ਬੰਗਲੌਰ ਦੇ ਹਾਲਾਤ ਦੇਸ਼ ਲਈ ਚੇਤਾਵਨੀ ਹਨ।

ਦੱਖਣੀ ਅਫਰੀਕਾ, ਅਫਰੀਕਾ ਮਹਾਂਦੀਪ ਦਾ ਇੱਕ ਸਭ ਤੋਂ ਵਿਕਸਿਤ ਦੇਸ਼ ਹੈ। ਉਸ ਦੀ ਰਾਜਧਾਨੀ ਜਾਹਨਜ਼ਬਰਗ ਸ਼ਾਇਦ ਦੁਨੀਆਂ ਵਿੱਚ ਕਿਸੇ ਦੇਸ਼ ਦੀ ਪਹਿਲੀ ਰਾਜਧਾਨੀ ਹੈ ਜਿਸ ਦਾ 2020 ਵਿੱਚ ਧਰਤੀ ਹੇਠਲਾ ਪਾਣੀ ਖਤਮ ਹੋ ਗਿਆ ਹੈ। ਇਸ ਤੋਂ ਇਲਾਵਾ ਸ਼ਹਿਰ ਨੂੰ ਪਾਣੀ ਸਪਲਾਈ ਕਰਨ ਵਾਲੀਆਂ ਝੀਲਾਂ ਵਿੱਚ ਭੰਡਾਰਨ ਸਮਰਥਾ ਦਾ ਸਿਰਫ 20% ਪਾਣੀ ਬਚਿਆ ਹੈ। ਇਸ ਸ਼ਹਿਰ ਵਿੱਚ ਪਾਣੀ ਦੀ ਖਾਤਰ ਹਿੰਸਕ ਮੁਜ਼ਾਹਰੇ ਹੋਣਾ ਆਮ ਗੱਲ ਬਣ ਗਈ ਹੈ ਜਿਨ੍ਹਾਂ ਵਿੱਚ ਹੁਣ ਤੱਕ 100 ਦੇ ਕਰੀਬ ਸੁਰੱਖਿਆ ਦਸਤੇ ਅਤੇ ਆਮ ਨਾਗਰਿਕ ਮਾਰੇ ਜਾ ਚੁੱਕੇ ਹਨ ਤੇ ਸੈਂਕੜੇ ਜ਼ਖਮੀ ਹੋਏ ਹਨ। ਇਸ ਸ਼ਹਿਰ ਦੀ ਬਰਬਾਦੀ ਦੀ ਕਹਾਣੀ ਬਿਲਕੁਲ ਭਾਰਤੀ ਸ਼ਹਿਰਾਂ ਨਾਲ ਮੇਲ ਖਾਂਦੀ ਹੈ। ਵਾਤਾਵਰਣ ਦੀ ਤਬਦੀਲੀ ਕਾਰਨ ਘੱਟ ਹੋ ਰਹੀ ਬਾਰਸ਼ ਅਤੇ ਪੈਸੇ ਦੇ ਲਾਲਚ ਵਿੱਚ ਅੰਨ੍ਹੇ ਹੋ ਚੁੱਕੇ ਨੇਤਾਵਾਂ, ਅਫਸਰਾਂ ਅਤੇ ਕਲੋਨਾਈਜ਼ਰਾਂ ਵੱਲੋਂ ਕੀਤੀਆਂ ਗਈਆਂ ਅੰਧਾਧੁੰਦ ਉਸਾਰੀਆਂ ਮੁੱਖ ਕਾਰਨ ਹਨ ਜਿਨ੍ਹਾਂ ਨੇ ਪਾਣੀ ਦੇ ਕੁਦਰਤੀ ਸੋਮੇ ਬਰਬਾਦ ਕਰ ਦਿੱਤੇ। ਇਸ ਵੇਲੇ ਭਾਰਤ ਦੇ ਸ਼ਹਿਰ ਬੰਗਲੌਰ ਵਿੱਚ ਵੀ ਇਹ ਹੀ ਹਾਲਾਤ ਬਣ ਚੁੱਕੇ ਹਨ।

ਬੰਗਲੌਰ ਕਰਨਾਟਕ ਦੀ ਰਾਜਧਾਨੀ ਹੈ ਜਿਸ ਨੂੰ ਆਪਣੇ ਸ਼ਾਨਦਾਰ ਮੌਸਮ ਕਾਰਨ ਸਾਰੇ ਭਾਰਤ ਵਿੱਚ ਪਸੰਦ ਕੀਤਾ ਜਾਂਦਾ ਹੈ। ਇਥੇ ਗਰਮੀਆਂ ਵਿੱਚ ਤਾਪਮਾਨ 30 ਡਿਗਰੀ ਤੋਂ ਨਹੀਂ ਵਧਦਾ ਅਤੇ ਸਰਦੀਆਂ ਵਿੱਚ 20 ਡਿਗਰੀ ਤੋਂ ਥੱਲੇ ਨਹੀਂ ਜਾਂਦਾ। ਇਸ ਕਾਰਨ ਇਥੇ ਸੈਂਕੜੇ ਪ੍ਰਸਿੱਧ ਕੰਪਨੀਆਂ ਦੇ ਹੈੱਡਕਵਾਟਰ ਤੇ ਭਾਰਤ ਦੇ ਅਮੀਰ ਲੋਕਾਂ ਦੇ ਘਰ ਹਨ। ਬੰਗਲੌਰ ਅਜੇ ਪਿਛਲੇ ਸਾਲ ਮਾਨਸੂਨ ਦੌਰਾਨ ਆਏ ਹੜ੍ਹਾਂ ਤੋਂ ਉੱਭਰਿਆ ਨਹੀਂ ਸੀ ਕਿ ਇਸ ਦਾ ਧਰਤੀ ਹੇਠਲਾ ਪਾਣੀ ਖਤਮ ਹੋ ਗਿਆ ਹੈ। ਸਿਰਫ ਬੰਗਲੌਰ ਸ਼ਹਿਰ ਦਾ ਹੀ ਨਹੀਂ, ਆਸ ਪਾਸ ਦੇ ਕਈ ਜਿਲ੍ਹਿਆਂ ਵਿੱਚ ਵੀ ਸੋਕਾ ਪੈ ਗਿਆ ਹੈ। ਝੀਲਾਂ, ਤਲਾਬ ਅਤੇ ਪਾਣੀ ਦੇ ਸਾਰੇ ਕੁਦਰਤੀ ਸੋਮੇ ਸੁੱਕ ਗਏ ਹਨ ਤੇ ਫਸਲਾਂ ਬਰਬਾਦ ਹੋ ਗਈਆਂ ਹਨ। ਸਰਕਾਰ ਦੇ ਇਸ ਸਥਿੱਤੀ ‘ਤੇ ਕਾਬੂ ਪਾਉਣ ਵਿੱਚ ਅਸਫਲ ਹੋ ਜਾਣ ਕਾਰਨ ਪਾਣੀ ਮਾਫੀਆ ਵੱਲੋਂ ਸ਼ਹਿਰ ਵਿੱਚ ਮਹਿੰਗੇ ਰੇਟ ‘ਤੇ ਟੈਂਕਰਾਂ ਨਾਲ ਗੰਦਾ ਮੰਦਾ ਪਾਣੀ ਸਪਲਾਈ ਕੀਤਾ ਜਾ ਰਿਹਾ ਹੈ ਜਿਸ ਦੀ ਕੀਮਤ ਚੁਕਾਉਣੀ ਆਮ ਬੰਦੇ ਦੇ ਵੱਸ ਦੀ ਗੱਲ ਨਹੀਂ ਹੈ। ਬੰਗਲੌਰ ਦੇ ਨਜ਼ਦੀਕ ਕੋਈ ਵੀ ਨਦੀ ਨਾਲਾ ਨਹੀਂ ਵਗਦਾ। ਸ਼ਹਿਰ ਵਿੱਚ ਪਾਣੀ ਦੀ ਪੂਰਤੀ 100 ਕਿ.ਮੀ. ਦੂਰ ਕਾਵੇਰੀ ਨਦੀ ਤੋਂ ਪਾਈਪਾਂ ਰਾਹੀਂ ਪਾਣੀ ਲਿਆ ਕੇ ਕੀਤੀ ਜਾਂਦੀ ਹੈ। ਪਰ ਕਾਵੇਰੀ ਦੇ ਪਾਣੀ ਨਾਲ ਬੰਗਲੌਰ ਦੀ ਇੱਕ ਕਰੋੜ ਪੈਂਤੀ ਲੱਖ ਅਬਾਦੀ ਦੀਆਂ ਜਰੂਰਤਾਂ ਪੂਰੀਆਂ ਨਾ ਹੋਣ ਕਾਰਨ ਕਰੀਬ ਅੱਧੇ ਸ਼ਹਿਰ ਨੂੰ ਟਿਊਬਵੈੱਲਾਂ ਦਾ ਪਾਣੀ ਸਪਲਾਈ ਕੀਤਾ ਜਾਂਦਾ ਸੀ ਜੋ ਹੁਣ ਗਾਇਬ ਹੋ ਗਿਆ ਹੈ।

ਸ਼ਾਨਦਾਰ ਮੌਸਮ ਅਤੇ ਮਲਟੀਨੈਸ਼ਨਲ ਸਾਫਟਵੇਅਰ ਕੰਪਨੀਆਂ ਵੱਲੋਂ ਮੁਹੱਈਆ ਕਰਵਾਈਆਂ ਗਈਆਂ ਲੱਖਾਂ ਨੌਕਰੀਆਂ ਕਾਰਨ ਬੰਗਲੌਰ ਨੇ ਕੁਝ ਸਾਲਾਂ ਵਿੱਚ ਹੀ ਹੈਰਾਨੀਜਨਕ ਤਰੱਕੀ ਕੀਤੀ ਸੀ ਜੋ ਹੁਣ ਇਸ ਦੀ ਬਰਬਾਦੀ ਦਾ ਕਰਨ ਬਣ ਗਈ ਹੈ। ਇਨ੍ਹਾਂ ਨੌਕਰੀਆਂ ਦੀ ਖਿੱਚ ਅਤੇ ਮਿਲਣ ਵਾਲੀਆਂ ਮੋਟੀਆਂ ਤਨਖਾਹਾਂ ਕਾਰਨ ਲੱਖਾਂ ਦੀ ਗਿਣਤੀ ਵਿੱਚ ਭਾਰਤੀ ਅਤੇ ਵਿਦੇਸ਼ੀ ਇਸ ਸ਼ਹਿਰ ਵਿੱਚ ਰਹਿਣ ਲਈ ਪਹੁੰਚ ਗਏ। ਕੁਦਰਤੀ ਹੈ ਕਿ ਸ਼ਹਿਰ ਵਿੱਚ ਜਿੰਨੀ ਅਬਾਦੀ ਹੋਵੇਗੀ, ਉਸ ਮੁਤਾਬਕ ਵਾਹਣ ਵੀ ਹੋਣਗੇ। ਬੰਗਲੌਰ ਵਿੱਚ ਇਸ ਵੇਲੇ 75 ਲੱਖ ਦੇ ਕਰੀਬ ਸਕੂਟਰਾਂ – ਮੋਟਰ ਸਾਈਕਲਾਂ ਸਮੇਤ ਇੱਕ ਕਰੋੜ ਤੋਂ ਵੱਧ ਵਾਹਣ ਹਨ। ਇਨ੍ਹਾਂ ਵੱਲੋਂ ਦਿਨ ਰਾਤ ਉਗਲਿਆ ਜਾਂਦਾ ਜ਼ਹਿਰੀਲਾ ਧੂੰਆਂ (ਫੈਕਟਰੀਆਂ ਦਾ ਅਲੱਗ) ਵਾਤਾਵਰਣ ‘ਤੇ ਮਾਰੂ ਅਸਰ ਪਾ ਰਿਹਾ ਹੈ ਜਿਸ ਕਾਰਨ ਬੰਗਲੌਰ ਦਾ ਔਸਤ ਤਾਪਮਾਨ ਵਧ ਰਿਹਾ ਹੈ ਤੇ ਬਾਰਸ਼ਾਂ ਬੇਤਰਤੀਬੀਆਂ ਹੋ ਰਹੀਆਂ ਹਨ। ਅੱਜ ਤੋਂ 30 40 ਸਾਲ ਪਹਿਲਾਂ ਤੱਕ ਬੰਗਲੌਰ ਦੇ ਆਸ ਪਾਸ ਵੱਡੀ ਗਿਣਤੀ ਵਿੱਚ ਝੀਲਾਂ, ਤਲਾਬ ਅਤੇ ਪਾਣੀ ਦੇ ਹੋਰ ਕੁਦਰਤੀ ਸ੍ਰੋਤ ਸਨ ਜਿਨ੍ਹਾਂ ਦਾ ਪਾਣੀ ਸ਼ਹਿਰ ਦੀਆਂ ਜਰੂਰਤਾਂ ਅਤੇ ਖੇਤੀਬਾੜੀ ਵਾਸਤੇ ਵਰਤਿਆ ਜਾਂਦਾ ਸੀ। ਪਰ ਇਸ ਸਮੇਂ ਦੌਰਾਨ ਬੰਗਲੌਰ ਵਿੱਚ ਅਬਾਦੀ ਵਿਸਫੋਟ (40 ਸਾਲਾਂ ਵਿੱਚ 53% ਵਾਧਾ) ਹੋਇਆ ਤੇ ਉਨ੍ਹਾਂ ਨੂੰ ਰਿਹਾਇਸ਼ ਅਤੇ ਹੋਰ ਸ਼ਹਿਰੀ ਸਹੂਲਤਾਂ ਦੇਣ ਵਾਸਤੇ (ਅਸਲ ਵਿੱਚ ਮੋਟਾ ਮਾਲ ਕਮਾਉਣ ਖਾਤਰ) 80% ਦੇ ਕਰੀਬ ਝੀਲਾਂ ਤੇ ਤਲਾਬ ਸੀਮੈਂਟ ਦੇ ਜੰਗਲਾਂ ਹੇਠ ਦਫਨ ਕਰ ਦਿੱਤੇ ਗਏ।

1980 ਤੋਂ ਬਾਅਦ ਬੰਗਲੌਰ ਵਿੱਚ ਜ਼ਮੀਨ ਜਾਇਦਾਦ ਦੇ ਰੇਟ ਅਸਮਾਨ ਨੂੰ ਚੜ੍ਹ ਗਏ ਸਨ ਜਿਸ ਦਾ ਫਾਇਦਾ ਉਠਾਉਣ ਲਈ ਕਲੋਨਾਈਜ਼ਰਾਂ ਨੇ ਬੇਰਹਿਮੀ ਨਾਲ ਸੈਂਕੜੇ ਤਲਾਬਾਂ ਤੇ ਟੋਭਿਆਂ ਨੂੰ ਪੂਰ ਕੇ ਕਲੋਨੀਆਂ ਬਣਾ ਦਿੱਤੀਆਂ। ਜਿਸ ਸ਼ਹਿਰ ਦੇ 28 ਵਿੱਚੋਂ 26 ਵਿਧਾਇਕਾਂ ਨੇ ਚੋਣ ਕਮਿਸ਼ਨ ਨੂੰ ਦਿੱਤੇ ਹਲਫਨਾਮੇ ਵਿੱਚ ਆਪਣਾ ਕਾਰੋਬਾਰ ਪ੍ਰਾਪਰਟੀ ਡੀਲਿੰਗ ਲਿਖਿਆ ਹੋਵੇ, ਉਥੇ ਹੋਰ ਉਮੀਦ ਵੀ ਕੀ ਕੀਤੀ ਜਾ ਸਕਦੀ ਹੈ। ਕੀ ਇਹ ਲੋਕ ਸਰਕਾਰ ਨੂੰ ਆਪਣੇ ਕਾਰੋਬਾਰ ਦੀ ਕੀਮਤ ‘ਤੇ ਸ਼ਹਿਰ ਦੇ ਹੜ੍ਹ ਜਾਂ ਸੋਕੇ ਦੀ ਸਮੱਸਿਆ ਹੱਲ ਕਰਨ ਲਈ ਕੋਈ ਸਖਤ ਫੈਸਲਾ ਲੈਣ ਜਾਂ ਕਾਨੂੰਨ ਬਣਾਉਣ ਦੀ ਆਗਿਆ ਦੇ ਸਕਦੇ ਹਨ? ਪੰਜਾਬੀ ਕਹਾਵਤ ‘ਛੋਲਿਆਂ ਦੇ ਬੋਹਲ ਦਾ ਗਧਾ ਰਖਵਾਲਾ’ ਵਾਲੀ ਗੱਲ ਹੋਈ ਪਈ ਹੈ। ਇਸ ਸ਼ਹਿਰ ਵਿੱਚ ਸੰਸਾਰ ਦੇ ਚੋਟੀ ਦੇ ਭੂ ਵਿਗਿਆਨੀ, ਜਗਰੂਕ ਨਾਗਰਿਕਾਂ ਦੀਆਂ ਜਥੇਬੰਦੀਆਂ ਅਤੇ ਤਕਨੀਤੀ ਮਾਹਰ ਵੀ ਵੱਸਦੇ ਹਨ ਜੋ ਸਮੇਂ ਸਮੇਂ ‘ਤੇ ਪਾਣੀ ਦੇ ਕੁਦਰਤੀ ਸੋਮਿਆਂ ਨੂੰ ਬਚਾਉਣ ਬਾਰੇ ਰਾਜਨੀਤਕ ਅਤੇ ਸਮਾਜਿਕ ਪਲੇਟਫਾਰਮਾਂ ‘ਤੇ ਅਵਾਜ਼ ਉਠਾਉਂਦੇ ਰਹਿੰਦੇ ਹਨ। ਇਸ ਸਬੰਧੀ ਸੈਂਕੜੇ ਪਟੀਸ਼ਨਾਂ ਅਦਾਲਤਾਂ ਵਿੱਚ ਲੰਬਿਤ ਹਨ, ਪਰ ਰਾਜਨੀਤਕ ਉਦਾਸੀਨਤਾ ਅਤੇ ਪੈਸੇ ਦੀ ਹਵਸ ਅੱਗੇ ਉਨ੍ਹਾਂ ਦੀ ਅਵਾਜ਼ ਨਗਾਰਖਾਨੇ ਵਿੱਚ ਤੂਤੀ ਦੀ ਅਵਾਜ਼ ਵਾਂਗ ਗੁੰਮ ਹੋ ਜਾਂਦੀ ਹੈ।

ਕੰਨੜ ਭਾਸ਼ਾ ਦੇ ਮਹਾਨ ਕਵੀ ਸਰਵਗਨ ਨੇ 17ਵੀਂ ਸਦੀ ਵਿੱਚ ਆਪਣੀ ਇੱਕ ਕਵਿਤਾ ਵਿੱਚ ਸਵਾਲ ਕੀਤਾ ਸੀ ਕਿ ਜੋ ਵਿਅਕਤੀ ਤਲਾਬ ਸੁਕਾ ਕੇ ਆਪਣਾ ਘਰ ਬਣਾਉਂਦਾ ਹੈ, ਕੀ ਉਸ ਨੂੰ ਹੜ੍ਹ ਤੋਂ ਡਰਨਾ ਨਹੀਂ ਚਾਹੀਦਾ? ਜਿਸ ਬੰਗਲੌਰ ਨੇ ਆਪਣੇ ਤਲਾਬ ਖੁਦ ਹੀ ਸੁਕਾ ਲਏ ਹਨ, ਕੀ ਉਹ ਹੁਣ ਲੋਕਾਂ ਦੇ ਪਾਣੀ ਦੀ ਜਰੂਰਤ ਟੈਂਕਰਾਂ ਰਾਹੀਂ ਪੂਰੀ ਕਰ ਸਕਦਾ ਹੈ? ਪਿਛਲੇ ਸਾਲ ਜਦੋਂ ਬੰਗਲੌਰ ਵਿੱਚ ਹੜ੍ਹ ਆਏ ਸਨ ਤਾਂ ਪਾਣੀ ਪਾਸ਼ ਇਲਾਕਿਆਂ ਵਿੱਚ ਸੱਤਾਧਾਰੀਆਂ ਅਤੇ ਧਨਾਡਾਂ ਦੇ ਬੈੱਡਰੂਮਾਂ ਵਿੱਚ ਵੀ ਦਾਖਲ ਹੋ ਗਿਆ ਸੀ, ਕਈਆਂ ਨੂੰ ਤਾਂ ਕਿਸ਼ਤੀਆਂ ਰਾਹੀਂ ਬਾਹਰ ਕੱਢਣਾ ਪਿਆ ਸੀ। ਉਸ ਸਮੇਂ ਮੀਡੀਆ ਵਿੱਚ ਪਏ ਰੌਲੇ ਗੌਲੇ ਕਾਰਨ ਜਨਤਾ ਦੇ ਹੰਝੂ ਕੁਝ ਦੇਰ ਲਈ ਪੂੰਝਣ ਖਾਤਰ ਸਰਕਾਰ ਨੇ ਸ਼ਹਿਰ ਵਿੱਚ ਪਾਣੀ ਦੇ ਕੁਦਰਤੀ ਰਸਤੇ ਰੋਕ ਕੇ ਕੀਤੀਆਂ ਉਸਾਰੀਆਂ ਢਾਹੁਣੀਆਂ ਸ਼ੁਰੂ ਕਰ ਦਿੱਤੀਆਂ ਸਨ। ਪਰ ਜਿਵੇਂ ਹੀ ਪੀਲਾ ਪੰਜਾ ਲੱਖਾਂ ਵੋਟਾਂ ਦੇ ਮਾਲਕ ਸਾਧਾਂ – ਬਾਬਿਆਂ ਦੇ ਡੇਰਿਆਂ, ਧਨਾਡਾਂ ਦੀਆਂ ਹਵੇਲੀਆਂ ਤੇ ਮਲਟੀਪਲੈਕਸਾਂ ਦੀਆਂ ਦੀਵਾਰਾਂ ਨਾਲ ਟਕਰਾਇਆ ਤਾਂ ਸਰਕਾਰ ਹੁਕਮਾਂ ਦੀ ਮਾੜੇ ਟਾਇਰ ਵਾਂਗ ਹਵਾ ਨਿਕਲ ਗਈ। ਕੁਝ ਦਿਨਾਂ ਬਾਅਦ ਪਾਣੀ ਸ਼ਹਿਰ ਵਿੱਚੋਂ ਬਾਹਰ ਨਿਕਲ ਗਿਆ ਤੇ ਲੋਕ ਵੀ ਸਭ ਕੁਝ ਭੁੱਲ ਭੁਲਾ ਗਏ।

ਇਸ ਵੇਲੇ ਹਾਲਾਤ ਐਨੇ ਭਿਆਨਕ ਹਨ ਕਿ ਟੈਂਕਰ ਜਿਹੜੇ ਟਿਊਬਵੈੱਲਾਂ ਤੋਂ ਪਾਣੀ ਲਿਆ ਰਹੇ ਸਨ, ਉਥੇ ਵੀ ਪਾਣੀ ਖਤਮ ਹੋ ਗਿਆ ਹੈ। ਇਸ ਸਮੇਂ ਬੰਗਲੌਰ ਵਿੱਚ ਪਾਣੀ ਦੀ ਰਾਸ਼ਨਿੰਗ ਕੀਤੀ ਜਾ ਰਹੀ ਹੈ ਤੇ ਸਪਲਾਈ ਵਿੱਚ 50 ਤੋਂ 75% ਤੱਕ ਕੱਟ ਲੱਗ ਰਹੇ ਹਨ। ਪੌਦਿਆਂ ਲਾਅਨਾਂ ਨੂੰ ਪਾਣੀ ਦੇਣ ਜਾਂ ਕਾਰਾਂ ਆਦਿ ਧੋਣ ‘ਤੇ ਵੱਡੇ ਜ਼ੁਰਮਾਨੇ ਵਸੂਲੇ ਜਾ ਰਹੇ ਹਨ। ਕਈ ਇਲਾਕਿਆਂ ਵਿੱਚ ਤਾਂ ਲੋਕਾਂ ਨੂੰ ਨਹਾਉਣ ਜਾਂ ਕੱਪੜੇ ਧੋਣ ਵਾਸਤੇ ਵੀ ਪਾਣੀ ਨਹੀਂ ਮਿਲ ਰਿਹਾ। ਬਹੁ ਮੰਜ਼ਿਲ ਇਮਾਰਤਾਂ ਦੀ ਹਾਲਤ ਤਾਂ ਹੋਰ ਵੀ ਬੁਰੀ ਹੈ ਕਿਉਂਕਿ ਪ੍ਰੈਸ਼ਰ ਘੱਟ ਹੋਣ ਕਾਰਨ ਉੱਪਰਲੀਆਂ ਮੰਜ਼ਲਾਂ ਤੱਕ ਪਾਣੀ ਨਹੀਂ ਪਹੁੰਚ ਰਿਹਾ। 55 60 ਸਾਲ ਦੀ ਉਮਰ ਵਾਲੀ ਸਾਡੀ ਪੀੜ੍ਹੀ ਨੇ ਦੇਸ਼ ਵਿੱਚ ਹਰੀ ਕ੍ਰਾਂਤੀ ਤੋਂ ਲੈ ਕੇ ਵੱਖ ਵੱਖ ਖੇਤਰਾਂ ਵਿੱਚ ਹੋਈ ਹਰ ਪ੍ਰਕਾਰ ਦੀ ਤਰੱਕੀ ਵੇਖੀ ਹੈ। ਚਿੱਠੀਆਂ ਖਤ ਵੀ ਲਿਖੇ ਹਨ ਤੇ ਜੀਮੇਲ, ਵੱਟਸਐਪ ਆਦਿ ‘ਤੇ ਮੈਸੇਜ਼ ਵੀ ਭੇਜੇ ਹਨ। ਕਿਸਾਨਾਂ ਨੂੰ ਖੇਤਾਂ ਵਿੱਚ ਡੰਗਰਾਂ ਨਾਲ ਹਲ੍ਹ ਵਾਹੁੰਦੇ ਤੇ ਇਨਸਾਨ ਨੂੰ ਚੰਦ ‘ਤੇ ਉੱਤਰਦੇ ਵੇਖਿਆ ਹੈ। ਪਰ ਦਿਲ ਵਿੱਚ ਦਰਦ ਉਦੋਂ ਉੱਠਦਾ ਹੈ ਜਦੋਂ ਵੇਖਦੇ ਹਾਂ ਕਿ ਪੰਜਾਬ ਵਿੱਚ ਤੀਹ ਚਾਲੀ ਸਾਲ ਪਹਿਲਾਂ ਪਾਣੀ ਦਾ ਪੱਧਰ ਜੋ ਦਸ ਪੰਦਰਾਂ ਫੁੱਟ ‘ਤੇ ਹੁੰਦਾ ਸੀ, ਉਹ ਹੁਣ ਦੋ ਢਾਈ ਸੌ ਫੁੱਟ ‘ਤੇ ਪਹੁੰਚ ਗਿਆ ਹੈ। ਨਦੀਆਂ ਦਾ ਅੰਮ੍ਰਿਤ ਵਰਗਾ ਸੁੱਧ ਪਾਣੀ ਸ਼ਹਿਰਾਂ ਦੇ ਸੀਵਰੇਜ਼ ਨੇ ਜ਼ਹਿਰੀਲਾ ਕਰ ਦਿੱਤਾ ਹੈ।

ਸ਼ਹਿਰਾਂ ਵਿੱਚ ਖੁੰਬਾਂ ਵਾਂਗ ਬਣ ਰਹੇ ਬਹੁਮੰਜ਼ਿਲਾ ਫਲੈਟਾਂ ਨੂੰ ਵੇਖ ਕੇ ਕਈ ਵਾਰ ਸੋਚ ਆਉਂਦੀ ਸੀ ਕਿ ਜੇ ਪਾਣੀ ਖਤਮ ਹੋ ਗਿਆ ਤਾਂ ਇਹ ਲੋਕ ਕਿੱਥੇ ਜਾਣਗੇ? ਪਰ ਸੁਰਸਾ ਵਾਂਗ ਮੂੰਹ ਖੋਲ੍ਹੀ ਪੰਜਾਬ ਵੱਲ ਵਧ ਰਹੀ ਪਾਣੀ ਦੀ ਇਸ ਸਮੱਸਿਆ ਦਾ ਸਾਡੀ ਜਨਤਾ ਜਾਂ ਸਰਕਾਰਾਂ ਦੀ ਸਿਹਤ ‘ਤੇ ਕੋਈ ਖਾਸ ਅਸਰ ਨਹੀਂ ਹੈ। ਪਾਣੀ ਦੀ ਬਰਬਾਦੀ ਰੋਕਣ ਲਈ ਠੋਕ ਕੇ ਬਿੱਲ ਲੈਣ ਦੀ ਬਜਾਏ ਸਗੋਂ ਪਾਣੀ ਫਰੀ ਕੀਤਾ ਜਾ ਰਿਹਾ ਹੈ। ਜੇ ਅਸੀਂ ਬੰਗਲੌਰ ਜਾਂ ਦੱਖਣੀ ਅਫਰੀਕਾ ਤੋਂ ਸਿੱਖਿਆ ਨਾ ਲਈ ਤਾਂ ਅਗਲੇ ਕੁਝ ਹੀ ਸਾਲਾਂ ਵਿੱਚ ਸਾਡੇ ਹਾਲਾਤ ਵੀ ਉਨ੍ਹਾਂ ਵਰਗੇ ਹੋਣ ਦੀ ਪੂਰੀ ਸੰਭਾਵਨਾ ਹੈ। ਪੰਜਾਬ ਨੂੰ ਮਾਰੂਥਲ ਬਣਨ ਤੋਂ ਬਚਾਉਣ ਲਈ ਸਭ ਨੂੰ ਰਲ ਮਿਲ ਕੇ ਹੰਭਲਾ ਮਾਰਨਾ ਪੈਣਾ ਹੈ ਕਿਉਂਕਿ ਸੱਪ ਲੰਘਣ ਤੋਂ ਬਾਅਦ ਲਕੀਰ ਕੁੱਟਣ ਦਾ ਕੋਈ ਫਾਇਦਾ ਨਹੀਂ ਹੁੰਦਾ।


ਬਲਰਾਜ ਸਿੰਘ ਸਿੱਧੂ ਏ.ਆਈ.ਜੀ (ਰਿਟਾ)
ਪੰਡੋਰੀ ਸਿੱਧਵਾਂ 9501100062