ਯੂਕੇ-ਇੰਡੀਆ ਯੰਗ ਪ੍ਰੋਫੈਸ਼ਨਲ ਸਕੀਮ ਦੇ ਦੂਜੇ ਪੜਾਅ ਤਹਿਤ ਯੂਕੇ ਵੀਜ਼ਾ ਲਈ ਅਰਜ਼ੀ ਪ੍ਰਕਿਰਿਆ ਸ਼ੁਰੂ

ਬ੍ਰਿਟਿਸ਼ ਸਰਕਾਰ ਨੇ ਮੰਗਲਵਾਰ ਨੂੰ ਗ੍ਰੈਜੂਏਸ਼ਨ ਯੋਗਤਾ ਵਾਲੇ 18 ਤੋਂ 30 ਸਾਲ ਦੀ ਉਮਰ ਦੇ ਭਾਰਤੀਆਂ ਲਈ ਯੂਕੇ-ਇੰਡੀਆ ਯੰਗ ਪ੍ਰੋਫੈਸ਼ਨਲ ਸਕੀਮ ਦੇ ਦੂਜੇ ਪੜਾਅ ਦੇ ਤਹਿਤ ਯੂਕੇ ਵੀਜ਼ਾ ਲਈ ਅਰਜ਼ੀਆਂ ਦੀ ਪ੍ਰਕਿਰਿਆ ਸ਼ੁਰੂ ਕਰ ਦਿਤੀ ਹੈ। ਇਸ ਦੇ ਲਈ ਚਾਹਵਾਨ ਨੌਜਵਾਨ 27 ਜੁਲਾਈ ਨੂੰ ਦੁਪਹਿਰ 1.30 ਵਜੇ ਤਕ ਅਪਲਾਈ ਕਰ ਸਕਦੇ ਹਨ। ਇਹ ਵੀਜ਼ਾ ਯੋਗ ਨੌਜਵਾਨ ਭਾਰਤੀਆਂ ਨੂੰ ਦੋ ਸਾਲਾਂ ਤਕ ਯੂਕੇ ਵਿਚ ਰਹਿਣ, ਕੰਮ ਕਰਨ ਜਾਂ ਅਧਿਐਨ ਕਰਨ ਦਾ ਮੌਕਾ ਪ੍ਰਦਾਨ ਕਰਦਾ ਹੈ।

ਜੇਕਰ ਤੁਸੀਂ ਗ੍ਰੈਜੂਏਟ ਜਾਂ ਪੋਸਟ ਗ੍ਰੈਜੂਏਟ ਯੋਗਤਾ ਦੇ ਨਾਲ 18-30 ਸਾਲ ਦੀ ਉਮਰ ਦੇ ਭਾਰਤੀ ਨਾਗਰਿਕ ਹੋ, ਤਾਂ ਤੁਸੀਂ ਇੰਡੀਆ ਯੰਗ ਪ੍ਰੋਫੈਸ਼ਨਲ ਸਕੀਮ ਵੀਜ਼ਾ ਲਈ ਅਰਜ਼ੀ ਦੇਣ ਬਾਰੇ ਵਿਚਾਰ ਕਰ ਸਕਦੇ ਹੋ। ਸਾਲ 2023 ਲਈ ਇਸ ਸਕੀਮ ਤਹਿਤ ਕੁੱਲ 3,000 ਥਾਵਾਂ ਉਪਲਬਧ ਹਨ ਅਤੇ ਯੂਕੇ ਵੀਜ਼ਾ ਅਤੇ ਇਮੀਗ੍ਰੇਸ਼ਨ (ਯੂ.ਕੇ.ਵੀ.ਆਈ.) ਨੇ ਕਿਹਾ ਕਿ ਜ਼ਿਆਦਾਤਰ ਥਾਵਾਂ ਫਰਵਰੀ ਵਿਚ ਪਹਿਲੇ ਦੌਰ ਵਿਚ ਭਰੀਆਂ ਗਈਆਂ ਸਨ। ਬਾਕੀ ਥਾਵਾਂ ਦੀ ਚੋਣ ਇਸ ਮਹੀਨੇ ਦੀਆਂ ਅਰਜ਼ੀਆਂ ਵਿਚੋਂ ਕੀਤੀ ਜਾਵੇਗੀ। ਅਪਲਾਈ ਕਰਨ ਲਈ ਕਿਸੇ ਕਿਸਮ ਦੀ ਕੋਈ ਫੀਸ ਨਹੀਂ ਦੇਣੀ ਪਵੇਗੀ।

ਜੇਕਰ ਤੁਸੀਂ ਲੰਡਨ ਜਾਣ ਦੀ ਯੋਜਨਾ ਬਣਾ ਰਹੇ ਹੋ ਤਾਂ ਹੀ ਅਪਲਾਈ ਕਰੋ। ਇਸ ਦੀ ਲਾਗਤ 259 ਪੌਂਡ ਹੈ ਅਤੇ ਇਹ ਵਿੱਤੀ, ਵਿਦਿਅਕ ਅਤੇ ਹੋਰ ਲੋੜਾਂ ਨੂੰ ਪੂਰਾ ਕਰੇਗੀ। ਵਾਧੂ ਲਾਗਤਾਂ ਵਿਚ 940 ਪੌਂਡ ਸ਼ਾਮਲ ਹਨ। ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਨ੍ਹਾਂ ਦੇ ਯੂਕੇ ਦੇ ਹਮਰੁਤਬਾ ਰਿਸ਼ੀ ਸੁਨਕ ਦੁਆਰਾ ਪਿਛਲੇ ਨਵੰਬਰ ਵਿਚ ਇੰਡੋਨੇਸ਼ੀਆ ਵਿਚ ਹੋਏ ਜੀ-20 ਸੰਮੇਲਨ ਵਿਚ ਦਸਤਖਤ ਕੀਤੇ ਗਏ ਪਰਸਪਰ ਪ੍ਰਬੰਧ ਤਹਿਤ, ਬ੍ਰਿਟਿਸ਼ ਨਾਗਰਿਕਾਂ ਨੂੰ ਵੀ ਭਾਰਤ ਵਿਚ ਰਹਿਣ ਅਤੇ ਕੰਮ ਕਰਨ ਲਈ ਇਸੇ ਤਰ੍ਹਾਂ ਦੇ ਵੀਜ਼ੇ ਦੀ ਪੇਸ਼ਕਸ਼ ਕੀਤੀ ਜਾਵੇਗੀ। ਯੂਕੇ-ਇੰਡੀਆ ਯੰਗ ਪ੍ਰੋਫੈਸ਼ਨਲ ਸਕੀਮ ਦੀ ਸ਼ੁਰੂਆਤ ਨੂੰ ਦੁਵੱਲੇ ਸਬੰਧਾਂ ਲਈ ਇਕ “ਮਹੱਤਵਪੂਰਨ ਪਲ” ਕਰਾਰ ਦਿਤਾ ਗਿਆ ਸੀ।