ਗੁਰੂ ਦੀ ਓਟ ਵਾਲੇ ਪੰਜਾਬੀਓ, ਸਭ ਨੂੰ ਸਤ ਸ਼੍ਰੀ ਅਕਾਲ। ਅਸੀਂ ਇੱਥੇ ਭਾਣੇ ਵਿੱਚ ਰਾਜੀ ਹਾਂ। ਤੁਹਾਡੀ ਰਾਜੀ-ਖੁਸ਼ੀ ਦਾਤੇ ਤੋਂ ਨੇਕ ਮੰਗਦੇ ਹਾਂ। ਅੱਗੇ ਸਮਾਚਾਰ ਇਹ ਹੈ ਕਿ ਵੋਟਾਂ ਦਾ ਤੰਦੂਰ ਤਪਿਆ ਹੈ। ਗਰਮ ਦੁਪਹਿਰੇ, ਗਰਮੀ ਚ ਪੱਕਦੀਆਂ ਗਰਮ ਮੋਟੀਆਂ ਤੰਦੂਰੀ ਰੋਟੀਆਂ ਵਾਂਗ। ਔਖਾ ਪਰ ਸਵਾਦੂ ਵੀ। ਇਕੱਠ ਘੱਟ ਹੁੰਦੇ ਹਨ। ਬਹੁਤੇ ਲੀਡਰੀ-ਖੁਰਕ ਵਾਲੇ ਨੇਤਾ ਹੀ ਮੁੜਕੋ-ਮੁੜਕੀ ਹੋ ਰਹੇ ਹਨ। ਆਪਣੇ ਪਿੰਡ ਵੀ ਹਾਥੀ ਆਲਿਆਂ ਦਾ ਬੰਦਾ ਆਇਆ ਸੀ। ਲੋਕੀਂ ਗਿਣਤੀ ਦੇ ਹੀ ਸਨ। ਬੋਲ ਕੇ ਗਿਆ ਤਾਂ ਹਵੇਲੀ
ਚ ਕਈ ਜਣੇ ਮੁੜਦੇ, ਜੀਤ ਸਿੰਹੁ ਕੋਲ ਸਾਹ ਲੈਣ ਲੱਗੇ। “ਕਿਵੇਂ ਜੇ ਲੱਗਦੀ ਐ ਹਵਾ ਸ਼ੇਰੋ?” ਜੀਤ ਸਿੰਹੁ ਨੇ ਸਾਰਿਆਂ ਨੂੰ ਸਾਂਝਾ-ਜਾ ਸਵਾਲ ਕੀਤਾ। “ਸਾਰਿਆਂ ਦੇ ਈ ਕੁੱਤੇ ਫੇਲ੍ਹ ਹੋਏ ਲੱਗਦੇ ਐ ਐਤਕੀਂ ਤਾਂ। ਨਾ ਅੱਜ ਆਲਿਆਂ ਦੇ ਮੂੰਹ ਉੱਤੇ ਰੌਣਕ ਸੀ, ਨਾਂ ਹੀ ਕੱਲ੍ਹ ਝਾੜੂ ਆਲੇ ਸੀ, ਉਨ੍ਹਾਂ ਦੇ।” ਬਚਨ ਸਿੰਹੁ ਨੇ ਭੜਾਸ ਕੱਢੀ। “ਕੋਈ ਤਾਂ ਜਿੱਤੂਗਾ ਈ ਨਾਂ?” ਜੀਤ ਸਿੰਹੁ ਨੂੰ ਕੋਈ ਬਿੜਕ ਨਹੀਂ ਮਿਲਦੀ ਸੀ।
“ਅਸਲ ਚ ਚੰਗਾ ਤਾਂ ਕੋਈ ਨੀਂ, ਆਪਾਂ ਨੂੰ ਸਦਾ ਸਾਰਿਆਂ ਨੇ ਕੁੱਟਿਆ-ਲੁੱਟਿਆ ਈ ਐ। ਹੱਥ ਆਲੇ ਹੋਣ ਭਾਂਵੇਂ, ਫੁੱਲ ਆਲੇ। ਨੀਲੇ-ਕਾਲੇ ਰਲੇ ਫਿਰਦੇ ਐ। ਕਿਸਾਨੀ ਅੰਦੋਲਨ ਉੱਤੇ ਕਿਹੜਾ ਜੁਲਮ ਨੀਂ ਹੋਇਆ, ਅਜੇ ਵੀ ਕੋਈ ਸੁਣਵਾਈ ਨੀਂ। ਕਿਸਾਨੀ, ਪੰਜਾਬ ਅਤੇ ਪਾਣੀਆਂ ਦਾ ਤਾਂ ਕੋਈ ਨਾਂ ਈਂ ਨੀਂ ਲੈਂਦਾ। ਨਸ਼ੇ, ਗੁੰਡਾਗਰਦੀ ਨੂੰ ਨੀਂ ਛੇੜਦਾ। ਅਸਲੀ ਮੁੱਦੇ ਛੱਡ ਕੇ ਲੀਡਰ ਇੱਕ ਦੂਜੀ ਪਾਰਟੀ ਬਦਲਣ ਅਤੇ ਭੰਡਣ ਉੱਤੇ ਈ ਲੱਕ ਬੰਨਿਆਂ। ਲੋਕਾਂ ਦੀ ਮੁਸ਼ਕਲ, ਮਹਿੰਗਾਈ, ਬੇਰੁਜ਼ਗਾਰੀ ਅਤੇ ਪ੍ਰਵਾਸ ਸਿਰੇ ਤੇ ਐ। ਅਕੇ ‘ਕੇਰਾਂ ਸਾਨੂੰ ਸਫ਼ਲ ਬਣਾਓ, ਫੇਰ ਬੈਠ ਕੇ ਗੱਲ ਕਰਾਂਗੇ
। ਜਿੱਤਣ ਮਗਰੋਂ ਇਹ ਕੀ ਲਈ ਬੈਠੇ ਆ। ਵਿਰੋਧ ਨਾ ਕਰੀਏ ਤਾਂ ਹੋਰ ਕੀ ਇੰਨ੍ਹਾਂ ਨੂੰ ਖੰਡ ਪਾਈਏ!” ਕਿਸਾਨ ਲੀਡਰ ਮੱਘਰ ਸਿੰਘ ਕਾਮਰੇਡ ਨੇ ਫੋਲਾ-ਫਾਲੀ ਕੀਤੀ ਅਤੇ ਉੱਠ ਕੇ ਘੜਵੰਜੀ ਉੱਤੇ ਪਏ ਤੌੜੇ ਚੋਂ ਪਲੇ ਨਾਲ, ਓਕ ਲਾ ਕੇ ਪਾਣੀ ਪੀਣ ਲੱਗਾ। “ਤਾਂਹੀਓਂ ਤਾਂ ਨਿਰਾਸਾ ਐ, ਵੋਟਾਂ ਘੱਟ ਪੈ ਰਹੀਆਂ।
ਲੀਡਰਾਂ-ਪਾਰਟੀਆਂ ਦਾ ਕੋਈ ਦੀਨ-ਧਰਮ ਈ ਨੀਂ ਰਹਿ ਗਿਆ। ਵਰਕਰਾਂ ਨੂੰ ਘੋੜੇ ਵਾਂਗੂੰ ਵਰਤਦੇ ਐ। ਵਰਕਰ ਕੀ ਮੂੰਹ ਵਿਖਾਉਣ? ਤੀਹ ਸਾਲ
ਕਾਲੀ, ਫੁੱਲ ਨਾਲ ਇੱਕ ਸੀ, ਹੁਣ ਦੁਸ਼ਮਣ ਐ। ਆਪਣੇ ਨੌਂ ਪਾਰਟੀਆਂ ਅਤੇ ਵੀਹ ਅਜ਼ਾਦ ਨੌਤੀ ਖੜੇ ਐ ਇੱਕ ਸੀਟ ਤੋਂ। ਅੱਗਾ ਹਨੇਰ ਐ, ਦੀਂਹਦਾ ਨੀਂ ਕੁਸ ਵੀ। ਲੋਕੀਂ ਹਰ ਪਾਸੇ ਤੋਂ ਤੜਪੀ ਜਾਂਦੇ ਐ, ਏਹਨਾਂ ਨੂੰ ਕੁਰਸੀ ਦਾ ਮੋਹ ਹੈ।” ਆਖ, ਬਿੱਕਰ ਨਾਲ ਸਾਰੇ ਖੜੇ ਹੋ ਗਏ। “ਫੇਰ ਤਾਂ ਵੇਖ ਬੱਲਿਆ ਰੰਗ ਕਰਤਾਰ ਦੇ” ਕਹਿੰਦਾ ਬਾਈ ਜੀਤ ਸਿੰਹੁ ਨਸਵਾਰ ਦੀ ਚੁਟਕੀ ਨੱਕ ਚ ਪਾਂਉਂਦਾ, ਮੰਜੇ ਉੱਤੇ ਲੱਕ ਸਿੱਧਾ ਕਰ ਗਿਆ। ਹੋਰ, ਦਿਨੇ ਗਲੀਆਂ ਸੁੰਨ-ਮਸੁੰਨ ਹੋ ਜਾਂਦੀਐਂ। ਠਾਹ-ਸੋਟਾ ਛੁੱਟੀਆਂ ਨੇ, ਨਿਆਣੇ ਸੌਖੇ ਕਰਤੇ। ਚੋਣ-ਡਿਊਟੀ ਵਾਲੇ ਤਾਂ ਲਮਕੇ ਹੀ ਹਨ। ਕੋਰੇ ਤੌੜੇ, ਸੁਰਾਹੀਆਂ ਅਤੇ ਮਤੀਰੇ ਵਿਕ ਰਹੇ ਹਨ।
ਕਈ ਪਿਆਰੇ ਛਬੀਲ, ਲਾਈ ਬੈਠੇ ਹਨ। ਕਸ਼ਮੀਰਾ ਮਿਸਤਰੀ ਲਟੋ-ਪੀਂਘ, ਢੂਲੇ ਖੋਲ ਰਿਹੈ। ਪਾਣੀ-ਖੁਣੋਂ, ਜੀਅ-ਜੰਤ ਤੇ ਬੂਟੇ ਝੁਲਸੇ ਪਏ ਐ। ਬੰਬਾ ਕਾ ਬਤਾਰੂ, ਬੀਚਰਿਆ ਬੋਲਦਾ ਨੀਂ। ਦਬਾਸੱਟ ਸਾਰੇ ਉਲਝੇ ਪਏ ਹਨ। ਸੱਚ, ਨਿੱਕਾ ਚਿੱਟੇ
ਚ ਫੜਿਆ ਗਿਆ। ਚੰਗਾ, ਮਿਲਾਂਗੇ ਅਗਲੇ ਐਤਵਾਰ, ਕਰੋ ‘ਜੌਬਉੱਤੇ ਜਾਣ ਦੀ ਤਿਆਰੀ।
ਤੁਹਾਡਾ ਆਪਣਾ,
(ਡਾ.) ਸਰਵਜੀਤ ਸਿੰਘ ‘ਕੁੰਡਲ
ਗਲੀ ਨੰ. 07, ਮਾਡਲ ਟਾਊਨ, ਅਬੋਹਰ-152116, ਪੰਜਾਬ (ਭਾਰਤ)
ਮੋਬਾਈਲ ਨੰ. 9464667061