ਅਰਥ ਬਦਲਦੇ ਰਿਸ਼ਤੇ

ਹਰਜਿੰਦਰ ਸੂਰੇਵਾਲੀਆ ਇੱਕ ਸਥਾਪਤ ਤੇ ਪ੍ਰੋੜ ਕਹਾਣੀਕਾਰ ਹੈ। ਪੇਂਡੂ ਸੱਭਿਆਚਾਰ ਉਸਦੇ ਹਿਰਦੇ ਵਿੱਚ ਰਸਿਆ ਵਸਿਆ ਹੋਇਆ ਹੈ। ਉਹ ਆਪਣੀ ਲੇਖਣੀ ਵਿੱਚ ਸਰਲ ਤੇ ਪੇਂਡੂ ਭਾਸ਼ਾ ਦੀ ਬਾਖੂਬੀ ਵਰਤੋਂ ਕਰਕੇ ਠੋਸ ਗੱਲ ਕਰਨ ਦੇ ਸਮਰੱਥ ਹੈ। ਉਸ ਦੀਆਂ ਕਹਾਣੀਆਂ ਦੇ ਵਿਸ਼ੇ ਆਮ ਲੋਕਾਂ ਦੇ ਦੁੱਖਾਂ ਸੁਖਾਂ, ਖੁਸ਼ੀਆਂ ਗ਼ਮੀਆਂ ਨਾਲ ਸਬੰਧਤ ਹਨ, ਜੋ ਮਨ ਤੇ ਪ੍ਰਭਾਵ ਛੱਡਦੇ ਹਨ ਅਤੇ ਦਿਲਾਂ ਨੂੰ ਹਲੂਣਦੇ ਹਨ। ਉਸਦੇ ਪਾਤਰ ਪੇਂਡੂ ਬਹਿਬਤਾਂ ਨੂੰ ਸਿਰੇ ਤੱਕ ਨਿਭਾਉਂਦੇ ਹਨ, ਜਿਸਦੀ ਮਿਸਾਲ ਕਹਾਣੀ ਰੌਸ਼ਨਦਾਰ ਦਾ ਪਾਤਰ ਮੁੰਡਾ ਹੈ ਜੋ ਰੌਸ਼ਨਦਾਨ ਵਿੱਚਦੀ ਕਮਰੇ ਅੰਦਰਲਾ ਦਿ੍ਰਸ਼ ਵੇਖਣ ਦਾ ਹੌਂਸਲਾ ਕਰਦਾ ਹੈ। ਇਸੇ ਤਰਾਂ ਅਰਥ ਬਦਲਦੇ ਰਿਸ਼ਤੇ ਦਾ ਪਾਤਰ ਰਾਜਬੀਰ ਬਦਲਾ ਲੈਣ ਲਈ ਸਿਰੇ ਤੱਕ ਪਹੁੰਚਦਾ ਹੈ। ਸੂਰੇਵਾਲੀਆ ਗੱਲ ਕਹਿਣ ਵਿੱਚ ਪੂਰਾ ਨਿਪੁੰਨ ਹੈ ਅਤੇ ਪਾਤਰ ਨੂੰ ਪਿੱਛੇ ਨਹੀਂ ਹਟਣ ਦਿੰਦਾ।

ਪੁਸਤਕ ‘ਅਰਥ ਬਦਲਦੇ ਰਿਸ਼ਤੇ’ ਉਸਦਾ ਚੌਥਾ ਕਹਾਣੀ ਸੰਗ੍ਰਹਿ ਹੈ। ਇਸਤੋਂ ਪਹਿਲਾਂ ਉਸਨੇ ਤਿੰਨ ਕਹਾਣੀ ਸੰਗ੍ਰਹਿ ਪੁਸਤਕਾਂ ਤੋਂ ਇਲਾਵਾ ਇੱਕ ਵਾਰਤਕ ਸੰਗ੍ਰਹਿ ਤੇ ਇੱਕ ਸਫ਼ਰਨਾਮਾ ਵੀ ਸਾਹਿਤ ਦੀ ਝੋਲੀ ਪਾਇਆ ਹੈ, ਪਰ ਸਥਾਪਤੀ ਪੱਖੋਂ ਉਸਦੀ ਪਛਾਣ ਕਹਾਣੀਕਾਰ ਵਜੋਂ ਹੈ। ਇਸ ਪੁਸਤਕ ਵਿੱਚ ਉਸ ਦੀਆਂ ਦਸ ਕਹਾਣੀਆਂ ਹਨ, ਜਿਹਨਾਂ ਦੇ ਵਿਸ਼ੇ ਵੱਖੋ ਵੱਖ ਤੇ ਪੇਂਡੂ ਵਿਰਸੇ ਨਾਲ ਜੁੜੇ ਹੋਏ ਹਨ। ਕਹਾਣੀ ‘ਰੌਸ਼ਨਦਾਨ’ ਜਿੱਥੇ ਮੱਧ ਵਰਗ ਦੇ ਪਰਿਵਾਰ ਦੇ ਹਾਲਾਤਾਂ, ਗੁਜਾਰਾ ਕਰਨ ਲਈ ਘਰੋਂ ਬਾਹਰ ਰਹਿਣ ਵਾਲੇ ਡਰਾਇਵਰੀ ਦੇ ਧੰਦੇ ਦੀ ਬਾਤ ਪਾੳਂਦੀ ਹੈ, ਉੱਥੇ ਜਿਨਸੀ ਭੁੱਖ ਦੀ ਤਿ੍ਰਪਤੀ ਲਈ ਭਾਰੂ ਪੈਣ ਵਾਲੀ ਮਜਬੂਰੀ ਨੂੰ ਵੀ ਉਜਾਗਰ ਕਰਦੀ ਹੈ। ਜਿਸ ਮੂਹਰੇ ਪੁੱਤ ਦੀ ਰੋਟੀ ਦੀ ਭੁੱਖ ਛੋਟੀ ਪੈ ਜਾਂਦੀ ਹੈ ਅਤੇ ਮਾਂ ਵੀ ਦੋਵਾਂ ਭੁੱਖਾਂ ’ਚ ਫਸੀ ਹੋਈ ਸਾਂਝਾ ਹੱਲ ਲੱਭਣ ਦਾ ਯਤਨ ਕਰਦੀ ਹੈ। ਕਹਾਣੀ ‘ਅਟਕੀ ਹੋਈ ਜਾਨ’ ਇੱਕ ਸਰਪੰਚ ਦੇ ਜੀਵਨ ਦੀ ਗਾਥਾ ਹੈ, ਜੋ ਪਿੰਡ ਦੇ ਵਿਕਾਸ ਵਿੱਚ ਵੱਡਾ ਯੋਗਦਾਨ ਪਾਉਂਦਾ ਹੈ। ਲੋਕਾਂ ਨੂੰ ਇਨਸਾਫ਼ ਦੇਣ ਦਾ ਯਤਨ ਕਰਦਾ ਹੈ। ਉਹ ਘੈਂਟ ਵਿਅਕਤੀ ਹੈ ਕਿਸੇ ਮੂਹਰੇ ਝਿਪਦਾ ਨਹੀਂ, ਪਰ ਉਸਦਾ ਇੱਕ ਔਗੁਣ ਹੈ ਕਿ ਉਹ ਸੋਹਣੀਆਂ ਔਰਤਾਂ ਦਾ ਰਸੀਆ ਹੈ। ਦਾਨੀ ਲੁਹਾਰਣ ਨੂੰ ਤਾਂ ਉਹ ਆਪਣੇ ਆਖ਼ਰੀ ਸਾਹ ਲੈਣ ਤੱਕ ਯਾਦ ਕਰਦਾ ਹੈ। ਉਸਦੀ ਪਤਨੀ ਭਾਵੇਂ ਸਾਰੀ ਜਿੰਦਗੀ ਉਸਦੇ ਇਸ ਔਗੁਣ ਤੋਂ ਅੱਖਾਂ ਮੀਚੀ ਰਖਦੀ ਹੈ, ਪਰ ਮੌਤ ਨੂੰ ਸਰਪੰਚ ਦੇ ਸਿਰਹਾਣੇ ਖੜੀ ਵੇਖ ਕੇ ਉਹ ਕਹਿੰਦੀ ਹੈ ‘ਥੋੜੇ ਪਾਪ ਕੀਤੇ ਐ ਇਸਨੇ, ਏਹੋ ਜੇ ਬੰਦੇ ਗੋਡੇ ਅੱਡੀਆਂ ਰਗੜ ਕੇ ਮਰਦੇ ਹੁੰਦੇ ਐ।’ ਇਹ ਉਸਦੇ ਜੀਵਨ ਭਰ ਚੁੱਪ ਰਹਿ ਕੇ ਝੱਲੇ ਦੁੱਖਾਂ ਦਾ ਪ੍ਰਗਟਾਵਾ ਹੈ।

ਕਹਾਣੀ ‘ਉਹ ਕੌਣ ਸੀ’ ਸੈਰ ਸਪਾਟੇ ਨਾਲ ਸਬੰਧਤ ਹੈ। ਆਪਣੇ ਦੇਸ਼ ਦੇ ਰਾਜ ਕਸਮੀਰ ਵਿੱਚ ਲਿਫਟ ਲੈਣ ਵਾਲੀ ਕਸਮੀਰੀ ਕੁੜੀ ਦੀ ਦਲੇਰੀ ਤੇ ਫ਼ਰਾਖਦਿਲੀ ਸਦਕਾ ਪੈਦਾ ਹੋਇਆ ਸ਼ੱਕ ਤੇ ਡਰ ਦਿਲ ਕੰਬਣ ਲਾ ਦਿੰਦਾ ਹੈ, ਪਰ ਉਹ ਮੋਹ ਲੈਣ ਵਾਲੀ ਖੁਲੇ ਸੁਭਾਅ ਵਾਲੀ ਕੁੜੀ ਦੀ ਵਿਚਾਰ ਚਰਚਾ ਸੰਕਿਆਂ ਨੂੰ ਦੂਰ ਕਰ ਦਿੰਦੀ ਹੈ। ਕਹਾਣੀ ‘ਮੁਸ਼ਕੀਆਂ ਜ਼ੁਰਾਬਾਂ’ ਦੇਸ਼ ਦੀ ਆਜ਼ਾਦੀ ਦੇ ਦਹਾਕਿਆਂ ਬਾਅਦ ਵੀ ਜਾਤ ਪਾਤ ਦੇ ਵਿਤਕਰੇ ਤੇ ਘਿਰਣਾ ਨੂੰ ਦਰਸਾਉਂਦੀ ਹੈ। ਪਰ ਹਮਦਰਦੀ ਇਸ ਵਖਰੇਵੇਂ ਤੇ ਵਿਤਕਰੇ ਤੋਂ ਵੱਧ ਪ੍ਰਭਾਵਸ਼ਾਲੀ ਹੋਣ ਦਾ ਸਬੂਤ ਪੇਸ਼ ਕਰਦੀ ਹੈ। ਕਹਾਣੀ ‘ਬੀਮਾ ਏਜੰਟ’ ਲੋੜ ਸਮੇਂ ਭੁੱਲੇ ਵਿਸਰੇ ਪਿਆਰੇ ਨੂੰ ਯਾਦ ਕਰਦਿਆਂ ਬੁਲਾ ਕੇ ਆਪਣੇ ਲਾਭ ਲਈ ਮਰਦ ਨੂੰ ਮਜਬੂਰ ਕਰਨ ਦੇ ਔਰਤੀ ਸੁਭਾਅ ਨੂੰ ਬਾਖੂਬੀ ਪੇਸ਼ ਕਰਦੀ ਹੈ।

ਕਹਾਣੀ ‘ਹੀਰੀ ਦਾ ਦਰਦ’ ਇੱਕੋ ਪਿੰਡ ਦੇ ਮੁੰਡੇ ਕੁੜੀ ਵੱਲੋਂ ਸੱਭਿਆਚਾਰ ਮਿਥ ਤੋੜ ਕੇ ਮੁਹੱਬਤ ਤੋਂ ਅੱਗੇ ਮਰਯਾਦਾ ਉਲੰਘਣ ਦਾ ਵਿਰਤਾਂਤ ਹੈ। ਜੋ ਕੁੜੀ ਨੇ ਵਿਆਹ ਤੋਂ ਬਾਅਦ ਵੀ ਖਤਮ ਨਹੀਂ ਕੀਤਾ, ਆਖ਼ਰ ਕੁੜੀ ਦੇ ਮਾਪਿਆਂ ਨੇ ਉਸਦਾ ਕਤਲ ਕਰਕੇ ਆਪਣੀ ਇੱਜਤ ਦਾਗੀ ਹੋਣ ਤੋਂ ਬਚਾਉਣ ਦਾ ਫੈਸਲਾ ਕੀਤਾ। ਇਹ ਚੰਗਾ ਹੋਇਆ ਜਾਂ ਮੰਦਾ ਇਹ ਲੰਬੀ ਚਰਚਾ ਦਾ ਵਿਸ਼ਾ ਹੈ, ਪਰ ਪਿੰਡਾਂ ’ਚ ਅਜਿਹੀਆਂ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਹਨ। ਕਹਾਣੀ ‘ਇਹ ਤਾਂ ਡਰਾਮਾ ਹੀ ਸੀ’ ਵਿਦੇਸ਼ ਭੇਜਣ ਲਈ ਪੈਸੇ ਦੇ ਜੋਰ ਵਿਦੇਸ਼ੀ ਕੁੜੀ ਨਾਲ ਕਰਵਾਏ ਜਾ ਰਹੇ ਬੋਗਸ ਵਿਆਹ ਬਾਰੇ ਜਾਣਕਾਰੀ ਭਰਪੂਰ ਰਚਨਾ ਹੈ, ਜੋ ਅੱਜ ਕੱਲ ਆਮ ਹੀ ਵਾਪਰ ਰਿਹਾ ਹੈ ਤੇ ਇਸਦਾ ਨਤੀਜਾ ਅਕਸਰ ਮਾੜਾ ਹੀ ਹੁੰਦਾ ਹੈ। ਕਹਾਣੀ ‘ਬਾਪ’ ਅਜਿਹੀ ਰਚਨਾ ਹੈ ਜਿਸ ’ਚ ਵਿਦੇਸ਼ ਗਏ ਪੁੱਤ ਦੇ ਵਿਛੋੜੇ ’ਚ ਬੁੱਢੇ ਹੋ ਗਏ ਬਾਪ ਦਾ ਹੇਰਬਾ ਕਲੇਜੇ ਨੂੰ ਧੂਅ ਪਾਉਂਦਾ ਹੈ, ਇਹ ਅੱਜ ਹਰ ਘਰ ਦੀ ਕਹਾਣੀ ਬਣ ਚੁੱਕੀ ਹੈ।

ਕਹਾਣੀ ‘ਸਾਨੂੰ ਰੱਬ ਨੇ ਬਣਾਇਆ’ ਕਈ ਰੰਗਾਂ ਨਾਲ ਰੰਗੀ ਹੋਈ ਰਚਨਾ ਹੈ। ਛੜੇ ਦਾ ਹਾਲ, ਤੰਬੀ ’ਚ ਵੜਿਆ ਸੱਪ, ਵਿਆਹ ’ਚ ਨੱਚਣਾ, ਦਾਰੂ ਕੱਢਣੀ, ਸਿੱਧਰੇ ਮੁੰਡੇ ਨਾਲ ਚੌੜ ਕਰਨੀ ਆਦਿ ਰਚਨਾ ’ਚ ਦਿਲਚਸਪੀ ਪੈਦਾ ਕਰਦੀਆਂ ਵੰਨਗੀਆਂ ਹਨ, ਪਰ ਅਸਲ ਰੋਣਾ ਜ਼ਮੀਨ ਵੇਚਣ ਦਾ ਹੈ। ਪੁਸਤਕ ਦਾ ਨਾਮਕਰਨ ਵਾਲੀ ਕਹਾਣੀ ‘ਅਰਥ ਬਦਲਦੇ ਰਿਸ਼ਤੇ’ ਬਦਲੇ ਦੀ ਭਾਵਨਾ ਚੋਂ ਪਣਪੀ ਖੂਬਸੂਰਤ ਰਚਨਾ ਹੈ। ਮੁੱਖ ਪਾਤਰ ਬਚਪਣ ਸਮੇਂ ਰਿਸ਼ਤੇ ਚੋਂ ਲਗਦੇ ਚਾਚੇ ਵੱਲੋਂ ਕੀਤੀ ਬੇਸ਼ਰਮੀ ਭਰੀ ਹਰਕਤ ਦਾ ਬਦਲਾ ਉਸਦੀ ਪਤਨੀ ਨਾਲ ਸਰੀਰਕ ਸਬੰਧ ਬਣਾ ਲੈਣ ਦੀ ਕੋਸ਼ਿਸ਼ ਕਰਦਾ ਹੈ। ਇਹ ਵੱਖਰੇ ਕਿਸਮ ਤੇ ਮੁੱਦੇ ਤੇ ਰਚੀ ਕਹਾਣੀ ਹੈ। ਕਹਾਣੀਆਂ ਹਲੂਣਾ ਦਿੰਦੀਆਂ ਹਨ ਅਤੇ ਦਿਲਚਸਪੀ ਵੀ ਨਹੀਂ ਟੁੱਟਣ ਦਿੰਦੀਆਂ। ਲੇਖਣੀ ਵਿੱਚ ਪੇਂਡੂ ਸ਼ਬਦਾਂ ਕੁਨੱਖਾ, ਕੌੜ ਕੇ, ਮੋਕ, ਓਕੜੂ, ਘਰੋੜ, ਮੂਤ, ਤੰਬੀ, ਤੌੜਾ, ਬਿੜਕਾਂ ਆਦਿ ਦੀ ਵਰਤੋਂ ਪੁਰਾਤਨ ਸੱਭਿਆਚਾਰ ਤੇ ਬੋਲੀ ਨੂੰ ਤਾਜ਼ਾ ਕਰਦੀ ਹੈ। ਪਰ ਸ਼ਬਦਾਂ ਦੀਆਂ ਗਲਤੀਆਂ ਜਿਵੇਂ ਬੈਲ, ਪਾਸੀ, ਸਕਰਾਰੀ, ਜਿਲੇ, ਦਿਲਚਪੀ, ਜੇਲ ਆਦਿ ਕਿਤੇ ਕਿਤੇ ਲਗਾਤਾਰਤਾ ਵਿੱਚ ਰੁਕਾਵਟ ਪਾਉਂਦੀਆਂ ਹਨ। ਰਚਨਾਵਾਂ ਖੂਬਸੂਰਤ ਤੇ ਦਿਲਚਸਪ ਹਨ, ਸੂਰੇਵਾਲੀਆ ਵਧਾਈ ਦੇ ਪਾਤਰ ਹਨ ਅਤੇ ਉਹਨਾਂ ਤੋਂ ਹੋਰ ਬਹੁਤ ਆਸਾਂ ਉਮੀਦਾਂ ਹਨ।

ਬਲਵਿੰਦਰ ਸਿੰਘ ਭੁੱਲਰ
ਮੋਬਾ: 098882 75913