਪਰਚਾ ਪੜਿਆ, ਦੂਜਾ ਸਰਬਜੀਤ ਸੰਧੂ ਵੱਲੋਂ ਲਿਖਿਆ ਪਰਚਾ ਅਮਿ੍ਰਤ ਕਲੇਰ ਚੀਦਾ ਨੇ ਪੜਿਆ। ਇਸ ਉਪਰੰਤ ਪੁਸਤਕ ਦੇ ਲੇਖਕ ਸ੍ਰੀ ਅਰਮਾਨ ਨੇ ਵਿਦਵਾਨਾਂ ਦੇ ਪੜੇ ਪਰਚੇ ਨਾਲ ਸਹਿਮਤੀ ਪ੍ਰਗਟ ਕਰਦੇ ਹੋਏ ਦੋ ਗ਼ਜ਼ਲਾਂ ਪੇਸ਼ ਕੀਤੀਆਂ। ਪੁਸਤਕ ਤੇ ਵੱਖ ਵੱਖ ਬੁਲਾਰਿਆਂ ਨੇ ਆਪਣੇ ਵਿਚਾਰ ਪੇਸ਼ ਕੀਤੇ। ਇਸੇ ਦੌਰਾਨ ਸ੍ਰ: ਬਲਦੇਵ ਸਿੰਘ ਆਜ਼ਾਦ ਯਾਦਗਾਰੀ ਸਨਮਾਨ ਚਿੰਨ ਪ੍ਰਸਿੱਧ ਵਿਅੰਗਕਾਰ ਸ੍ਰੀ ਤਿ੍ਰਲੋਕ ਢਿੱਲੋਂ ਨੂੰ ਦਿੱਤਾ ਗਿਆ।
ਸਮਾਗਮ ਦੇ ਦੂਸਰੇ ਭਾਗ ਵਿੱਚ ਹੋਏ ਕਵੀ ਦਰਬਾਰ ’ਚ ਸਰਵ ਸ੍ਰੀ ਬਲਵਿੰਦਰ ਭੱਟੀ ਪਟਿਆਲਾ, ਸੁਖਵਿੰਦਰ ਲੋਟੇ ਧੂਰੀ, ਬਲਜਿੰਦਰ ਭਾਰਤੀ, ਕਲਵਿੰਦਰ ਕੋਟਕਪੂਰਾ, ਸੁਖਵੀਰ ਸਿੰਘ ਉੱਚੇਪਿੰਡੀਆ, ਹਰਦੀਪ ਢਿੱਲੋਂ ਅਬੋਹਰ, ਰਣਜੀਤ ਗੌਰਵ, ਆਤਮਾ ਰਾਮ ਰੰਜਨ, ਜਸਪਾਲ ਮਾਨਖੇੜਾ, ਬਲਵਿੰਦਰ ਸਿੰਘ ਭੁੱਲਰ, ਕੁਲਦੀਪ ਸਿੰਘ ਬੰਗੀ, ਅਮਰਜੀਤ ਜੀਤ, ਰਾਜਬਿੰਦਰ ਸ਼ਮੀਰ, ਗੁਰਸੇਵਕ ਬੀੜ, ਗੁਰੀ ਆਦੀਵਾਲ, ਦਵੀ ਸਿੱਧੂ, ਵੀਰਪਾਲ ਮੋਹਲ, ਅਮਰਜੀਤ ਹਰੜ, ਸੁਖਵੀਰ ਕੌਰ ਸਰਾਂ, ਅਮਿ੍ਰਤ ਕਲੇਰ ਚੀਦਾ, ਸੁਰਜੀਤ ਕੌਰ ਹੋਰਾਂ ਆਪਣੀਆਂ ਰਚਨਾਵਾਂ ਪੇਸ਼ ਕਰਕੇ ਹਾਜ਼ਰੀ ਲਵਾਈ ਤੇ ਰੰਗ ਬੰਨਿਆਂ।
ਇਸ ਉਪਰੰਤ ਸਮਾਗਮ ਦੇ ਮੁੱਖ ਮਹਿਮਾਨ ਸ੍ਰੀ ਜਸਪਾਲ ਮਾਨਖੇੜਾ ਨੇ ਸਮਾਗਮ ਦੀ ਸਫ਼ਲਤਾ ਤੇ ਤਸੱਲੀ ਦਾ ਪ੍ਰਗਟਾਵਾ ਕੀਤਾ। ਉਹਨਾਂ ਪੰਜਾਬੀ ਸਾਹਿਤ ਅਕਾਦਮੀ ਦੇ ਪ੍ਰੋਗਰਾਮਾਂ ਦੀ ਜਾਣਕਾਰੀ ਦਿੱਤੀ ਅਤੇ ਪੰਜਾਬੀ ਸਾਹਿਤ ਸਭਾ ਰਜਿ: ਬਠਿੰਡਾ ਦੇ ਇਤਿਹਾਸ ਤੋਂ ਜਾਣੂ ਕਰਵਾਇਆ। ਉਹਨਾਂ ਸਾਹਿਤਕਾਰਾਂ ਵੱਲੋਂ ਲੋਕ ਪੱਖੀ ਤੇ ਮਿਆਰੀ ਸਾਹਿਤ ਰਚਨ ਦੀ ਲੋੜ ਤੇ ਜੋਰ ਦਿੱਤਾ, ਤਾਂ ਜੋ ਪੰਜਾਬੀ ਸਾਹਿਤ ਨੂੰ ਦੁਨੀਆਂ ਪੱਧਰ ਦੇ ਸਾਹਿਤ ਦੇ ਮੁਕਾਬਲੇ ਤੱਕ ਲਿਜਾਇਆ ਜਾ ਸਕੇ। ਇਸ ਮੌਕੇ ਸਮਾਗਮ ਵਿੱਚ ਰਚਨਾਵਾਂ ਪੇਸ਼ ਕਰਨ ਵਾਲੇ ਸਾਹਿਤਕਾਰਾਂ ਨੂੰ ਸਨਮਾਨ ਚਿੰਨ ਭੇਂਟ ਕਰਕੇ ਉਹਨਾਂ ਦੀ ਹੌਂਸਲਾ ਅਫ਼ਜਾਈ ਕੀਤੀ ਗਈ। ਅੰਤ ਵਿੱਚ ਸ੍ਰੀ ਆਤਮਾ ਰਾਮ ਰੰਜਨ ਨੇ ਸਭਨਾਂ ਦਾ ਧੰਨਵਾਦ ਕੀਤਾ। ਸਟੇਜ ਸਕੱਤਰ ਦੀ ਭੂਮਿਕਾ ਸ੍ਰੀ ਕੁਲਦੀਪ ਬੰਗੀ ਨੇ ਬਾਖੂਬੀ ਨਿਭਾਈ।