ਅਜੇ ਤਾਂ ਖਜ਼ਾਨਾ ਬੰਦ ਹੈ ਜੀ।

ਸਰਕਾਰੀ ਮੁਲਾਜ਼ਮਾਂ ਨੂੰ ਤਨਖਾਹ ਸਮੇਤ ਇੱਕ ਇੱਕ ਪੈਸਾ ਸਬੰਧਿਤ ਜਿਲ੍ਹੇ ਦੇ ਖਜ਼ਾਨਾ ਦਫਤਰ ਰਾਹੀਂ ਜਾਰੀ ਕੀਤਾ ਜਾਂਦਾ ਹੈ। ਨੌਕਰੀ ਦੌਰਾਨ ਮੁਲਾਜ਼ਮਾਂ ਨੂੰ ਦੋ ਫੰਡਾਂ, ਜੀ.ਪੀ. ਫੰਡ (ਜਨਰਲ ਪਰੌਵੀਡੈਂਟ ਫੰਡ) ਤੇ ਮੈਡੀਕਲ ਬਿੱਲ ਅਤੇ ਰਿਟਾਇਰਮੈਂਟ ਤੋਂ ਬਾਅਦ ਛੁੱਟੀਆਂ ਦੇ ਪੈਸੇ (ਲੀਵ ਇਨਕੈਸ਼ਮੈਂਟ), ਜੀ.ਆਈ.ਐੱਸ (ਗਰੁੱਪ ਇੰਸ਼ੋਰੈਂਸ ਸਕੀਮ), ਜੀ.ਪੀ. ਫੰਡ ਦੀ ਫਾਈਨਲ ਪੇਮੈਂਟ ਅਤੇ ਗਰੈਚੁਏਟੀ (ਡੈੱਥ ਕਮ ਰਿਟਾਇਰਮੈਂਟ ਗਰੈਚਏੁਟੀ) ਆਦਿ ਵਰਗੇ ਬਿੱਲਾਂ ਨੂੰ ਪਹਿਲਾਂ ਤਾਂ ਕਈ ਪਾਪੜ ਵੇਲ ਕੇ ਆਪਣੇ ਮਹਿਕਮੇ ਅਤੇ ਚੰਡੀਗੜ੍ਹ ਤੋਂ ਪਾਸ ਕਰਾਉਣਾ ਪੈਂਦਾ ਹੈ ਤੇ ਉਸ ਤੋਂ ਬਾਅਦ ਉਹ ਪੈਸਾ ਆਪਣੇ ਖਾਤੇ ਵਿੱਚ ਪਵਾਉਣ ਲਈ ਸਬੰਧਿਤ ਜਿਲ੍ਹੇ ਦੇ ਖਜ਼ਾਨਾ ਦਫਤਰ ਦੇ ਗੇੜੇ ਮਾਰਨੇ ਪੈਂਦੇ ਹਨ। ਪਰ ਉਥੋਂ ਹਮੇਸ਼ਾਂ ਇੱਕ ਹੀ ਘੜਿਆ ਘੜਾਇਆ ਜਵਾਬ ਮਿਲਦਾ ਹੈ, “ਹਾਲੇ ਤਾਂ ਇਹ ਹੈੱਡ ਬੰਦ ਹੈ।” ਹੈੱਡ ਦਾ ਮਤਲਬ ਹੈ ਕਿ ਸਰਕਾਰ ਨੇ ਵੱਖ ਵੱਖ ਪ੍ਰਕਾਰ ਦੇ ਬਿੱਲਾਂ ਦੀ ਪੇਮੈਂਟ ਕਰਨ ਲਈ ਅਲੱਗ ਅਲੱਗ ਹੈੱਡ (ਲੇਖਾ ਮੱਦਾਂ) ਬਣਾਏ ਹੋਏ ਹਨ। ਤਨਖਾਹ ਲਈ ਅਲੱਗ, ਜੀ.ਪੀ. ਫੰਡ ਦੀ ਪੇਮੈਂਟ ਲਈ ਅਲੱਗ, ਮੈਡੀਕਲ ਬਿੱਲਾਂ ਅਤੇ ਸਰਕਾਰੀ ਗੱਡੀਆਂ ਦੇ ਡੀਜ਼ਲ ਪੈਟਰੌਲ ਆਦਿ ਲਈ ਅਲੱਗ ਹੈੱਡ।

ਦਿਨ ਬਦਿਨ ਵਧਦੇ ਜਾ ਰਹੇ ਆਰਥਿਕ ਬੋਝ ਨੂੰ ਘਟਾਉਣ ਲਈ ਪੰਜਾਬ ਸਰਕਾਰ ਦਾ ਵਿੱਤ ਵਿਭਾਗ ਕਦੇ ਕਿਸੇ ਫੰਡ ਦਾ ਹੈੱਡ ਖੋਲ੍ਹ ਦਿੰਦਾ ਹੈ ਤੇ ਕਦੇ ਕਿਸੇ ਦਾ। ਖਜ਼ਾਨਾ ਦਫਤਰ ਨੂੰ ਇਨ੍ਹਾਂ ਹੁਕਮਾਂ ਮੁਤਾਬਕ ਹੀ ਚੱਲਣਾ ਪੈਂਦਾ ਹੈ। ਪਰ ਸਭ ਤੋਂ ਜਿਆਦਾ ਖਿਝ੍ਹ ਉਦੋਂ ਚੜ੍ਹਦੀ ਹੈ ਜਦੋਂ ਜੀ.ਪੀ. ਫੰਡ ਰਾਹੀਂ ਕਟਵਾਏ ਹੋਏ ਖੁਦ ਦੇ ਪੈਸੇ ਹੀ ਲੋੜ ਪੈਣ ‘ਤੇ ਮੁਲਾਜ਼ਮ ਨੂੰ ਨਹੀਂ ਮਿਲਦੇ। ਘਰ ਬੇਟੀ ਦਾ ਵਿਆਹ ਰੱਖਿਆ ਹੁੰਦਾ ਹੈ ਤੇ ਬਾਪ ਖਜ਼ਾਨਾ ਦਫਤਰ ਵਿੱਚ ਬਾਬੂਆਂ ਦੇ ਤਰਲੇ ਕੱਢ ਰਿਹਾ ਹੁੰਦਾ ਹੈ।


ਸਿਪਾਹੀ ਤੋਂ ਲੈ ਕੇ ਡੀ.ਜੀ.ਪੀ. ਤੱਕ, ਪੰਜਾਬ ਪੁਲਿਸ ਦਾ ਹਰੇਕ ਮੁਲਾਜ਼ਮ ਆਪਣੀ ਹੈਸੀਅਤ ਅਨੁਸਾਰ ਜੀ.ਪੀ. ਫੰਡ ਕਟਵਾਉਂਦਾ ਹੈ ਤਾਂ ਜੋ ਬੱਚਿਆਂ ਦੀ ਪੜ੍ਹਾਈ ਤੇ ਵਿਆਹ ਸ਼ਾਦੀ ਆਦਿ ਵੇਲੇ ਇਸ ਦੀ ਵਰਤੋਂ ਕੀਤੀ ਜਾ ਸਕੇ। ਤਿੰਨ ਚਾਰ ਸਾਲ ਪਹਿਲਾਂ ਦੀ ਗੱਲ ਹੈ ਕਿ ਮੈਂ ਕਿਸੇ ਬਟਾਲੀਅਨ ਦਾ ਕਮਾਂਡੈਂਟ ਲੱਗਾ ਹੋਇਆ ਸੀ। ਸਾਡਾ ਇੱਕ ਮੁਲਾਜ਼ਮ ਸੰਗਰੂਰ ਜਿਲ੍ਹੇ ਦੇ ਵਸਨੀਕ ਇੱਕ ਰਿਟਾਇਰਡ ਡੀ.ਆਈ.ਜੀ. ਨਾਲ ਗੰਨਮੈਨ ਦੀ ਡਿਊਟੀ ਨਿਭਾ ਸੀ। ਉਸ ਦੀ ਲੜਕੀ ਦਾ ਵਿਆਹ ਸੀ ਤੇ ਘਰ ਦੀ ਮਾਲੀ ਹਾਲਤ ਠੀਕ ਨਾ ਹੋਣ ਕਾਰਨ ਉਸ ਨੇ ਦਸ ਲੱਖ ਰੁਪਏ ਜੀ.ਪੀ. ਫੰਡ ਵਿੱਚੋਂ ਮੰਨਜ਼ੂਰ ਕਰਵਾਏ ਹੋਏ ਸਨ। ਪਰ ਹੋਇਆ ਉਹ ਹੀ ਜੋ ਹੋਣਾ ਸੀ, ਹੈੱਡ ਬੰਦ ਹੈ ਜੀ। ਉਸ ਨੇ ਖਜ਼ਾਨਾ ਦਫਤਰ ਦੇ ਗੇੜੇ ‘ਤੇ ਗੇੜੇ ਮਾਰੇ, ਖਜ਼ਾਨਾ ਅਫਸਰ ਦੇ ਪੇਸ਼ ਹੋ ਕੇ ਤਰਲੇ ਵਾਸਤੇ ਵੀ ਪਾਏ ਪਰ ਉਹ ਟੱਸ ਤੋਂ ਮੱਸ ਨਾ ਹੋਇਆ। ਮੈਂ ਖੁਦ ਖਜ਼ਾਨਾ ਅਫਸਰ ਨਾਲ ਦੋ ਤਿੰਨ ਵਾਰ ਗੱਲ ਕੀਤੀ ਕਿ ਕਿਸੇ ਵਿਅਕਤੀ ਵਾਸਤੇ ਧੀ ਦੇ ਵਿਆਹ ਤੋਂ ਵੱਡੀ ਜਰੂਰਤ ਹੋਰ ਕੀ ਹੋ ਸਕਦੀ ਹੈ, ਪਰ ਉਸ ਨੇ ਬਿਲਕੁਲ ਹੀ ਜਵਾਬ ਦੇ ਦਿੱਤਾ ਕਿ ਉਸ ਦੇ ਹੱਥ ਖੜੇ ਹਨ।


ਜਦੋਂ ਵਿਆਹ ਵਿੱਚ ਡੇਢ ਕੁ ਮਹੀਨਾ ਕੁ ਰਹਿ ਗਿਆ ਤਾਂ ਉਸ ਮੁਲਾਜ਼ਮ ਦਾ ਦਿਮਾਗੀ ਤਵਾਜ਼ਨ ਖਰਾਬ ਹੋਣਾ ਸ਼ੁਰੂ ਹੋ ਪਿਆ। ਇੱਕ ਦਿਨ ਉਹ ਮੇਰੇ ਦਫਤਰ ਆ ਕੇ ਉੱਚੀ ਉੱਚੀ ਰੋਣ ਲੱਗ ਪਿਆ ਕਿ ਜ਼ਨਾਬ ਮੇਰੇ ਕੋਲ ਕੋਈ ਜ਼ਮੀਨ ਜਇਦਾਦ ਨਹੀਂ ਹੈ ਜਿਸ ਨੂੰ ਵੇਚ ਕੇ ਮੈਂ ਲੜਕੀ ਦਾ ਵਿਆਹ ਕਰ ਸਕਾਂ। ਜੇ ਮੈਨੂੰ ਪੈਸੇ ਨਾ ਮਿਲੇ ਤਾਂ ਮੈਂ ਆਤਮ ਹੱਤਿਆ ਕਰ ਲੈਣੀ ਹੈ। ਪੁਲਿਸ ਮਹਿਕਮੇ ਵਿੱਚ ਕਿਹਾ ਜਾਂਦਾ ਹੈ ਕਿ ਇਥੇ ਆਪਾਂ ਹੀ ਇੱਕ ਦੂਸਰੇ ਦੇ ਮਾਂ ਬਾਪ ਤੇ ਭੈਣ ਭਰਾ ਹਾਂ। ਉਸ ਦੀ ਹਾਲਤ ਵੇਖ ਕੇ ਮੈਂ ਸਾਰੇ ਡੀ.ਐਸ. ਪੀਜ਼ ਤੇ ਮੱਦ ਇੰਚਾਰਜਾਂ (ਹੈੱਡ ਕਲਰਕ, ਅਕਾਊਂਟੈਂਟ, ਆਰ. ਆਈ, ਲਾਈਨ ਅਫਸਰ ਆਦਿ) ਨੂੰ ਬੁਲਾ ਕੇ ਸਲਾਹ ਮਸ਼ਵਰਾ ਕੀਤਾ ਤੇ ਫੈਸਲਾ ਹੋਇਆ ਕਿ ਬਟਾਲੀਅਨ ਵਿੱਚੋਂ ਉਗਰਾਹੀ ਕਰ ਕੇ ਇਸ ਦੀ ਬੇਟੀ ਦਾ ਵਿਆਹ ਭੁਗਤਾਇਆ ਜਾਵੇ। ਜਿੰਨੀ ਕਿਸੇ ਦੀ ਖੁਸ਼ੀ ਹੈ, ਦੇ ਦੇਵੇ। ਇਹ ਸੁਣ ਕੇ ਉਸ ਮੁਲਾਜ਼ਮ ਦੀਆਂ ਅੱਖਾਂ ਵਿੱਚ ਖੁਸ਼ੀ ਦੇ ਹੰਝੂ ਆ ਗਏ ਤੇ ਉਸ ਨੇ ਕਿਹਾ ਜੀ.ਪੀ. ਫੰਡ ਮਿਲਣ ‘ਤੇ ਉਹ ਸਾਰਿਆਂ ਦੀ ਪਾਈ ਪਾਈ ਵਾਪਸ ਕਰ ਦੇਵੇਗਾ। ਇਸ ਤੋਂ ਪਹਿਲਾਂ ਕਿ ਬਟਾਲੀਅਨ ਵਿੱਚ ਉਗਰਾਹੀ ਸ਼ੁਰੂ ਹੁੰਦੀ, ਰੱਬ ਉਸ ‘ਤੇ ਮਿਹਰਬਾਨ ਹੋ ਗਿਆ। ਉਹ ਜਿਸ ਡੀ.ਆਈ.ਜੀ. ਨਾਲ ਡਿਊਟੀ ਕਰ ਰਿਹਾ ਸੀ, ਉਸ ਨਾਲ ਹਰਬੰਸ ਨਾਮ ਦਾ ਇੱਕ ਹੋਰ ਮੁਲਾਜ਼ਮ ਵੀ ਸੀ ਜੋ ਸ਼ਾਇਦ ਡੀ.ਆਈ.ਜੀ. ਦੇ ਪਿੰਡ ਦਾ ਰਹਿਣ ਵਾਲਾ ਸੀ। ਸਿਆਣੇ ਕਹਿੰਦੇ ਹਨ ਕਿ ਜੇ ਤੁਹਾਨੂੰ ਕੋਈ ਦੁੱਖ ਹੈ ਤਾਂ ਕੋਠੇ ਚੜ੍ਹ ਕੇ ਰੌਲਾ ਪਾਉ, ਕੋਈ ਨਾ ਕੋਈ ਤੁਹਾਡੀ ਮਦਦ ਲਈ ਜਰੂਰ ਬਹੁੜ ਪਵੇਗਾ।


ਉਸ ਨੇ ਕੁਦਰਤੀ ਹਰਬੰਸ ਨਾਲ ਗੱਲ ਕੀਤੀ ਤਾਂ ਹਰਬੰਸ ਨੇ ਥੋੜ੍ਹੀ ਦੇਰ ਸੋਚ ਕੇ ਕਿਹਾ ਕਿ ਜਿਲ੍ਹਾ ਖਜ਼ਾਨਾ ਅਫਸਰ ਤਾਂ ਡੀ.ਆਈ.ਜੀ. ਸਾਹਿਬ ਦਾ ਰਿਸ਼ਤੇਦਾਰ ਹੈ, ਇਨ੍ਹਾਂ ਨੂੰ ਬੇਨਤੀ ਕਰ ਕੇ ਵੇਖਦੇ ਹਾਂ ਸ਼ਾਇਦ ਮਸਲਾ ਹੱਲ ਹੋ ਜਾਵੇ। ਉਨ੍ਹਾਂ ਨੇ ਡੀ.ਆਈ.ਜੀ. ਨਾਲ ਗੱਲ ਕੀਤੀ ਤਾਂ ਉਸ ਨੇ ਉਸੇ ਵੇਲੇ ਖਜ਼ਾਨਾ ਅਫਸਰ ਨੂੰ ਫੋਨ ਲਗਾ ਲਿਆ। ਸਿਆਣੇ ਕਹਿੰਦੇ ਹਨ ਕਿ ਲੱਕੜ ਨਹੀਂ, ਮਿਸਤਰੀ ਵਿੰਗਾ ਹੁੰਦਾ ਹੈ। ਦਫਤਰੀ ਬਾਬੂਆਂ ਦੀ ਕੰਮ ਕਰਨ ਦੀ ਮੰਸ਼ਾ ਹੋਣੀ ਚਾਹੀਦੀ ਹੈ, ਸਿੱਧੇ ਪੁੱਠੇ ਤਰੀਕਾ ਨਾਲ ਹਰ ਕੰਮ ਹੋ ਜਾਂਦਾ ਹੈ। ਪਹਿਲਾਂ ਤਾਂ ਖਜ਼ਾਨਾ ਅਫਸਰ ਨੇ ਪੈਰਾਂ ‘ਤੇ ਪਾਣੀ ਨਾ ਪੈਣ ਦਿੱਤਾ। ਪਰ ਜਦੋਂ ਡੀ.ਆਈ.ਜੀ. ਬਜ਼ਿੱਦ ਹੋ ਗਿਆ ਤਾਂ ਉਸ ਨੇ ਮਸਲੇ ਨੂੰ ਹੱਲ ਕਰਨ ਲਈ ਇੱਕ ਚੋਰ ਰਸਤਾ ਦੱਸ ਦਿੱਤਾ ਕਿ ਜਦੋਂ ਜਿਲ੍ਹੇ ਦੇ ਕਿਸੇ ਐਮ.ਐਲ.ਏ. ਜਾਂ ਮੰਤਰੀ ਦਾ ਕੋਈ ਬਿੱਲ ਆਉਂਦਾ ਹੈ ਤਾਂ ਵਿੱਤ ਵਿਭਾਗ ਕੁਝ ਸਮੇਂ ਲਈ ਖਜ਼ਾਨਾ ਖੋਲ੍ਹ ਦਿੰਦਾ ਹੈ। ਜੇ ਕਿਤੇ ਦੋ ਮਿੰਟ ਲਈ ਵੀ ਖਜ਼ਾਨਾ ਖੁਲ੍ਹਿਆ, ਮੈਂ ਵਿੱਚੇ ਇਸ ਦਾ ਬਿੱਲ ਵੀ ਪਾਸ ਕਰ ਦਿਆਂਗਾ। ਚੰਗੀ ਕਿਸਮਤ ਨੂੰ ਹਫਤੇ ਕੁ ਬਾਅਦ ਹੀ ਜਿਲ੍ਹੇ ਦੇ ਰਿਹਾਇਸ਼ੀ ਇੱਕ ਬੁੱਢੜ ਜਿਹੇ ਐਮ.ਐਲ.ਏ. ਦਾ ਮੋਟਾ ਜਿਹਾ ਮੈਡੀਕਲ ਬਿੱਲ ਆਇਆ ਤਾਂ ਖਜ਼ਾਨਾ ਅਫਸਰ ਉਸ ਦੇ ਨਾਲ ਸਾਡੇ ਮੁਲਾਜ਼ਮ ਦਾ ਜੀ.ਪੀ. ਫੰਡ ਵੀ ਪਾਸ ਕਰ ਦਿੱਤਾ।


ਬਲਰਾਜ ਸਿੰਘ ਸਿੱਧੂ ਏ.ਆਈ.ਜੀ. (ਰਿਟਾ.)
ਪੰਡੋਰੀ ਸਿੱਧਵਾਂ 9501100062