ਕਲਾਕਾਰਾਂ ਦਾ ਬੇਹੱਦ ਸਤਿਕਾਰ ਕਰਦੇ ਨੇ ਦੁਨੀਆਂ ਭਰ ਦੇ ਲੋਕ

ਪ੍ਰੋ. ਕੁਲਬੀਰ ਸਿੰਘ
ਸ਼ਾਹਰੁਖ ਖ਼ਾਨ ਦੀ ਵਰਲਡ ਟੂਰ ਵੀਡੀਓ ਵੇਖ ਰਿਹਾ ਹਾਂ। ਮੈਂ ਹੈਰਾਨ ਰਹਿ ਗਿਆ ਬਤੌਰ ਕਲਾਕਾਰ ਉਸਨੂੰ ਦੁਨੀਆਂ ਭਰ ਦੇ ਲੋਕ ਕਿੰਨਾ ਪਿਆਰ ਕਰਦੇ ਹਨ। ਕਲਾ ਨੂੰ, ਹੁਨਰ ਨੂੰ, ਅਦਾਕਾਰੀ ਨੂੰ ਲੋਕ ਬੇਹੱਦ ਸਤਿਕਾਰ ਦੀਆਂ ਨਜ਼ਰਾਂ ਨਾਲ ਵੇਖਦੇ ਹਨ। ਸ਼ਾਹਰੁਖ ਖ਼ਾਨ ਦੀ ਇਹ ਵੀ ਖੂਬੀ ਹੈ ਕਿ ਬਦਲੇ ਵਿਚ ਉਹ ਵੀ ਓਨਾ ਹੀ ਪਿਆਰ ਸਤਿਕਾਰ ਲੋਕਾਂ ਨੂੰ ਦਿੰਦੇ ਹਨ। ਬਹੁਤੇ ਕਲਾਕਾਰ ਸਖ਼ਤ ਸੁਰੱਖਿਆ ਘੇਰੇ ਵਿਚ ਘਿਰੇ ਹੋਣ ਕਾਰਨ ਲੋਕਾਂ ਦੀ ਬਹੁਤੀ ਪਰਵਾਹ ਨਹੀਂ ਕਰਦੇ।

ਸ਼ਾਹਰੁਖ ਖ਼ਾਨ ਪ੍ਰਤੀ ਦੁਨੀਆਂ ਭਰ ਦੇ ਲੋਕਾਂ ਦਾ ਪਿਆਰ ਸਤਿਕਾਰ ਵੇਖਣ ਲਈ ਅਤੇ ਬਦਲੇ ਵਿਚ ਲੋਕਾਂ ਪ੍ਰਤੀ ਉਸਦੇ ਸਨੇਹ ਸਤਿਕਾਰ ʼਤੇ ਨਜ਼ਰ ਮਾਰਨ ਲਈ ਤੁਹਾਨੂੰ ਸ਼ਾਹਰੁਖ ਖ਼ਾਨ ਦੇ ਵਰਲਡ ਟੂਰ ਦੀ ਵੀਡੀਓ ਵੇਖਣੀ ਪਵੇਗੀ

ਮਲੇਸ਼ੀਆ ਤੋਂ ਸ਼ੁਰੂ ਹੋ ਕੇ ਸਾਊਦੀ ਅਰਬੀਆ ਦੇ ਲੋਕਾਂ ਦੇ ਬੇਹੱਦ ਭਾਵੁਕ ਕਰ ਦੇਣ ਵਾਲੇ ਦ੍ਰਿਸ਼ ਪੇਸ਼ ਕਰਦੀ ਇਸ ਵੀਡੀਓ ਵਿਚ ਜਰਮਨੀ, ਤ੍ਰਿਨੀਦਾਦ, ਕੁਵੈਤ, ਚੀਨ, ਫਰਾਂਸ, ਰੂਸ, ਸ੍ਰੀਲੰਕਾ, ਸਾਊਥ ਅਫ਼ਰੀਕਾ, ਭਾਰਤ, ਪੋਲੈਂਡ, ਮੋਰੋਕੋ, ਆਸਟਰੇਲੀਆ, ਇੰਗਲੈਂਡ, ਨੀਦਰਲੈਂਡ, ਬੁਲਗਾਰੀਆ, ਇੰਡੋਨੇਸ਼ੀਆ, ਕਤਰ, ਡੁਬੱਈ, ਕੈਨੇਡਾ ਦੇ ਲੋਕਾਂ ਦਾ ਸ਼ਾਹਰੁਖ ਖ਼ਾਨ ਪ੍ਰਤੀ ਡੁਲ੍ਹ ਡੁਲ੍ਹ ਪੈਂਦਾ ਪਿਆਰ ਸਤਿਕਾਰ ਨਜ਼ਰ ਆਉਂਦਾ ਹੈ।
ਕਿਧਰੇ ਉਹ ਲੋਕਾਂ ਨੂੰ ਹੱਥ ਹਿਲਾਉਂਦਾ ਹੈ, ਕਿਧਰੇ ਗਲੇ ਲਗਾਉਂਦਾ ਹੈ, ਕਿਧਰੇ ਹੱਸਦਾ ਹਸਾਉਂਦਾ ਹੈ, ਕਿਧਰੇ ਰੋਂਦਾ ਰਵਾਉਂਦਾ ਹੈ, ਕਿਧਰੇ ਗੀਤ ਗੁਣ ਗੁਣਾਉਂਦਾ ਆਪਣੇ ਹਾਵ ਭਾਵ ਪ੍ਰਗਟਾਉਂਦਾ ਹੈ, ਮੁਲਕ ਵੱਖ ਵੱਖ ਹਨ ਧਰਤੀ ਦੇ ਕੋਨੇ ਜੁਦਾ ਜੁਦਾ ਹਨ ਪਿਆਰ ਸਤਿਕਾਰ ਦਾ ਸਲੀਕਾ ਸੱਭ ਦਾ ਮਨਭਾਉਂਦਾ ਹੈ, ਸੱਭ ਨੂੰ ਆਟੋਗ੍ਰਾਫ ਦੇਂਦਾ ਨੱਚਦਾ ਟੱਪਦਾ ਥਰਥਰਾਉਂਦਾ ਹੈ, ਤਖਤੀਆਂ ਫੜ੍ਹੀਆਂ ਸੱਭ ਨੇ ਵੱਖ ਵੱਖ ਬੋਲੀ ਵਾਲੀਆਂ ਪਰ ਮਤਲਬ ਉਹੀ ਸਨੇਹ ਸਤਿਕਾਰ ਦਰਸਾਉਂਦਾ ਹੈ।

ਦਰਅਸਲ ਉਹ ਵਿਦੇਸ਼ਾਂ ਵਿਚ ਵੀ, ਪਰਾਈਆਂ ਧਰਤੀਆਂ ਉੱਤੇ ਵੀ ਬੇਹੱਦ ਪ੍ਰਸਿੱਧ ਹੈ। ਇਕ ਰੁਮਾਂਟਿਕ ਅਦਾਕਾਰ ਵਜੋਂ, ਫ਼ਿਲਮਾਂ ਦੀ ਪ੍ਰਸਿੱਧੀ ਪੱਖੋਂ, ਕੁਦਰਤੀ ਪ੍ਰਤਿਭਾ ਕਾਰਨ, ਸਹਿਜ ਸੁਭਾਵਕ ਅਦਾਕਾਰੀ ਸਦਕਾ, ਲੋਕ ਉਸਨੂੰ ਆਪਣੇ ਨੇੜੇ, ਆਪਣੇ ਇਰਦ ਗਿਰਦ ਵੇਖ ਕੇ ਝੱਲੇ ਹੋ ਜਾਂਦੇ ਹਨ। ਆਪਣੀਆਂ ਭਾਵਨਾਵਾਂ ʼਤੇ ਕਾਬੂ ਨਹੀਂ ਰੱਖ ਪਾਉਂਦੇ। ਵਿਦੇਸ਼ਾਂ ਵਿਚ ਅਜਿਹੀ ਪ੍ਰਸਿੱਧੀ, ਅਜਿਹੀ ਹਰਮਨਪਿਆਰਤਾ ਕਦੇ ਰਾਜ ਕਪੂਰ ਦੀ ਹੁੰਦੀ ਸੀ। ਰਾਜ ਕਪੂਰ, ਦੇਵ ਆਨੰਦ, ਦਲੀਪ ਕੁਮਾਰ ਰੂਸ ਵਿਚ ਬੜੇ ਪ੍ਰਸਿੱਧ ਸਨ। ਅਮਿਤਾਬ ਬਚਨ, ਅਨੂਪਮ ਖੇਰ, ਅਨਿਲ ਕਪੂਰ, ਆਮਿਰ ਖ਼ਾਨ, ਐਸ਼ਵਰਿਆ ਰਾਏ ਆਦਿ ਕਲਾਕਾਰਾਂ ਨੂੰ ਵੀ ਵਿਸ਼ਵ ਪੱਧਰ ʼਤੇ ਮਾਣ ਸਤਿਕਾਰ ਮਿਲਦਾ ਹੈ। ਆਮਿਰ ਖ਼ਾਨ ਦੀਆਂ ਕੁਝ ਫ਼ਿਲਮਾਂ ਵਿਸ਼ਾ-ਸਮੱਗਰੀ ਕਾਰਨ ਚੀਨ ਵਿਚ ਬੜੀਆਂ ਚਰਚਿਤ ਹੋਈਆਂ ਸਨ।

ਅਜਿਹੇ ਕਲਾਕਾਰਾਂ ਦੇ ਦੁਨੀਆਂ ਭਰ ਵਿਚ ਕਰੋੜਾਂ ਪ੍ਰਸੰਸਕ ਹਨ। ਇਕ ਸਰਵੇ ਅਨੁਸਾਰ ਦੁਨੀਆਂ ਭਰ ਦੇ 320 ਕਰੋੜ ਤੋਂ ਵੱਧ ਲੋਕ ਸ਼ਾਹਰੁਖ ਖ਼ਾਨ ਬਾਰੇ ਜਾਣਦੇ ਹਨ। ਉਸਨੂੰ ਪਹਿਚਾਣਦੇ ਹਨ। ਉਸਨੂੰ ਵੇਖਣ ਲਈ, ਉਸਦੀ ਇਕ ਝਲਕ ਪਾਉਣ ਲਈ, ਉਸਦੀਆਂ ਫ਼ਿਲਮਾਂ ਥੀਏਟਰ ਵਿਚ ਵੇਖਣ ਲਈ ਭਾਰਤ ਆਉਂਦੇ ਹਨ। ਕਈ ਵਾਰ ਉਸਦੇ ਘਰ ਦੇ ਬਾਹਰ ਵੱਡੀ ਗਿਣਤੀ ਵਿਚ ਪ੍ਰਸੰਸਕ ਇਕੱਤਰ ਹੋ ਜਾਂਦੇ ਹਨ। ਅਜਿਹੀ ਹੀ ਪ੍ਰਸਿੱਧੀ ਅਮਿਤਾਬ ਬੱਚਨ ਦੀ ਹੈ।

ਇਨ੍ਹਾਂ ਅਦਾਕਾਰਾਂ ਦੀ ਅੰਤਰਰਾਸ਼ਟਰੀ ਪ੍ਰਸਿੱਧੀ ਵੇਖ ਕੇ ਪਤਾ ਚੱਲਦਾ ਹੈ ਕਿ ਭਾਰਤੀ ਹਿੰਦੀ ਫ਼ਿਲਮਾਂ ਦਾ ਪੂਰੀ ਦੁਨੀਆਂ ਵਿਚ ਪ੍ਰਭਾਵ ਹੈ। ਇਹ ਕਲਾਕਾਰ ਵਿਸ਼ਵ ਮਨੋਰੰਜਨ ਉਦਯੋਗ ਵਿਚ ਪ੍ਰਸਿੱਧ ਹਨ। ਇਹ ਦੋਵੇਂ ਕਲਾਕਾਰ ਭਾਰਤ ਤੋਂ ਬਾਅਦ ਯੂਰਪ ਅਤੇ ਅਮਰੀਕਾ ਵਿਚ ਵੀ ਓਨੇ ਹੀ ਚਰਚਿਤ ਹਨ। ਇਸ ਦਾ ਇਕ ਕਾਰਨ ਇਹ ਵੀ ਹੈ ਕਿ ਇਨ੍ਹਾਂ ਦੀਆਂ ਵਧੇਰੇ ਫ਼ਿਲਮਾਂ ਮਨੋਰੰਜਨ ਆਧਾਰਿਤ ਹਨ ਅਤੇ ਦੁਨੀਆਂ ਦੇ ਬਹੁਤੇ ਫ਼ਿਲਮ-ਦਰਸ਼ਕ ਮਨੋਰੰਜਨ ਖਾਤਰ ਫ਼ਿਲਮਾਂ ਵੇਖਦੇ ਹਨ।

ਇਨ੍ਹਾਂ ਕਲਾਕਾਰਾਂ ਦੀ ਕਲਾਕਾਰੀ ਅਤੇ ਹਰਮਨ ਪਿਆਰੀ ਸ਼ਖ਼ਸੀਅਤ ਦਾ ਕਮਾਲ ਹੈ ਕਿ ਇਹ ਦਹਾਕਿਆਂ ਤੱਕ ਪ੍ਰਸਿੱਧੀ ਦੀ ਸਿਖ਼ਰ ʼਤੇ ਟਿਕੇ ਹੋਏ ਹਨ। ਲੋਕਾਂ ਦੇ ਦਿਲ-ਦਿਮਾਗ਼ ਵਿਚ ਥਾਂ ਬਣਾਈ ਹੋਈ ਹੈ।

ਜਰਮਨੀ ਵਿਚ ਭਾਰਤੀ ਸੰਗੀਤ, ਭਾਰਤੀ ਸਭਿਆਚਾਰ ਅਤੇ ਭਾਰਤੀ ਸਿਨੇਮਾ ਨੂੰ ਪਸੰਦ ਕੀਤਾ ਜਾਂਦਾ ਹੈ। ਨਤੀਜੇ ਵਜੋਂ ਉਥੇ ਵੀ ਭਾਰਤੀ ਫ਼ਿਲਮਾਂ ਦੇ ਪਹਿਲੀ ਕਤਾਰ ਦੇ ਕਲਾਕਾਰਾਂ ਦੇ ਪ੍ਰਸੰਸਕਾਂ ਦੀ ਵੱਡੀ ਗਿਣਤੀ ਹੈ।

ਸ਼ਾਹਰੁਖ ਖ਼ਾਨ ਨੇ ਤਾਂ ਇਕ ਵੱਟਸਐਪ ਨੰਬਰ ਵੀ ਨਸ਼ਰ ਕੀਤਾ ਹੋਇਆ ਹੈ ਜਿਸ ਰਾਹੀਂ ਉਹ ਆਪਣੇ ਵਿਸ਼ਵ-ਵਿਆਪੀ ਪ੍ਰਸੰਸਕਾਂ ਨਾਲ ਰਾਬਤਾ ਰੱਖਦਾ ਹੈ। ਭਾਰਤੀ ਸਿਨੇਮਾ ਦੇ ਚੋਟੀ ਦੇ ਕਲਾਕਾਰਾਂ ਦੇ ਟਵਿੱਟਰ ਆਦਿ ʼਤੇ ਲੱਖਾਂ ਕਰੋੜਾਂ ਪ੍ਰਸੰਸਕ ਹਨ।
ਸ਼ਾਹਰੁਖ ਖ਼ਾਨ ਅਕਸਰ ਡੁਬੱਈ ਜਾਂਦਾ ਰਹਿੰਦਾ ਹੈ ਕਿਉਂ ਕਿ ਉਸਨੇ ਆਪਣਾ ਇਕ ਘਰ ਉਥੇ ਵੀ ਬਣਾਇਆ ਹੋਇਆ ਹੈ ਅਤੇ ਉਹ ਡੁਬੱਈ ਟੂਰਿਜ਼ਮ ਦਾ ਬਰਾਂਡ ਅੰਬੈਸਡਰ ਵੀ ਹੈ।

ਭਾਰਤੀ ਲੋਕਾਂ ਦੀ ਮਾਨਸਿਕਤਾ ਅਜਿਹੀ ਹੈ ਜਾਂ ਕਹਿ ਸਕਦੇ ਹਾਂ ਸਿਸਟਮ ਅਜਿਹਾ ਹੈ ਕਿ ਇਥੇ ਫ਼ਿਲਮ ਅਦਾਕਾਰ, ਕ੍ਰਿਕਟ ਖਿਡਾਰੀ ਅਤੇ ਅਮੀਰ ਲੋਕ ਵਧੇਰੇ ਪ੍ਰਸਿੱਧ ਹਨ।

ਭਾਰਤੀ ਫ਼ਿਲਮਾਂ ਦੇ ਅਦਾਕਾਰ ਲੋਕਾਂ ਨੂੰ ਭਾਵੁਕ ਅਤੇ ਕਾਲਪੀਨਿਕ ਪੱਧਰ ʼਤੇ ਪ੍ਰਭਾਵਤ ਕਰਕੇ ਆਪਣੇ ਨਾਲ ਜੋੜ ਲੈਂਦੇ ਹਨ। ਉਨ੍ਹਾਂ ਦੀ ਫ਼ਿਲਮੀ ਜੀਵਨ-ਸ਼ੈਲੀ ਅਤੇ ਫ਼ਿਲਮੀ ਜੀਵਨ-ਕਹਾਣੀ ਅਸਲ ਜੀਵਨ ਤੋਂ ਆਕਰਸ਼ਕ, ਵੱਖਰੀ, ਵੱਡੀ ਤੇ ਵਿਸ਼ਾਲ ਹੁੰਦੀ ਹੈ। ਜਿਹੜੀ ਦਰਸ਼ਕਾਂ ਨੂੰ ਉਨ੍ਹਾਂ ਦੇ ਜੀਵਨ ਦੇ ਯਥਾਰਥ ਨਾਲੋਂ ਤੋੜ ਕੇ ਕਾਲਪਨਿਕ ਸੰਸਾਰ ਵਿਚ ਲੈ ਜਾਂਦੀ ਹੈ।

ਦੁਨੀਆਂ ਦੇ ਵੱਖ ਵੱਖ ਮੁਲਕਾਂ ਦੇ ਬਹੁਤ ਸਾਰੇ ਫ਼ਿਲਮ ਕਲਕਾਰ ਬੇਹੱਦ ਚਰਚਿਤ ਤੇ ਪ੍ਰਸਿੱਧ ਹਨ ਪਰ ਜੋ ਸ਼ੁਹਰਤ ਤੇ ਸਤਿਕਾਰ ਸ਼ਾਹਰੁਖ ਖ਼ਾਨ ਅਤੇ ਅਮਿਤਾਬ ਬੱਚਨ ਜਿਹੇ ਭਾਰਤੀ ਅਦਾਕਾਰਾਂ ਦੇ ਹਿੱਸੇ ਆਇਆ ਹੈ ਉਹ ਸ਼ਾਇਦ ਕਿਸੇ ਹੋਰ ਨੂੰ ਨਸੀਬ ਨਾ ਹੋਇਆ ਹੋਵੇ।