ਬ੍ਰਿਟਿਸ਼ ਸੰਸਦ ਮੈਂਬਰ ਪ੍ਰੀਤ ਗਿੱਲ ਨੇ ਹਾਊਸ ਆਫ ਕਾਮਨਜ਼ ‘ਚ ਭਾਰਤ ਨਾਲ ਸਬੰਧ ਰੱਖਣ ਵਾਲੇ ਏਜੰਟਾਂ ‘ਤੇ ਬ੍ਰਿਟਿਸ਼ ਸਿੱਖਾਂ ‘ਤੇ ਅੰਤਰਰਾਸ਼ਟਰੀ ਦਮਨ ਦਾ ਇਲਜ਼ਾਮ ਲਾਇਆ ਹੈ। ਲੇਬਰ ਪਾਰਟੀ ਦੇ ਸਿੱਖ ਸੰਸਦ ਮੈਂਬਰ ਪ੍ਰੀਤ ਗਿੱਲ ਨੇ ਗ੍ਰਹਿ ਦਫ਼ਤਰ ਨੂੰ ਜ਼ੁਬਾਨੀ ਸਵਾਲ ਪੁੱਛੇ ਕਿ ਸੁਰੱਖਿਆ ਮੰਤਰੀ ਟੌਮ ਤੁਗੇਂਧਾਟ ਨੇ ਦੁਸ਼ਮਣ ਦੇਸ਼ਾਂ ਦੇ ਅੰਤਰਰਾਸ਼ਟਰੀ ਦਮਨ ਨਾਲ ਨਜਿੱਠਣ ਲਈ ਅਪਣੇ ਵਿਭਾਗ ਵਲੋਂ ਚੁੱਕੇ ਗਏ ਕਦਮਾਂ ਦੀ ਪ੍ਰਭਾਵਸ਼ੀਲਤਾ ਬਾਰੇ ਕੀ ਮੁਲਾਂਕਣ ਕੀਤਾ ਹੈ।
ਗਿੱਲ ਨੇ ਮੁੱਖ ਚੈਂਬਰ ‘ਚ ਗ੍ਰਹਿ ਦਫ਼ਤਰ ਦੇ ਜ਼ੁਬਾਨੀ ਸਵਾਲਾਂ ਦੌਰਾਨ ਕਿਹਾ ਕਿ ਹਾਲ ਹੀ ਦੇ ਮਹੀਨਿਆਂ ‘ਚ ਫਾਈਵ ਆਈਜ਼ ਨੇਸ਼ਨਜ਼ ਨੇ ਬ੍ਰਿਟੇਨ ‘ਚ ਸਿੱਖ ਕਾਰਕੁਨਾਂ ਨੂੰ ਨਿਸ਼ਾਨਾ ਬਣਾਉਣ ਵਾਲੇ ਭਾਰਤ ਨਾਲ ਸਬੰਧ ਰੱਖਣ ਵਾਲੇ ਏਜੰਟਾਂ ਦੀਆਂ ਕਾਰਵਾਈਆਂ ‘ਤੇ ਚਿੰਤਾ ਜ਼ਾਹਰ ਕੀਤੀ ਹੈ। ਹਰਦੀਪ ਸਿੰਘ ਨਿੱਝਰ ਦੀ ਮੌਤ ਅਤੇ ਸਿੱਖਸ ਫਾਰ ਜਸਟਿਸ ਦੇ ਗੁਰਪਤਵੰਤ ਸਿੰਘ ਪੰਨੂ ਨੂੰ ਮਾਰਨ ਦੀ ਕਥਿਤ ਨਾਕਾਮ ਸਾਜ਼ਿਸ਼ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ, “ਸੱਭ ਤੋਂ ਜ਼ਿਆਦਾ ਪਰੇਸ਼ਾਨ ਕਰਨ ਵਾਲੀ ਗੱਲ ਇਹ ਹੈ ਕਿ ਕਥਿਤ ਤੌਰ ‘ਤੇ ਹਤਿਆ ਕੀਤੀ ਗਈ ਹੈ ਅਤੇ ਹਤਿਆ ਦੀਆਂ ਸਾਜ਼ਿਸ਼ਾਂ ਨੂੰ ਨਾਕਾਮ ਕੀਤਾ ਗਿਆ ਹੈ”।