ਅਮੀਨ ਸਿਆਨੀ ਦੀ ਤੀਬਰ ਇੱਛਾ ਹੀ ਰਹਿ ਗਈ ਅਧੂਰੀ !

ਜਦੋਂ ਗੀਤਮਾਲਾ ਪ੍ਰੋਗਰਾਮ ਚੱਲਦਾ ਸੀ ਤਾਂ ਸੜਕਾਂ ਸੁੰਨੀਆਂ ਹੋ ਜਾਂਦੀਆਂ ਸਨ

ਪ੍ਰੋ. ਕੁਲਬੀਰਸਿੰਘ:- ਰੇਡੀਓ ਟੈਲੀਵਿਜ਼ਨ ਐਂਕਰ ਅਮੀਨ ਸਿਆਨੀ ਵਰਗੇ ਵੀ ਹੋ ਸਕਦੇ ਹਨ। ਇਕ ਯੁਗ, ਇਕ ਇਤਿਹਾਸ ਜਿਸਨੂੰ ਦੁਨੀਆਂ ਜਾਣਦੀ ਹੈ, ਪਹਿਚਾਣਦੀ ਹੈ। ਜਿਸਤੋਂ ਦੁਨੀਆਂ ਸਿੱਖਦੀ ਹੈ, ਸਮਝਦੀ ਹੈ। ਕੋਈ ਰੇਡੀਓ, ਟੈਲੀਵਿਜ਼ਨ ਐਂਕਰ-ਸੰਚਾਲਕ ਐਨਾ ਪ੍ਰਸਿੱਧ, ਐਨਾ ਚਰਚਿਤ, ਐਨਾ ਲੋਕਪ੍ਰਿਯ, ਐਨਾ ਹਰਮਨਪਿਆਰਾ ਵੀ ਹੋ ਸਕਦਾ ਹੈ, ਇਹ ਸਵਾਲ – ਇਹ ਖਿਆਲ ਅਕਸਰ ਮੇਰੇ ਮਨ ਵਿਚ ਉੱਭਰ ਆਉਂਦਾ ਹੈ। ਕੋਈ ਐਂਕਰ – ਕੋਈ ਸੰਚਾਲਕ ਕਿਸੇ ਪ੍ਰੋਗਰਾਮ ਨੂੰ ਐਨਾ ਬੁਲੰਦੀਆਂ ʼਤੇ ਲਿਜਾ ਸਕਦਾ ਹੈ ਜਿਨ੍ਹਾਂ ʼਤੇ ਬਿਨਾਕਾ ਗੀਤਮਾਲਾ ਪਹੁੰਚ ਗਿਆ ਸੀ, ਸੋਚ ਕੇ ਹੈਰਾਨੀ ਹੁੰਦੀ ਹੈ।
ਅਮੀਨ ਸਿਆਨੀ ਨੇ 55000 ਰੇਡੀਓ ਪ੍ਰੋਗਰਾਮਾਂ ਨੂੰ ਆਵਾਜ਼ ਦਿੱਤੀ। ਉਸਦੀ ਆਵਾਜ਼ ਐਨੀ ਦਿਲਕਸ਼, ਐਨੀ ਆਕਰਸ਼ਕ, ਐਨੀ ਲੈਅਬਧ, ਐਨੀ ਗੋਲਾਈਦਾਰ, ਐਨੀ ਪਿਆਰੀ ਸੀ ਕਿ ਜਿਹੜਾ ਵੀ ਸੁਣਦਾ ਸੀ ਉਸਦਾ ਮਰੀਦ ਹੋ ਜਾਂਦਾ ਸੀ। ਉਸਨੇ ਆਪਣੀ ਆਵਾਜ਼, ਆਪਣੇ ਅੰਦਾਜ਼ ਨਾਲ ਰੇਡੀਓ ਦੀ ਦੁਨੀਆਂ ਹੀ ਬਦਲ ਦਿੱਤੀ। ਬਿਨਾਕਾ ਗੀਤਮਾਲਾ ਦੀ ਦੇਸ਼ ਦੁਨੀਆਂ ਵਿਚ ਲਗਾਤਾਰ 40 ਸਾਲ ਧਾਂਕ ਰਹੀ। ਅਮੀਨ ਸਿਆਨੀ ਆਪਣੀ ਜਾਦੂਮਈ ਆਵਾਜ਼ ਅਤੇ ਦਿਲਕਸ਼ ਸ਼ਖ਼ਸੀਅਤ ਸਦਕਾ ਦਹਾਕਿਆਂ ਤੱਕ ਰੇਡੀਓ ਸਰੋਤਿਆਂ ਦੇ ਦਿਲ-ਦਿਮਾਗ਼ ʼਤੇ ਛਾਇਆ ਰਿਹਾ। ਹਰ ਕੋਈ ਉਸਨੂੰ ਆਪਣਾ ਸਮਝਦਾ, ਆਪਣੇ ਨੇੜੇ ਮਹਿਸੂਸ ਕਰਦਾ।

ਬਤੌਰ ਐਂਕਰ ਆਲ ਇੰਡੀਆ ਰੇਡੀਓ ਤੋਂ ਸ਼ੁਰੂਆਤ ਕਰਕੇ ਉਹ ਦੁਨੀਆਂ ਭਰ ਵਿਚ ਫੈਲਦਾ ਗਿਆ। ਫ਼ਿਲਮਾਂ ਵਾਲੇ ਉਸਨੂੰ ਆਪਣੀਆਂ ਫ਼ਿਲਮਾਂ ਵਿਚ ਰੇਡੀਓ ਅਨਾਊਂਸਰ ਵਜੋਂ ਪੇਸ਼ ਕਰਦੇ। ਇੰਝ ਕਰਕੇ ਉਹ ਉਸਦੀ ਸ਼ੁਹਰਤ, ਉਸਦੀ ਹਰਮਨਪਿਆਰਤਾ ਨੂੰ ਆਪਣੀ ਫ਼ਿਲਮ ਦੀ ਕਾਮਯਾਬੀ ਲਈ ਵਰਤਣਾ ਚਾਹੁੰਦੇ ਸਨ।

ਲਿਮਕਾ ਬੁਕਸ ਆਫ਼ ਰਿਕਾਰਡ ਵਿਚ ਆਪਣਾ ਨਾਂ ਦਰਜ ਕਰਾਉਣ ਵਾਲਾ ਉਹ ਇਕੋ ਇਕ ਰੇਡੀਓ ਐਂਕਰ ਸੀ। ਰੇਡੀਓ ਪੇਸ਼ਕਾਰ ਵਜੋਂ ਗੋਲਡ ਮੈਡਲ ਪ੍ਰਾਪਤ ਕਰਨ ਵਾਲਾ ਵੀ ਉਹ ਸ਼ਾਇਦ ਇਕੱਲਾ ਹੀ ਸੀ।

ਉਮਰ ਦੇ ਨਾਲ ਨਾਲ ਸਿਹਤ ਸਮੱਸਿਆਵਾਂ ਵੀ ਸ਼ੁਰੁ ਹੋ ਗਈਆਂ ਸਨ ਪਰ ਉਸ ਦੀ ਤੀਬਰ ਇੱਛਾ ਸੀ ਕਿ ਮੌਤ ਤੋਂ ਪਹਿਲਾਂ ਉਹ ਆਪਣੀ ਸਵੈ-ਜੀਵਨੀ ਮੁਕੰਮਲ ਕਰ ਜਾਵੇ।

80 ਸਾਲ ਦੀ ਉਮਰ ਤੱਕ ਪੁੱਜਦਿਆਂ ਉਨ੍ਹਾਂ ਨੂੰ ਸੁਣਨ, ਬੋਲਣ ਦੀਆਂ ਸਮੱਸਿਆਵਾਂ ਦੇ ਨਾਲ ਨਾਲ ਯਾਦਦਾਸ਼ਤ ਦੀ ਸਮੱਸਿਆ ਵੀ ਆਉਣ ਲੱਗੀ ਸੀ। ਇਸੇ ਲਈ ਉਹ ਸਵੈ-ਜੀਵਨੀ ਸ਼ੁਰੂ ਕਰਕੇ ਮੁਕੰਮਲ ਕਰਨ ਪ੍ਰਤੀ ਚਿੰਤਤ ਸੀ। ਦਰਅਸਲ ਉਨ੍ਹਾਂ ਦਾ ਸਮੁੱਚਾ ਜੀਵਨ ਸੰਘਰਸ਼ ਤੇ ਜਦੋਜਹਿਦ ਦੇ ਨਾਲ ਨਾਲ ਦਿਲਚਸਪ ਯਾਦਾਂ ਅਤੇ ਖੁਸ਼ਨੁਮਾ ਪ੍ਰਾਪਤੀਆਂ ਤੇ ਬੁਲੰਦੀਆਂ ਦੀ ਗਾਥਾ ਸੀ ਜਿਸਤੋਂ ਮੀਡੀਆ ਜਗਤ ਅਤੇ ਆਉਣ ਵਾਲੀਆਂ ਪੀੜ੍ਹੀਆਂ ਪ੍ਰੇਰਨਾ ਲੈ ਸਕਦੀਆਂ ਸਨ। ਪਰੰਤੂ ਅਮੀਨ ਸਿਆਨੀ ਦੀ ਇਹ ਖਾਹਿਸ਼ ਅਧੂਰੀ ਹੀ ਰਹਿ ਗਈ। ਕਿਉਂ ਕਿ ਸਮਾਂ ਰਹਿੰਦੇ ਆਪਣੀ ਜੀਵਨ ਕਹਾਣੀ ਨੂੰ ਕਾਗਜ਼ ʼਤੇ ਉਤਾਰਨ ਦੀ ਬਜਾਏ ਉਹ ਸੋਚਦੇ ਹੀ ਰਹੇ ਅਤੇ ਲੋੜੀਂਦੀ ਸੰਬੰਧਤ ਸਮੱਗਰੀ ਇਕੱਤਰ ਕਰਦੇ ਰਹੇ ਅਤੇ ਸਮਾਂ ਹੱਥੋਂ ਕਿਰਦਾ ਗਿਆ।

ਦੁਨੀਆਂ ਵਿਚ ਅਨੇਕਾਂ ਸ਼ਖ਼ਸੀਅਤਾਂ, ਅਨੇਕਾਂ ਕਲਕਾਰ ਅਜਿਹੇ ਹਨ ਜਿਨ੍ਹਾਂ ਆਪਣੀ ਸਵੈ-ਜੀਵਨੀ ਨਹੀਂ ਲਿਖੀ ਪਰ ਹੋਰਨਾਂ ਲੇਖਕਾਂ ਨੇ ਉਨ੍ਹਾਂ ਦੀ ਜੀਵਨ ਕਹਾਣੀ ਨੂੰ ਜੀਵਨੀ ਦੇ ਰੂਪ ਵਿਚ ਸੰਭਾਲ ਲਿਆ। ਅਜਿਹਾ ਉੱਦਮ ਅਮੀਨ ਸਿਆਨੀ ਦੇ ਸੰਬੰਧ ਵਿਚ ਵੀ ਜ਼ਰੂਰ ਕੀਤਾ ਜਾਣਾ ਚਾਹੀਦਾ ਹੈ। ਸ਼ਾਇਦ ਸੰਚਾਰ-ਸਮੱਸਿਆ ਰਹਿ ਗਈ ਹੈ।

ਬਹੁਤਾ ਸੋਚਣ ਨਾਲੋਂ ਅਜਿਹੀਆਂ ਸ਼ਖ਼ਸੀਅਤਾਂ ਨੂੰ ਬਿਨ੍ਹਾਂ ਦੇਰ ਕੀਤਿਆਂ ਕਾਗਜ਼ ਪੈੱਨ ਲੈ ਕੇ ਸਵੈ-ਜੀਵਨੀ ਲਿਖਣੀ ਸ਼ੁਰੂ ਕਰ ਦੇਣੀ ਚਾਹੀਦੀ ਹੈ ਤਾਂ ਜੋ ਸਮੇਂ ਸਿਰ ਮੁਕੰਮਲ ਕਰਕੇ ਛਪਵਾ ਸਕਣ। ਅਜਿਹੀਆਂ ਚਰਚਿਤ ਤੇ ਹਰਮਨਪਿਆਰੀਆਂ ਸ਼ਖ਼ਸੀਅਤਾਂ ਦੀ ਜੀਵਨੀ, ਸਵੈ-ਜੀਵਨੀ ਹੋਰਨਾਂ ਭਾਸ਼ਾਵਾਂ ਵਿਚ ਵੀ ਅਨੁਵਾਦ ਹੋਣੀ ਚਾਹੀਦੀ ਹੈ ਤਾਂ ਜੋ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚ ਸਕੇ।

ਵੱਖ ਵੱਖ ਖੇਤਰਾਂ ਦੀਆਂ ਚਰਚਿਤ ਸ਼ਖ਼ਸੀਅਤਾਂ ਨੂੰ ਰੋਜ਼ਾਨਾ ਜਾਂ ਹਫ਼ਤਾਵਾਰ ਡਾਇਰੀ ਲਿਖਣ ਦੀ ਆਦਤ ਪਾਉਣੀ ਚਾਹੀਦੀ ਹੈ। ਅਜਿਹੀ ਡਾਇਰੀ ਜੀਵਨੀ ਜਾਂ ਸਵੈ-ਜੀਵਨੀ ਲਿਖਣ ਸਮੇਂ ਬੇਹੱਦ ਸਹਾਇਕ ਸਿੱਧ ਹੁੰਦੀ ਹੈ। ਉਸਨੂੰ ਡਾਇਰੀ ਦੇ ਰੂਪ ਵਿਚ ਵੀ ਪ੍ਰਕਾਸ਼ਿਤ ਕਰਵਾਇਆ ਜਾ ਸਕਦਾ ਹੈ।
ਭਾਰਤੀ ਟੈਲੀਵਿਜ਼ਨ ਦੀ ਦੁਨੀਆਂ ਵਿਚ ਰਮਾਇਣ ਅਤੇ ਮਹਾਂਭਾਰਤ ਅਜਿਹੇ ਲੜੀਵਾਰ ਸਨ ਜਿਨ੍ਹਾਂ ਦੇ ਪ੍ਰਸਾਰਨ ਸਮੇਂ ਸ਼ਹਿਰਾਂ ਦੀਆਂ ਸੜਕਾਂ ਸੁੰਨੀਆਂ ਹੋ ਜਾਂਦੀਆਂ ਸਨ। ਹਰ ਕੋਈ ਸੀਰੀਅਲ ਵੇਖਣ ਲਈ ਟੈਲੀਵਿਜ਼ਨ ਸੈੱਟ ਅੱਗੇ ਜਾ ਬੈਠਦਾ ਸੀ।

ਅਜਿਹਾ ਹੀ ਦ੍ਰਿਸ਼ ਉਦੋਂ ਵੇਖਣ ਨੂੰ ਮਿਲਦਾ ਸੀ ਜਦ ਅਮੀਨ ਸਿਆਨੀ ਦਾ ਰੇਡੀਓ ਪ੍ਰੋਗਰਾਮ ˈਬਿਨਾਕਾ ਗੀਤਮਾਲਾˈ ਪ੍ਰਸਾਰਿਤ ਹੁੰਦਾ ਸੀ। ਸੜਕਾਂ ʼਤੇ ਸੰਨਾਟਾ ਛਾ ਜਾਂਦਾ ਸੀ। ਬਿਨਾਕਾ ਗੀਤਮਾਲਾ ਪ੍ਰੋਗਰਾਮ ਲੋਕਾਂ ਵਿਚ ਐਨਾ ਮਕਬੂਲ ਸੀ ਕਿ ਹਰੇਕ ਹਫ਼ਤੇ 65000 ਤੋਂ ਵੱਧ ਚਿੱਠੀਆਂ ਆਉਂਦੀਆਂ ਸਨ। ਇਸੇ ਮਕਬੂਲੀਅਤ ਨੂੰ ਵੇਖਦੇ ਹੋਏ ਪ੍ਰੋਗਰਾਮ ਦਾ ਸਮਾਂ ਅੱਧ ਘੰਟੇ ਤੋਂ ਵਧਾ ਕੇ ਇਕ ਘੰਟਾ ਕਰ ਦਿੱਤਾ ਸੀ।