ਲੁਟੇਰਿਆਂ ਹੱਥੋਂ ਜ਼ਖ਼ਮੀ ਹੋਏ ਕੈਨੇਡਾ ‘ਚ ਰਹਿੰਦੇ ਪੰਜਾਬੀ ਨੌਜਵਾਨ ਨੇ ਤੋੜਿਆ ਦਮ

ਬਰੈਂਪਟਨ ‘ਚ ਕੁਝ ਦਿਨ ਪਹਿਲਾਂ ਲੁਟੇਰਿਆਂ ਵੱਲੋਂ ਕਾਰ ਖੋਹਣ ਦੀ ਕੋਸ਼ਿਸ਼ ਦੌਰਾਨ ਗੰਭੀਰ ਜ਼ਖ਼ਮੀ ਕੀਤੇ ਗਏ ਪੰਜਾਬੀ ਨੌਜਵਾਨ ਗੁਰਵਿੰਦਰ ਦੀ ਮੌਤ ਹੋ ਗਈ ਹੈ। ਉਹ ਫੂਡ ਡਲਿਵਰੀ ਦਾ ਕੰਮ ਕਰਦਾ ਸੀ।

ਮਿਲੀ ਜਾਣਕਾਰੀ ਮੁਤਾਬਕ 12 ਜੁਲਾਈ ਨੂੰ ਉਹ ਮਿਸੀਸਾਗਾ ਸ਼ਹਿਰ ‘ਚ ਜਦ ਖਾਣਾ ਡਲਿਵਰ ਕਰਨ ਗਿਆ ਤਾਂ ਕੁਝ ਲੁਟੇਰਿਆਂ ਨੇ ਉਸ ਦੀ ਕਾਰ ਖੋਹਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਉਸ ਦੀ ਕਾਫ਼ੀ ਕੁੱਟਮਾਰ ਕੀਤੀ ਗਈ ਤੇ ਲੁਟੇਰੇ ਉਸ ਨੂੰ ਸਖ਼ਤ ਜ਼ਖ਼ਮੀ ਕਰ ਕੇ ਕਾਰ ਖੋਹ ਕੇ ਫਰਾਰ ਹੋ ਗਏ। ਉਹ ਉਸ ਦਿਨ ਤੋਂ ਹੀ ਹਸਪਤਾਲ ’ਚ ਇਲਾਜ ਅਧੀਨ ਸੀ। ਸੋਮਵਾਰ ਰਾਤ ਉਹ ਜ਼ਖ਼ਮਾਂ ਦੀ ਤਾਬ ਨਾ ਸਹਿੰਦਿਆਂ ਦਮ ਤੋੜ ਗਿਆ।

ਪੀਲ ਪੁਲੀਸ ਨੇ ਖੋਹੀ ਹੋਈ ਕਾਰ ਬਰਾਮਦ ਕਰ ਲਈ ਹੈ, ਪਰ ਕਾਤਲ ਅਜੇ ਤੱਕ ਨਹੀਂ ਫੜੇ ਗਏ। ਜਾਣਕਾਰੀ ਅਨੁਸਾਰ ਉਹ ਕਰੀਬ ਤਿੰਨ ਸਾਲ ਪਹਿਲਾਂ ਸਟੱਡੀ ਵੀਜ਼ਾ ’ਤੇ ਕੈਨੇਡਾ ਆਇਆ ਸੀ ਤੇ ਨੌਕਰੀ ਤੋਂ ਬਾਅਦ ਫੂਡ ਡਲਿਵਰੀ ਦਾ ਕੰਮ ਕਰਦਾ ਸੀ।