ਮਾਂ ਬੋਲੀ _ ਕੈਨੇਡੀਅਨ ਮੂਲਵਾਸੀ ਬਨਾਮ ਪੰਜਾਬੀ ਲੋਕ

ਬੋਲੀ ਰਾਹੀਂ ਆਪਣੇ ਹਾਵ-ਭਾਵ ਪ੍ਰਗਟਾਉਣ ਦੀ ਕਲਾ ਮਨੁੱਖ ਨੂੰ ਜਾਨਵਰਾਂ ਦੀਆਂ ਦੂਜੀਆਂ ਨਸਲਾਂ ਨਾਲੋਂ ਅੱਗੇ ਰੱਖਦੀ ਹੈ। ਅੱਜ ਦੁਨੀਆਂ ਵਿੱਚ ਹਜ਼ਾਰਾਂ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਸਮੇਂ ਦੇ ਵਿਕਾਸ ਦੌਰਾਨ ਭਾਸ਼ਾਵਾਂ ਉਪਜਦੀਆਂ, ਮਿਟਦੀਆਂ ਅਤੇ ਬਦਲਦੀਆਂ ਰਹਿੰਦੀਆਂ ਹਨ। ਇਹ ਕੁਦਰਤੀ ਵਰਤਾਰਾ ਹੈ।

ਮਾਂ ਬੋਲੀ ਉਹ ਭਾਸ਼ਾ ਹੁੰਦੀ ਹੈ ਜਿਹੜਾ ਬੱਚਾ ਆਪਣੀ ਮਾਂ, ਆਪਣੇ ਘਰ ਤੋਂ ਸਿੱਖਦਾ ਹੈ। 2-3 ਸਾਲ ਦੀ ਉਮਰ ਤੋਂ ਬੱਚਾ ਚੁੰਬਕ ਵਾਂਗ ਸ਼ਬਦਾਂ ਨੂੰ ਖਿੱਚਦਾ ਹੈ, ਤੇ ਉਹਨਾਂ ਸ਼ਬਦਾਂ ਨੂੰ ਅਚੇਤ ਮਨ ’ਚ ਵਸਾ ਲੈਂਦਾ ਹੈ। ਮਾਂ ਬੋਲੀ ਦੇ ਸ਼ਬਦਾਂ ਦਾ ਸੰਸਾਰ ਸਿਰਫ ਉਸਦੇ ਭਾਸ਼ਾ ਗਿਆਨ ਵਿੱਚ ਹੀ ਸਹਾਈ ਨਹੀਂ ਹੁੰਦਾ, ਸਗੋਂ ਉਸਦੇ ਮਾਨਸਿਕ ਵਿਕਾਸ ਵਿੱਚ ਵੀ ਯੋਗਦਾਨ ਪਾਉਂਦਾ ਹੈ।

ਇਸੇ ਤਰਾਂ ਕਿਸੇ ਕੌਮ ਦੇ ਇਤਿਹਾਸ, ਸੰਘਰਸ਼, ਸਾਹਿਤ ਅਤੇ ਧਾਰਮਿਕ ਵਿਸ਼ਵਾਸ਼ਾਂ ਨੂੰ ਸਮਝਣ ਲਈ ਵੀ ਬੋਲੀ ਦਾ ਉੱਘਾ ਸਥਾਨ ਹੁੰਦਾ ਹੈ।
ਜਦੋਂ ਵੀ ਕਿਸੇ ਕੌਮ ਨੂੰ ਖਤਮ ਕਰਨਾ ਹੋਵੇ ਤਾਂ ਸ਼ਾਤਰ ਹੁਕਮਰਾਨ ਸਭ ਤੋਂ ਪਹਿਲਾਂ ਬੋਲੀ ਨੂੰ ਲੱਕੋ ਲੈਂਦੇ ਹਨ। ਯੂਰਪੀਅਨ ਕੌਮਾਂ ਦੁਆਰਾ ਸੰਸਾਰ ਦੇ ਅਲੱਗ-ਅਲੱਗ ਖਿੱਤਿਆਂ ਤੇ ਰਾਜ ਕਰਨ ਅਤੇ ਉੱਥੋਂ ਦੀਆਂ ਬੋਲੀਆਂ ਖਤਮ ਕਰਨਾ ਮੌਜੂਦਾ ਮਨੁੱਖੀ ਇਤਿਹਾਸ ਦੀਆਂ ਪ੍ਰਤੱਖ ਉਦਾਹਰਨਾਂ ਹਨ। ਹੁਕਮਰਾਨ ਜ਼ੋਰ ਜ਼ਬਰਦਸਤੀ ਵੀ ਕਿਸੇ ਬੋਲੀ ਦਾ ਘਾਣ ਕਰ ਸਕਦੇ ਹਨ ਜਾਂ ਫਿਰ ਉਹ ਇੱਕ ਲੰਮੀ ਚਾਲ ਤਹਿਤ ਲੋਕ ਮਨਾਂ ਵਿੱਚ ਕਿਸੇ ਬੋਲੀ ਪ੍ਰਤੀ ਹੀਣ ਭਾਵਨਾ ਏਨੀ ਪ੍ਰਬਲ ਕਰ ਦਿੰਦੇ ਹਨ ਕਿ ਆਉਣ ਵਾਲੀਆਂ ਪੀੜੀਆਂ ਉਸ ਬੋਲੀ ਤੋਂ ਕਿਨਾਰਾਕਸ਼ੀ ਕਰ ਲੈਂਦੀਆਂ ਹਨ। ਮੈਂ ਜਿਸ ਬੋਲੀ ਵਿੱਚ ਇਹ ਲੇਖ ਲਿਖ ਰਿਹਾ ਹਾਂ ਉਸਦੀ ਕਹਾਣੀ ਵੀ ਕੁਝ ਇਸੇ ਤਰਾਂ ਦੀ ਹੀ ਹੈ। ਖੈਰ ਮੈਂ ਆਪਣੀ ਜਨਮ ਭੂਮੀ ਪੰਜਾਬ ਅਤੇ ਪੰਜਾਬੀ ਦੇ ਹਸ਼ਰ ਬਾਰੇ ਜ਼ਿਕਰ ਕਰਨ ਤੋਂ ਪਹਿਲਾਂ ਆਪਣੀ ਕਰਮ ਭੂਮੀ ਕੈਨੇਡਾ ਦੀ ਇੱਕ ਘਟਨਾ ਵੱਲ ਤੁਹਾਡਾ ਧਿਆਨ ਲਿਜਾਣਾ ਚਾਹੁੰਦਾ ਹਾਂ।

ਸੰਨ 2008 ਵਿੱਚ ਬਣਾਏ ਕੀਤੇ ਗਏ ‘ਟਰੁੱਥ ਐਂਡ ਰੀਕੰਸਿਲੀਏਸ਼ਨ ਕਮਿਸ਼ਨ (“3)’ ਦੁਆਰਾ ਜੂਨ 2015 ਵਿੱਚ ਪੇਸ਼ ਕੀਤੀ ਆਪਣੀ ਰਿਪੋਰਟ ਵਿੱਚ ਕੈਨੇਡੀਅਨ ਸਰਕਾਰਾਂ ਦੁਆਰਾ ਇੱਥੋਂ ਦੇ ਮੂਲਵਾਸੀਆਂ ਦੇ ਬੱਚਿਆਂ ਤੇ ਕੀਤੇ ਅੱਤਿਆਚਾਰਾਂ ਬਾਰੇ ਚਾਨਣਾ ਪਾਇਆ ਗਿਆ ਹੈ। ਕਮਿਸ਼ਨ ਦੁਆਰਾ 94 ਸਿਫਾਰਸ਼ਾਂ ਕੀਤੀਆਂ ਗਈਆਂ ਹਨ ਕਿ ਕਿਵੇਂ ਦੁਬਾਰਾ ਮੂਲਵਾਸੀਆਂ ਨੂੰ ਪੱਕੇ ਪੈਰੀਂ ਕੀਤਾ ਜਾ ਸਕੇ। ਖੈਰ ਇਹ ਸਿਫਾਰਸ਼ਾਂ ਮੰਨੀਆਂ ਜਾਂਦੀਆਂ ਨੇ ਜਾਂ ਨਹੀਂ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ, ਫਿਲਹਾਲ ਇਸ ਸਾਰੇ ਘਟਨਾਕ੍ਰਮ ਦੇ ਅਤੀਤ ’ਤੇ ਝਾਤੀ ਪਾਉਂਦੇ ਹਾਂ।

ਸੰਨ 1867 ਵਿੱਚ ਕੈਨੇਡਾ ਦੇ ਜਨਮ ਉਪਰੰਤ ਗੋਰੀ ਸਰਕਾਰ ਨੇ ਮਹਿਸੂਸ ਕੀਤਾ ਕਿ ਜੇ ਉਹਨਾਂ ਨੇ ਰਾਜ ਭਾਗ ਕੁਸ਼ਲਤਾ ਨਾਲ ਚਲਾਉਣਾ ਹੈ ਤਾਂ ਉਸਨੂੰ ਕੈਨੇਡਾ ਦੇ ਮੂਲਵਾਸੀਆਂ ਨਾਲ ਨਜਿੱਠਣਾ ਪੈਣਾ ਹੈ। ਮੂਲਵਾਸੀ ਲੋਕਾਂ ਦੀਆਂ ਆਪਣੀਆਂ ਬੋਲੀਆਂ ਅਤੇ ਆਪਣੇ ਰਸਮੋਂ ਰਿਵਾਜ਼ ਸਨ ਜਿਹੜੇ ਕਿ ਹੁਕਮਰਾਨ ਯੂਰਪੀ ਗੋਰਿਆਂ ਨਾਲੋਂ ਵੱਖਰੇ ਸਨ। ਸਰਕਾਰ ਨੇ ਮਹਿਸੂਸ ਕੀਤਾ ਕਿ ਵੱਡਿਆਂ ਦੇ ਮੁਕਾਬਲੇ ਮੂਲਵਾਸੀਆਂ ਦੇ ਬੱਚਿਆਂ ਨੂੰ ਬਦਲਣਾ ਸੌਖਾ ਸੀ। ਸੋ ਫੈਸਲਾ ਲਿਆ ਗਿਆ ਕਿ ਮੂਲਵਾਸੀਆਂ ਦੇ ਬੱਚਿਆਂ ਨੂੰ ਜਿੱਥੇ ਅੰਗਰੇਜ਼ੀ ਅਤੇ ਯੂਰਪੀਅਨ ਰੀਤੀ ਰਿਵਾਜ਼ ਸਿਖਾਏ ਜਾਣ ਉੱਥੇ ਉਹਨਾਂ ਨੂੰ ਇਸਾਈ ਧਰਮ ਨਾਲ ਵੀ ਜੋੜਿਆ ਜਾਵੇ। ਤੇ ਇਸ ਲੰਮੀ ਸਾਜਿਸ਼ ਦੀ ਸ਼ੁਰੂਆਤ ਕੀਤੀ ਗਈ ‘ਰੈਜ਼ੀਡੈਂਸ਼ੀਅਲ ਸਕੂਲਾਂ’ ਰਾਹੀਂ। ਇਹ ਸਕੂਲ ਚਰਚਾਂ ਦੁਆਰਾ ਚਲਾਏ ਜਾਂਦੇ ਸਨ ਅਤੇ ਇਹਨਾਂ ਸਕੂਲਾਂ ਦੀ ਵਿੱਤੀ ਸਹਾਇਤਾ ਫੈਡਰਲ ਸਰਕਾਰ ਦੇ ਮਹਿਕਮੇ ‘ਡਿਪਾਰਟਮੈਂਟ ਆਫ ਇੰਡੀਅਨ ਅਫੇਅਰਜ਼’ ਦੁਆਰਾ ਕੀਤੀ ਜਾਂਦੀ ਸੀ।

‘ਰੈਜ਼ੀਡੈਂਸ਼ੀਅਲ ਸਕੂਲਾਂ’ ਵਿੱਚ ਮੂਲਵਾਸੀਆਂ ਦੇ ਬੱਚੇ ਜਬਰਨ ਭਰਤੀ ਕੀਤੇ ਜਾਂਦੇ ਸਨ ਅਤੇ 6-18 ਸਾਲ ਦੇ ਬੱਚਿਆਂ ਦੀ ਹਾਜ਼ਰੀ ਲਾਜ਼ਮੀ ਸੀ। ਜੇ ਕੋਈ ਮਾਪੇ ਬੱਚੇ ਭੇਜਣ ਤੋਂ ਆਨਾ ਕਾਨੀ ਕਰਦੇ ਤਾਂ ਪੁਲਿਸ ਜ਼ਬਰਦਸਤੀ ਬੱਚੇ ਚੁੱਕ ਕੇ ਲੈ ਜਾਂਦੀ। ਸਾਲ ’ਚੋਂ ਦਸ ਮਹੀਨੇ ਬੱਚੇ ਸਕੂਲਾਂ ਵਿੱਚ ਹੀ ਰਹਿੰਦੇ। ਸਕੂਲਾਂ ਵਿੱਚ ਆਪਣੀ ਬੋਲੀ ਬੋਲਣ ਅਤੇ ਮੂੁਲਵਾਸੀ ਰਸਮੋਂ ਰਿਵਾਜ਼ ਅਪਨਾਉਣ ਦੀ ਸਖਤ ਰੋਕ ਸੀ ਅਤੇ ਹੁਕਮ ਅਦੂਲੀ ਕਰਨ ਵਾਲੇ ਬੱਚਿਆਂ ਨੂੰ ਸਜ਼ਾਵਾਂ ਮਿਲਦੀਆਂ ਸਨ। ਇਹਨਾਂ ਸਕੂਲਾਂ ਵਿੱਚ ਬੱਚਿਆਂ ਨੂੰ ਮਾਨਸਿਕ ਅਤੇ ਜਿਸਮਾਨੀ ਯਾਤਨਾਵਾਂ ਵੀ ਦਿੱਤੀਆਂ ਜਾਂਦੀਆਂ ਰਹੀਆਂ ਸਨ।

1870 ਤੋਂ ਲੈ ਕੇ 1969 ਤੱਕ ਕਰੀਬ ਡੇਢ ਲੱਖ ਮੂਲਵਾਸੀ ਬੱਚਿਆਂ ਨੂੰ ਇਹਨਾਂ ਸਕੂਲਾਂ ਵਿੱਚ ਰੱਖਿਆ ਗਿਆ ਅਤੇ ਇਹਨਾਂ ਵਿੱਚੋਂ ਹਜ਼ਾਰਾਂ ਮੌਤ ਦਾ ਸ਼ਿਕਾਰ ਹੋ ਗਏ। ਜਿਹੜੇ ਬਚੇ, ਉਹਨਾਂ ਹੱਥੋਂ ਮਾਂ ਬੋਲੀ ਜਾਂਦੀ ਰਹੀ ਅਤੇ ਉਹ ਆਪਣੇ ਸੱਭਿਆਚਾਰ ਨਾਲੋਂ ਸਦਾ ਲਈ ਟੁੱਟ ਗਏ।
ਸੰਨ 1990 ਵਿੱਚ ਪਹਿਲੀ ਵਾਰੀ ਇਹਨਾਂ ‘ਰੈਜ਼ੀਡੈਂਸ਼ੀਅਲ ਸਕੂਲਾਂ’ ਬਾਰੇ ਚਰਚਾ ਸ਼ੁਰੂ ਹੋਈ ਅਤੇ ਇਸ ਉਪਰੰਤ ਫੈਡਰਲ ਸਰਕਾਰ ਨੇ ਇਹਨਾਂ ਦੀ ਤਫਤੀਸ਼ ਕਰਵਾਉਣ ਦੀ ਗੱਲ ਤੋਰੀ ਅਤੇ “3 ਇਸੇ ਕੜੀ ਦਾ ਹਿੱਸਾ ਹੈ। ਤਤਕਾਲੀਨ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਨੇ 2008 ਵਿੱਚ ਪਾਰਲੀਮੈਂਟ ਵਿੱਚ ਕੈਨੇਡੀਅਨ ਸਰਕਾਰਾਂ ਦੇ ਇਸ ਕਾਰੇ ਲਈ ਮੁਆਫੀ ਵੀ ਮੰਗੀ ਸੀ।

ਲੰਮੀਆਂ ਸਾਜਿਸ਼ਾਂ ਨੂੰ ਅੰਜਾਮ ਦੇਣਾ ਅਤੇ 50-100 ਸਾਲ ਪਿੱਛੋਂ ਮੁਆਫੀ ਮੰਗਣਾ ਕੈਨੇਡੀਅਨ ਸਰਕਾਰ ਦੀ ਆਦਤ ਬਣਦਾ ਜਾ ਰਿਹਾ ਹੈ। ਸੋਚਣ ਵਾਲੀ ਗੱਲ ਹੈ ਕਿ ਕੀ ਮੁਆਫੀ ਮੰਗਣ ਨਾਲ ਹੋਇਆ ਨੁਕਸਾਨ ਵਾਪਸ ਹੋ ਸਕਦਾ ਹੈ? ਮੂਲਵਾਸੀਆਂ ਦੀ ਮੌਜੂਦਾ ਹਾਲਾਤ ਕਿਸੇ ਤੋਂ ਲੁਕੀ ਨਹੀਂ ਹੈ। ਆਪਣੀ ਬੋਲੀ-ਸੱਭਿਆਚਾਰ ਤੋਂ ਦੂਰ ਮੂਲਵਾਸੀਆਂ ਦੀ ਮੌਜੂਦਾ ਪੀੜੀ ਨਸ਼ਿਆਂ ਅਤੇ ਨਿਰਾਸ਼ਾ ਦੇ ਆਲਮ ਵਿੱਚ ਹੈ। ਬੱਚੇ ਸਰਕਾਰੀ ਕੇਅਰ ਸੈਂਟਰਾਂ ਵਿੱਚ ਰੁਲ ਰਹੇ ਹਨ। ਨੌਜਵਾਨ ਕੁੜੀਆਂ ਦੇਹ ਵਪਾਰ ਦੇ ਰਾਹ ’ਤੇ ਹਨ। ਅਸੀਂ ਨਵੇਂ ਆਏ ਇਹਨਾਂ ਨੂੰ ‘ਤਾਏ ਕੇ’ ਕਹਿ ਕੇ ਹੱਸ ਛੱਡਦੇ ਹਾਂ। ਇਹਨਾਂ ਦੇ ਮੌਜੂਦਾ ਹਾਲਤ ਪਿੱਛੇ ਇਤਿਹਾਸ ਕੀ ਹੈ, ਸਾਨੂੰ ਇਸ ਦਾ ਕੋਈ ਇਲਮ ਨਹੀਂ ਹੈ।

ਬੱਚੇ ਦੇ ਵਿਕਾਸ ਵਿੱਚ ਮਾਂ ਬੋਲੀ ਦੀ ਅਹਿਮੀਅਤ ਨੂੰ ਵਿਗਿਆਨੀਆਂ ਨੇ ਵੀ ਸਵਿਕਾਰਿਆ ਹੈ। ‘ਮੇਰਾ ਦਾਗਿਸਤਾਨ’ ਵਿੱਚ ਜ਼ਿਕਰ ਆਉਂਦਾ ਹੈ ਕਿ ਜੇ ਕਿਸੇ ਨੂੰ ਬਦਅਸੀਸ ਦੇਣੀ ਹੋਵੇ ਤਾਂ ਕਿਹਾ ਜਾਂਦਾ ਹੈ ਕਿ ‘ਜਾ ਤੈਨੂੰ ਤੇਰੀ ਮਾਂ ਬੋਲੀ ਭੁੱਲ ਜਾਵੇ’। ਕੈਨੇਡੀਅਨ ਮੂਲਵਾਸੀਆਂ ਨਾਲ ਇਹ ਇੱਕ ਸੋਚੀ ਸਮਝੀ ਸਾਜਿਸ਼ ਤਹਿਤ ਹੋਇਆ ਅਤੇ ਹੁਕਮਰਾਨ ਇਸ ਵਿੱਚ ਕਾਮਯਾਬ ਵੀ ਹੋ ਗਏ। ਮੌਜੂਦਾ ਸਮਿਆਂ ਵਿੱਚ ਕਿਸੇ ਕੌਮ ਨੂੰ ਬੰਦੂਕਾਂ, ਤੋਪਾਂ ਤੋਂ ਬਿਨਾਂ ਖਤਮ ਕਰਨ ਦੀ ਇੱਕ ਉੱਘੀ ਉਦਾਹਰਨ ਹੈ।

ਮੈਂ ਅਕਸਰ ਸੋਚਦਾ ਹਾਂ ਕਿ ਇਹ ਮੂਲਵਾਸੀ ਤਾਂ ਸਾਜਿਸ਼ ਦਾ ਸ਼ਿਕਾਰ ਹੋਏ ਨੇ ਪਰ ਪਿੱਛੇ ਪੰਜਾਬ ਵਿੱਚ ਵਸਦੇ ਸਾਡੇ ਪੰਜਾਬੀਆਂ ਨੂੰ ਕਿਹੜੀ ਮਜਬੂਰੀ ਹੈ ਕਿ ਉਹ ਅੱਡੀਆਂ ਚੁੱਕ ਕੇ ਖੁਦ ਫਾਹਾ ਲੈ ਰਹੇ ਹਨ। ਅੱਜ ਹਕੀਕਤ ਇਹ ਹੈ ਕਿ ਪੰਜਾਬ ਦੇ ਵੱਡੇ ਸ਼ਹਿਰਾਂ ਦੇ ਵੱਡੇ ਪ੍ਰਾਈਵੇਟ ਸਕੂਲਾਂ ਵਿੱਚ ਬੱਚਿਆਂ ਦੇ ਪੰਜਾਬੀ ਬੋਲਣ ’ਤੇ ਵੀ ਪਾਬੰਦੀ ਹੈ ਅਤੇ ਲੋਕ ਚਾਈਂ ਚਾਈਂ ਆਪਣੇ ਬੱਚਿਆਂ ਨੂੰ ਉਹਨਾਂ ਸਕੂਲਾਂ ਵਿੱਚ ਭੇਜਦੇ ਹਨ। ਬੱਚਾ ਸਕੂਲੋਂ ਘਰ ਆ ਕੇ ਹਿੰਦੀ ਬੋਲਦਾ ਹੈ ਅਤੇ ਹੌਲੀ-ਹੌਲੀ ਉਸਦੀ ਪੰਜਾਬਣ ਮਾਂ ਵੀ ਹਿੰਦੀ ’ਚ ਹਮ ਕੋ, ਤੁਮ ਕੋ ਕਰਨ ਲਗਦੀ ਹੈ। ਸਮੇਂ ਦਾ ਉਲਟਾ ਗੇੜਾ ਸਕੂਲ ਤੋਂ ਘਰਾਂ ਤੱਕ ਅਤੇ ਫੇਰ ਲੋਕ ਮਨਾਂ ਤੱਕ ਪਹੁੰਚ ਚੁੱਕਾ ਹੈ ਕਿ ਪੰਜਾਬੀ ਅਨਪੜਾਂ ਦੀ ਬੋਲੀ ਹੈ। ਪਾਕਿਸਤਾਨ ਪੰਜਾਬ ਵਿੱਚ ਤਾਂ ਇਹ ਹੋਰ ਵੀ ਗੰਭੀਰ ਹੈ ਅਤੇ ਉਰਦੂ ਨੇ ਪੰਜਾਬੀ ਦੀਆਂ ਜੜਾਂ ਵੱਢ ਦਿੱਤੀਆਂ ਨੇ। ਸਮੇਂ ਦੀਆਂ ਸਰਕਾਰਾਂ ਤਾਂ ਜਿਵੇਂ ਸੁੱਤੀਆਂ ਪਈਆਂ ਨੇ ਜਾਂ ਉਹਨਾਂ ਦਾ ਇਸ ਮਸਲੇ ਨਾਲ ਕੋਈ ਵਾਹ ਵਾਸਤਾ ਹੀ ਨਹੀਂ। ਟੁੱਟੇ ਫੁੱਟੇ ‘ਭਾਸ਼ਾ ਵਿਭਾਗ’ ਦੀ ਜ਼ਿੰਮੇਵਾਰੀ ਲੈਣ ਤੋਂ ਪੰਜਾਬ ਦੇ ਮੰਤਰੀ ਇਉਂ ਦੂਰ ਭੱਜਦੇ ਹਨ ਜਿਵੇਂ ਕੋਈ ਸੱਪ ਸਲੂਤੀ ਦੇਖ ਲਈ ਹੋਵੇ। ਜੇ ਪੰਜਾਬ ਵਿੱਚ ਇਸ ਵਰਤਾਰੇ ਨੂੰ ਠੱਲ ਨਾ ਪਈ ਤਾਂ ਵਕਤ ਦੇ ਇਤਿਹਾਸ ਵਿੱਚ ਸਾਡਾ ਜ਼ਿਕਰ ਆਪਣੀ ਟਾਹਣੀ ਖੁਦ ਵੱਢਣ ਵਾਲਿਆਂ ‘ਚ ਹੋਵੇਗਾ।

ਡਾ ਨਿਰਮਲ ਸਿੰਘ ਹਰੀ
WhatsApp +1-204-391-3623