ਨਿਊਜ਼ੀਲੈਂਡ ਦੇ ਉੱਤਰ ਵਿੱਚ ਪਾਪਾਰੋਆ ਵਿਖੇ ਐਤਵਾਰ ਨੂੰ ਇੱਕ ਕਾਰ ਰੇਸ ਮੁਕਾਬਲੇ ਦੌਰਾਨ ਵਾਪਰੇ ਹਾਦਸੇ ਵਿਚ ਇੱਕ 15 ਸਾਲਾ ਰੈਲੀ ਡਰਾਈਵਰ ਅਤੇ ਉਸ ਦੇ ਸਹਿ-ਡਰਾਈਵਰ ਦੀ ਮੌਤ ਹੋ ਗਈ। ਇਹ ਹਾਦਸਾ ਉਦੋਂ ਵਾਪਰਿਆ ਜਦੋਂ ਉਨ੍ਹਾਂ ਦੀ ਕਾਰ ਸੜਕ ਤੋਂ ਖਿਸਕ ਕੇ ਨਦੀ ਵਿੱਚ ਡਿੱਗ ਗਈ। ਪੁਲਸ ਨੇ ਪੀੜਤਾਂ ਦਾ ਨਾਂ ਬਰੁਕਲਿਨ ਹੋਰਨ (15) ਦੱਸਿਆ, ਜੋ ਗੱਡੀ ਚਲਾ ਰਿਹਾ ਸੀ ਅਤੇ ਟਾਇਸਨ ਜੇਮੇਟ (35) ਉਸ ਦਾ ਸਹਿ-ਡਰਾਈਵਰ ਸੀ।
ਇੱਕ ਪੁਲਸ ਕਰੈਸ਼ ਜਾਂਚਕਰਤਾ ਨੇ ਕਿਹਾ ਕਿ ਕਾਰ ਇੱਕ ਬੱਜਰੀ ਵਾਲੀ ਸੜਕ ਤੋਂ ਖਿਸਕ ਗਈ ਅਤੇ ਮੀਂਹ ਕਾਰਨ ਪਾਣੀ ਨਾਲ ਭਰੀ ਇੱਕ ਨਦੀ ਵਿੱਚ ਡਿੱਗ ਗਈ। ਭਾਵੇਂਕਿ ਨਿਊਜ਼ੀਲੈਂਡ ਦੇ ਨਾਗਰਿਕ 16 ਸਾਲ ਦੇ ਹੋਣ ਤੱਕ ਡਰਾਈਵਿੰਗ ਲਾਇਸੰਸ ਪ੍ਰਾਪਤ ਨਹੀਂ ਕਰ ਸਕਦੇ। ਪਰ ਛੋਟੇ ਡਰਾਈਵਰ ਕੁਝ ਸ਼ਰਤਾਂ ਅਧੀਨ ਬੰਦ ਸੜਕਾਂ ‘ਤੇ ਮੋਟਰਸਪੋਰਟ ਇਵੈਂਟਸ ਵਿੱਚ ਮੁਕਾਬਲਾ ਕਰਨ ਦੇ ਯੋਗ ਹੁੰਦੇ ਹਨ। ਗਵਰਨਿੰਗ ਬਾਡੀ ਮੋਟਰਸਪੋਰਟ ਨਿਊਜ਼ੀਲੈਂਡ ਨੇ ਕਿਹਾ ਕਿ ਇਹ 12 ਤੋਂ 15 ਸਾਲ ਦੀ ਉਮਰ ਦੇ ਪ੍ਰਤੀਯੋਗੀਆਂ ਲਈ ਜੂਨੀਅਰ ਪ੍ਰਤੀਯੋਗਿਤਾ ਲਾਇਸੈਂਸ ਦੀ ਪੇਸ਼ਕਸ਼ ਕਰਦਾ ਹੈ। ਇਨ੍ਹਾਂ ਜੂਨੀਅਰ ਡਰਾਈਵਰਾਂ ਨੂੰ ਆਪਣੇ ਮੁਕਾਬਲੇ ਦਾ ਲਾਇਸੈਂਸ ਪ੍ਰਾਪਤ ਕਰਨ ਲਈ ਕੁਝ ਸ਼ਰਤਾਂ ਪੂਰੀਆਂ ਕਰਨੀਆਂ ਪੈਂਦੀਆਂ ਹਨ। ਮੋਟਰਸਪੋਰਟ ਨਿਊਜ਼ੀਲੈਂਡ ਨੇ ਦੱਸਿਆ ਕਿ ਮੋਹਰੀ ਰੇਸ ਡਰਾਈਵਰ ਸਕਾਟ ਡਿਕਸਨ, ਲਿਆਮ ਲੌਸਨ ਅਤੇ ਰੈਲੀ ਡਰਾਈਵਰ ਹੈਡਨ ਪੈਟਨ ਨੇ ਆਪਣੇ 16ਵੇਂ ਜਨਮਦਿਨ ਤੋਂ ਪਹਿਲਾਂ ਮੁਕਾਬਲੇ ਵਿਚ ਭਾਗ ਲਿਆ।