ਕੀ ਮਿਰਜ਼ੇ ਦੀ ਮੌਤ ਲਈ ਸਾਹਿਬਾਂ ਜ਼ਿੰਮੇਵਾਰ ਸੀ ਜਾਂ ਉਸ ਦਾ ਹੰਕਾਰ?

ਪੰਜਾਬ ਦੇ ਸਾਰੇ ਛੋਟੇ ਵੱਡੇ ਗਵੱਈਆਂ ਨੇ ਸਾਹਿਬਾਂ ਨੂੰ ਪਾਣੀ ਪੀ ਪੀ ਕੇ ਕੋਸਿਆ ਹੈ। ਸਾਹਿਬਾਂ ਨਾਲ ਪੰਜਾਬ ਦੀਆਂ ਲੋਕ ਕਥਾਵਾਂ ਦੇ ਕਿਸੇ ਵੀ ਕਿਰਦਾਰ ਨਾਲੋਂ ਵੱਧ ਬੇਇਨਸਾਫੀ ਹੋਈ ਹੈ। ਉਸ ਨੂੰ ਧੋਖੇਬਾਜ਼, ਯਾਰ ਮਾਰ ਤੇ ਪਤਾ ਨਹੀਂ ਕੀ ਕੀ ਕਹਿ ਕੇ ਬਦਨਾਮ ਕੀਤਾ ਗਿਆ ਹੈ। ਸਾਹਿਬਾਂ ਨੂੰ ਭੰਡਣ ਵਾਲਿਆਂ ਨੂੰ ਇਸ ਗੱਲ ‘ਤੇ ਜਰੂਰ ਗੌਰ ਕਰਨਾ ਚਾਹੀਦਾ ਹੈ ਕਿ ਜੇ ਕੋਈ ਪੇ੍ਰਮੀ, ਪ੍ਰੇਮਿਕਾ ਨੂੰ ਵਿਆਹ ਵਾਲੇ ਦਿਨ ਉਧਾਲ ਕੇ ਲੈ ਜਾਵੇ ਤੇ ਫਿਰ ਰਸਤੇ ਵਿੱਚ ਘਾਤ ਲਾ ਕੇ ਉਸ ਦੇ ਭਰਾਵਾਂ ਨੂੰ ਕਤਲ ਕਰਨ ਦੀਆਂ ਤਰਕੀਬਾਂ ਵੀ ਬਣਾਵੇ ਤਾਂ ਉਸ ਹਾਲਤ ਵਿੱਚ ਲੜਕੀ ਨੂੰ ਕੀ ਕਰਨਾ ਚਾਹੀਦਾ ਹੈ? ਕੀ ਉਸ ਨੂੰ ਆਪਣੇ ਬੇਕਸੂਰ ਭਰਾਵਾਂ ਨੂੰ ਮਰਵਾ ਦੇਣਾ ਚਾਹੀਦਾ ਹੈ?

ਮਿਰਜ਼ਾ ਸਾਹਿਬਾਂ ਦੀ ਕਹਾਣੀ ਬਾਰੇ ਵੈਸੇ ਤਾਂ ਸਾਰੇ ਜਾਣਦੇ ਹੀ ਹਨ, ਪਰ ਫਿਰ ਵੀ ਮੋਟਾ ਮੋਟਾ ਇਸ ਤਰਾਂ ਹੈ। ਮਿਰਜ਼ਾ ਸਾਹਿਬਾਂ ਦੀ ਇਸ਼ਕ ਕਹਾਣੀ 17ਵੀਂ ਸਦੀ (ਮੁਗਲ ਕਾਲ) ਵਿੱਚ ਵਾਪਰੀ ਸੀ। ਸਾਹਿਬਾਂ ਖੀਵੇ ਪਿੰਡ ਦੇ ਚੌਧਰੀ ਮਾਹਣੀ ਖਾਨ ਸਿਆਲ ਦੀ ਧੀ ਸੀ ਜੋ ਹੁਣ ਪਾਕਿਸਤਾਨੀ ਪੰਜਾਬ ਦੇ ਝੰਗ ਜਿਲ੍ਹੇ ਵਿੱਚ ਪੈਂਦਾ ਹੈ। ਮਿਰਜ਼ਾ ਗੰਜੀ ਬਾਰ ਦੇ ਪਿੰਡ ਦਾਨਾਬਾਦ (ਜਿਲ੍ਹਾ ਫੈਸਲਾਬਾਦ) ਦੇ ਚੌਧਰੀ ਵੰਜਲ ਖਾਨ ਖਰਲ ਦਾ ਪੁੱਤਰ ਸੀ। ਦੋਵਾਂ ਪਿੰਡਾਂ ਵਿੱਚ ਫਾਸਲਾ ਕਰੀਬ 80-90 ਕਿ.ਮੀ. ਦੇ ਕਰੀਬ ਤੇ ਸਾਹਿਬਾਂ ਮਿਰਜ਼ੇ ਦੇ ਸਕੇ ਮਾਮੇ ਦੀ ਧੀ ਸੀ। ਮਿਰਜ਼ੇ ਨੂੰ ਪੜ੍ਹਨ ਲਈ ਮਾਸੀ ਬੀਬੋ ਕੋਲ ਨਾਨਕੇ ਭੇਜਿਆ ਗਿਆ ਜਿੱਥੇ ਉਸ ਦਾ ਸਾਹਿਬਾਂ ਨਾਲ ਪਿਆਰ ਪੈ ਗਿਆ। ਵੰਜਲ ਖਾਨ ਨੇ ਵੀ ਮਿਰਜ਼ੇ ਦੀ ਮਾਂ ਨਾਲ ਘਰੋਂ ਭਜਾ ਕੇ ਵਿਆਹ ਕਰਵਾਇਆ ਸੀ। ਇਸ ਖੁੰਦਕ ਕਾਰਨ ਮਾਹਣੀ ਖਾਨ ਨੇ ਮਿਰਜ਼ੇ ਦੀ ਬਜਾਏ ਸਾਹਿਬਾਂ ਦਾ ਰਿਸ਼ਤਾ ਚੰਧੜ੍ਹ ਗੋਤਰ ਦੇ ਜੱਟ ਤਾਹਿਰ ਖਾਨ ਨਾਲ ਪੱਕਾ ਕਰ ਦਿੱਤਾ। ਪਤਾ ਲੱਗਣਮਿਰਜ਼ਾ ‘ਤੇ ਵਿਆਹ ਤੋਂ ਪਹਿਲੀ ਰਾਤ ਸਾਹਿਬਾਂ ਨੂੰ ਕੱਢ ਕੇ ਲੈ ਗਿਆ ਪਰ ਰਸਤੇ ਵਿੱਚ ਅਰਾਮ ਕਰਨ ਲਈ ਸੌਂ ਗਿਆ। ਸਾਹਿਬਾਂ ਨੇ ਘਰ ਪਹੁੰਚਣ ਲਈ ਬਹੁਤ ਵਾਸਤੇ ਪਾਏ ਪਰ ਮਿਰਜ਼ਾ ਨਾ ਮੰਨਿਆ। ਸਾਹਿਬਾਂ ਦੇ ਸਮਝਾਉਣ ਦੇ ਬਾਵਜੂਦ ਸ਼ੇਖੀਆਂ ਮਾਰਨ ਲੱਗਾ,

“ ਕੋਈ ਨਹੀਂ ਦੀਹਦਾ ਸੂਰਮਾ, ਜੋ ਮੈਨੂੰ ਹੱਥ ਕਰੇ।
ਮੈਂ ਕਟਕ ਭਿੜਾਂ ਦਿਆਂ ਟੱਕਰੀਂ, ਮੈਥੋਂ ਮੌਤ ਡਰੇ।
ਵਲ ਵਲ ਵੱਢ ਦਿਆਂ ਸੂਰਮੇ, ਜਿਉਂ ਖੇਤੀਂ ਪੈਣ ਗੜੇ।
ਮੈਂ ਵੱਢ ਕੇ ਸਿਰ ਸਿਆਲਾਂ ਦੇ, ਸੁਟੂੰ ਵਿੱਚ ਰੜੇ।


ਹੀਰ ਚਾਹੇ ਮਿਰਜ਼ੇ ਨਾਲ ਪਿਆਰ ਕਰਦੀ ਸੀ ਪਰ ਉਸ ਦਾ ਆਪਣੇ ਭਰਾਵਾਂ ਨਾਲ ਕੋਈ ਅਜਿਹਾ ਵੈਰ ਵਿਰੋਧ ਨਹੀਂ ਸੀ ਕਿ ਉਨ੍ਹਾਂ ਦਾ ਕਤਲ ਕਰਵਾ ਦਿੰਦੀ। ਭਰਾਵਾਂ ਦੇ ਪਿਆਰ ਅੱਗੇ ਮਿਰਜ਼ੇ ਦਾ ਪਿਆਰ ਹਾਰ ਗਿਆ ਤੇ ਉਸ ਨੇ ਮਿਰਜ਼ੇ ਦੇ ਤੀਰ ਤੋੜ ਦਿੱਤੇ। ਚੰਧੜਾਂ ਅਤੇ ਸਿਆਲਾਂ ਦੀ ਧਾੜ ਨੇ ਦੋਵਾਂ ਨੂੰ ਘੇਰ ਕੇ ਕਤਲ ਕਰ ਦਿੱਤਾ।

ਕਿੱਸਾਕਾਰ ਪੀਲੂ ਨੇ ਮਿਰਜ਼ੇ ਦਾ ਕਿਰਦਾਰ ਬਹੁਤ ਬਹਾਦਰ ਤੇ ਸ਼ਕਤੀਸ਼ਾਲੀ ਚਿਤਰਿਆ ਹੈ। ਉਸ ਦੀ ਮੌਤ ਦਾ ਕਾਰਨ ਸਾਹਿਬਾਂ ਵੱਲੋਂ ਤੀਰ ਤੋੜਨਾ ਦੱਸਿਆ ਹੈ। ਪਰ ਅਸਲ ਵਿੱਚ ਅਜਿਹੀ ਗੱਲ ਨਹੀਂ ਲੱਗਦੀ। ਮਿਰਜ਼ੇ ਦੀ ਕਹਾਣੀ ਨੂੰ ਜੇ ਸੱਚ ਦੀ ਕਸਵੱਟੀ ‘ਤੇ ਕੱਸਿਆ ਜਾਵੇ ਤਾਂ ਉਸ ਦੀ ਮੌਤ ਦੇ ਕਈ ਕਾਰਨ ਸਨ। ਸਭ ਤੋਂ ਵੱਡਾ ਕਾਰਨ ਹੈ ਉਸ ਦਾ ਅੱਤ ਦਾ ਹੰਕਾਰੀ ਹੋਣਾ ਤੇ ਘੋੜੀ ਬੱਕੀ ਉੱਪਰ ਲੋੜ ਤੋਂ ਵੱਧ ਵਿਸ਼ਵਾਸ ਕਰਨਾ ਸੀ।
“ਬਹਿ ਨਾਲ ਯਕੀਨ ਦੇ, ਮੇਰੀ ਬੱਕੀ ਨਾ ਨਿੰਦ ਕੇ ਜਾ,

ਨੀ ਇਹ ਪਾਣੀ ਪੀਂਦੀ ਅੰਬਰੋਂ, ਅਰਸ਼ਾਂ ਤੋਂ ਚੁਗਦੀ ਘਾਹ”

ਮਿਰਜ਼ੇ ਨੇ ਦਾਨਾਬਾਦ ਪਹੁੰਚਣ ਦੀ ਕਾਹਲੀ ਵਿੱਚ ਬੱਕੀ ‘ਤੇ ਜਰੂਰਤ ਤੋਂ ਜਿਆਦਾ ਦਬਾਅ ਪਾ ਦਿੱਤਾ ਸੀ। ਉਹ ਦਿਨ ਢਲੇ ਖੀਵੇ ਪਹੁੰਚਿਆ ਸੀ ਤੇ ਅਗਲੇ ਦਿਨ ਤੜ੍ਹਕੇ ਹੀ ਬੱਕੀ ਨੂੰ ਅਰਾਮ ਦਿੱਤੇ ਬਗੈਰ ਵਾਪਸ ਚੱਲ ਪਿਆ। ਦੋ ਸਵਾਰਾਂ ਦਾ ਭਾਰ ਲੈ ਕੇ 80 ਕਿ.ਮੀ. ਸਫਰ ਨਿਰੰਤਰ ਤੇਜੀ ਨਾਲ ਤਹਿ ਕਰਨਾ ਚੰਗੀ ਤੋਂ ਚੰਗੀ ਨਸਲ ਦੇ ਘੋੜੇ ਵਾਸਤੇ ਵੀ ਸੰਭਵ ਨਹੀਂ ਹੈ। ਵਿਸ਼ਵ ਦੀਆਂ ਸਭ ਤੋਂ ਵਧੀਆ ਨਸਲਾਂ ਦੇ ਘੋੜਿਆਂ (ਅਰਬੀ ਤੇ ਥੈਰੋਬਰੈਡ) ਦੀ ਰਫਤਾਰ ਵੀ ਵੱਧ ਤੋਂ ਵੱਧ 50 55 ਕਿ.ਮੀ. ਪ੍ਰਤੀ ਘੰਟਾ ਹੁੰਦੀ ਹੈ। ਪਰ ਕੋਈ ਵੀ ਘੋੜਾ ਪੂਰੀ ਰਫਤਾਰ ਨਾਲ 3 – 4 ਕਿ.ਮੀ. ਤੋਂ ਵੱਧ ਫਾਸਲਾ ਤੈਅ ਨਹੀਂ ਕਰ ਸਕਦਾ। ਘੋੜੇ ਦੀ ਦੁੜਕੀ ਚਾਲ 15-20 ਕਿ.ਮੀ. ਪ੍ਰਤੀ ਘੰਟਾ ਹੁੰਦੀ ਹੈ। ਇਸ ਲਈ ਬੱਕੀ ਚਾਹੇ ਕਿੰਨੀ ਵੀ ਤਕੜੀ ਸੀ, ਦੋ ਸਵਾਰਾਂ ਦੇ ਭਾਰ ਕਾਰਨ ਤੁਰ ਕੇ ਜਾਂ ਦੁੜਕੀ ਚਾਲ ਹੀ ਆਈ ਹੋਵੇਗੀ। ਇਸ ਲਈ ਲੱਗਦਾ ਹੈ ਕਿ ਦਾਨਾਬਾਦ ਪਹੁੰਚਣ ‘ਤੇ ਉਨ੍ਹਾਂ ਨੂੰ 5-6 ਘੰਟੇ ਲੱਗੇ ਹੋਣਗੇ ਤੇ ਸਿਆਲਾਂ ਦੇ ਤਾਜ਼ਾ ਦਮ ਘੋੜਿਆਂ ਨੇ ਉਨ੍ਹਾਂ ਨੂੰ ਘੇਰ ਲਿਆ ਹੋਵੇਗਾ।

ਦੂਜੀ ਗੱਲ ਰਹੀ ਮਿਰਜ਼ੇ ਦੇ ਸੌਣ ਦੀ। ਜਿਸ ਜਗ੍ਹਾ ‘ਤੇ ਮਿਰਜ਼ਾ ਸਾਹਿਬਾਂ ਕਤਲ ਹੋਏ ਸਨ, ਉਹ ਦਾਨਾਬਾਦ ਤੋਂ ਸਿਰਫ 2-3 ਕਿ.ਮੀ. ਦੂਰ ਖੇਤਾਂ ਵਿੱਚ ਹੈ। ਜਿਸ ਬੰਦੇ ਪਿੱਛੇ ਵਾਹਰ ਲੱਗੀ ਹੋਵੇ, ਉਸ ਨੂੰ ਕਦੇ ਵੀ ਨੀਂਦ ਨਹੀਂ ਆ ਸਕਦੀ। ਅਸਲ ਵਿੱਚ ਮਿਰਜ਼ੇ ਦਾ ਇਰਾਦਾ ਸ਼ੁਰੂ ਤੋਂ ਹੀ ਸਾਹਿਬਾਂ ਦੇ ਭਰਾ ਸ਼ਮੀਰ ਅਤੇ ਮੰਗੇਤਰ ਤਾਹਿਰ ਖਾਨ ਚੰਧੜ ਨੂੰ ਕਤਲ ਕਰਨ ਦਾ ਸੀ, ਕਿਉਂਕਿ ਉਸ ਦੀ ਬਚਪਨ ਤੋਂ ਹੀ ਸ਼ਮੀਰ ਖਾਨ ਨਾਲ ਨਹੀਂ ਸੀ ਬਣਦੀ। ਸਾਹਿਬਾਂ ਨੇ ਸੋਚਿਆ ਹੋਵੇਗਾ ਕਿ ਮੇਰੀ ਕਰਤੂਤ ਕਾਰਨ ਪਰਿਵਾਰ ਦੀ ਪਹਿਲਾਂ ਹੀ ਬਹੁਤ ਬਦਨਾਮੀ ਹੋ ਗਈ ਹੈ। ਜੇ ਹੁਣ ਭਰਾ ਵੀ ਮਾਰੇ ਗਏ ਤਾਂ ਮਾਪਿਆਂ ਨੇ ਜਿਊਂਦੇ ਜੀ ਮਰ ਜਾਣਾ ਹੈ। ਪੰਜਾਬ ਦੀ ਕੋਈ ਲੜਕੀ ਆਪਣੇ ਹੱਥੀਂ ਭਰਾ ਮਰਵਾ ਕੇ ਪਤੀ ਨਾਲ ਸੁੱਖ ਨਹੀਂ ਭੋਗ ਸਕਦੀ। ਉਸ ਨੂੰ ਇਸ ਗੱਲ ਦਾ ਅਹਿਸਾਸ ਸੀ ਕਿ ਮਿਰਜ਼ੇ ਨੂੰ ਮਾਰਨ ਤੋਂ ਬਾਅਦ ਭਰਾਵਾਂ ਨੇ ਉਸ ਨੂੰ ਵੀ ਨਹੀਂ ਬਖਸ਼ਣਾ। ਪਰ ਭਰਾਵਾਂ ਦੀ ਜ਼ਿੰਦਗੀ ਉਸ ਨੂੰ ਆਪਣੀ ਜਾਨ ਨਾਲੋਂ ਵੱਧ ਪਿਆਰੀ ਲੱਗੀ। ਮਿਰਜ਼ੇ ਨੇ ਸੋਚਿਆ ਹੋਵੇਗਾ ਕਿ ਮੈਨੂੰ ਪਿੰਡ ਲਾਗੇ ਪਹੁੰਚਿਆ ਵੇਖ ਕੇ ਸ਼ਾਇਦ ਭਰਾ ਤੇ ਹੋਰ ਸ਼ਰੀਕਾ ਬਰਾਦਰੀ ਮਦਦ ਵਾਸਤੇ ਆ ਜਾਣਗੇ। ਇਸ ਕਾਰਨ ਉਹ ਜਾਣ ਬੁੱਝ ਕੇ ਰੁਕ ਗਿਆ ਤੇ ਉਸ ਦੀ ਇਹ ਗਲਤੀ ਦੋਵਾਂ ਦੀ ਮੌਤ ਦਾ ਕਾਰਨ ਬਣ ਗਈ।

ਪੀਲੂ ਅਨੁਸਾਰ ਮਿਰਜ਼ਾ ਇਸ ਲਈ ਮਾਰਿਆ ਗਿਆ ਕਿਉਂਕਿ ਸਾਹਿਬਾਂ ਨੇ ਉਸ ਦੇ ਤੀਰ ਤੋੜ ਦਿੱਤੇ ਸਨ। ਪਰ ਜੇ ਸਾਹਿਬਾਂ ਤੀਰ ਨਾ ਤੋੜਦੀ ਤਾਂ ਵੀ ਉਸ ਕੋਲੋਂ ਕੁਝ ਨਹੀਂ ਸੀ ਸਰਨਾ। ਪੀਲੂ ਲਿਖਦਾ ਹੈ, “300 ਕਾਨੀ ਮਿਰਜ਼ੇ ਜੱਟ ਦੀ, ਨੀ ਮੈਂ ਦਿੰਦਾ ਸਿਆਲੀਂ ਵੰਡ।” ਪਰ ਅਸਲੀਅਤ ਵਿੱਚ ਇਹ ਗੱਲ ਸੰਭਵ ਨਹੀਂ ਹੈ। ਇੱਕ ਸਧਾਰਨ ਭੱਥੇ ਵਿੱਚ 300 ਤੀਰ ਆ ਹੀ ਨਹੀਂ ਸਕਦੇ, ਬੋਰੀ ਵਿੱਚ ਪਾਉਣੇ ਪੈਣਗੇ। ਪੁਰਾਤਨ ਜੰਗਾਂ ਯੁੱਧਾਂ ਵੇਲੇ ਇੱਕ ਸੈਨਿਕ ਕੋਲ ਸਿਰਫ 15-20 ਤੀਰ ਹੁੰਦੇ ਸਨ। ਮਿਰਜ਼ੇ ਕੋਲ ਵੀ 20 ਤੋਂ ਵੱਧ ਤੀਰ ਨਹੀਂ ਹੋ ਸਕਦੇ। ਅੱਜ ਕਲ੍ਹ ਖੇਡਾਂ ਅਤੇ ਸ਼ਿਕਾਰ ਵਾਸਤੇ ਵਰਤੇ ਜਾਣ ਵਾਲੇ ਆਧੁਨਿਕ ਤਕਨੀਤ ਦੇ ਤੀਰ ਕਮਾਨ ਦੀ ਕਾਰਗਰ ਮਾਰ 30-40 ਗਜ਼ ਤੋਂ ਵੱਧ ਨਹੀਂ ਹੈ। ਮਾਹਰ ਤੋਂ ਮਾਹਰ ਤੀਰਅੰਦਾਜ਼ ਵੀ ਨਿਸ਼ਾਨਾ ਬੰਨ੍ਹ ਕੇ ਇੱਕ ਮਿੰਟ ਵਿੱਚ ਸਿਰਫ 9-10 ਤੀਰ ਹੀ ਚਲਾ ਸਕਦਾ ਹੈ ਤੇ ਇਹ ਜਰੂਰੀ ਨਹੀਂ ਕਿ ਹਰ ਤੀਰ ਨਾਲ ਦੁਸ਼ਮਣ ਮਰ ਹੀ ਜਾਵੇ। ਜਦੋਂ ਮਿਰਜ਼ਾ ਦਿਖ ਗਿਆ ਹੋਵੇਗਾ ਤਾਂ ਸਿਆਲ ਗੁੱਸੇ ਵਿੱਚ ਆ ਕੇ ਪੂਰੀ ਰਫਤਾਰ ਨਾਲ ਘੋੜੇ ਭਜਾ ਕੇ ਉਸ ਨੂੰ ਪਏ ਹੋਣਗੇ। ਚੰਗਾ ਘੋੜਾ ਪੂਰੀ ਰਫਤਾਰ ਨਾਲ 40-50 ਗਜ਼ ਦੀ ਦੂਰੀ ਸਿਰਫ 5-6 ਸੈਕੰਡ ਵਿੱਚ ਪੂਰੀ ਕਰ ਲੈਂਦਾ ਹੈ। ਮਤਲਬ ਮਿਰਜ਼ੇ ਕੋਲ ਸਿਰਫ ਦੋ-ਚਾਰ ਤੀਰ ਚਲਾਉਣ ਦਾ ਵਕਤ ਹੀ ਬਚਦਾ ਸੀ। ਵੈਸੇ ਉਸ ਕੋਲ ਕਿਰਪਾਨ ਵੀ ਸੀ, ਪਰ ਉਹ ਐਨਾ ਨਿਕੰਮਾਂ ਸਾਬਤ ਹੋਇਆ ਕਿ ਹੱਥੋ ਹੱਥ ਲੜਾਈ ਵਿੱਚ ਇੱਕ ਵੀ ਦੁਸ਼ਮਣ ਨੂੰ ਨਹੀਂ ਮਾਰ ਸਕਿਆ। ਪੀਲੂ ਨੇ ਵੀ ਮਿਰਜ਼ੇ ਦੇ ਹੰਕਾਰੀ ਹੋਣ ਬਾਰੇ ਲਿਖਿਆ ਹੈ,

“ਮਿਰਜ਼ਾ ਮਾਰਿਆ ਮਲਕੁੱਲ ਮੌਤ ਨੇ, ਕੁਝ ਮਾਰਿਆ ਖੁਦੀ ਗੁਮਾਨ,
ਵਿੱਚ ਕਬਰਾਂ ਦੇ ਖਪ ਗਿਆ ਮਿਰਜ਼ਾ ਸੋਹਣਾ ਜਵਾਨ”।


ਚੜ੍ਹਦੇ ਪੰਜਾਬ ਵਿੱਚ ਭਾਵੇਂ ਗਵੱਈਆਂ ਨੇ ਮਿਰਜ਼ਾ ਗਾ ਕੇ ਲੱਖਾਂ ਕਰੋੜਾਂ ਰੁਪਈਆ ਕਮਾਇਆ ਹੈ, ਪਰ ਜੱਦੀ ਇਲਾਕੇ ਵਿੱਚ ਉਸ ਦੀ ਕੋਈ ਜਿਆਦਾ ਇੱਜ਼ਤ ਨਹੀਂ ਲੱਗਦੀ। ਸ਼ਾਇਦ ਲੋਕਾਂ ਨੇ ਉਸ ਦੇ ਸਾਹਿਬਾਂ ਵਾਲੇ ਕੰਮ ਨੂੰ ਬਹੁਤਾ ਪਸੰਦ ਨਹੀਂ ਕੀਤਾ। ਸਾਬਕਾ ਮੰਤਰੀ ਸ.ਹਰਨੇਕ ਸਿੰਘ ਘੜੂੰਆਂ ਨੇ 1997 ਵਿੱਚ ਮਿਰਜ਼ਾ ਸਾਹਿਬਾਂ ਦੀਆਂ ਕਬਰਾਂ ਦਾ ਦੌਰਾ ਕੀਤਾ ਸੀ। ਉਦੋਂ ਤੱਕ ਕਬਰਾਂ ‘ਤੇ ਕੋਈ ਕਮਰਾ ਜਾਂ ਯਾਦਗਾਰ ਆਦਿ ਨਹੀਂ ਸੀ ਬਣੀ ਹੋਈ, ਬਲਕਿ ਪਿੱਲੀਆਂ ਇੱਟਾਂ ਦੀਆਂ ਸਧਾਰਨ ਜਿਹੀਆਂ ਕਬਰਾਂ ਖੁਲ੍ਹੇ ਅਸਮਾਨ ਹੇਠ ਅਣਗੌਲੀਆਂ ਪਈਆਂ ਸਨ। ਮਿਰਜ਼ੇ ਦੇ ਵੰਸ਼ਜ ਹੁਣ ਦਾਨਾਬਾਦ ਦੀ ਬਜਾਏ 3-4 ਕਿ. ਮੀ. ਦੂਰ ਪਿੰਡ ਸ਼ਾਹੀਕੇ ਵੱਸਦੇ ਹਨ। ਮਿਰਜ਼ੇ ਦੀ ਕਬਰ ‘ਤੇ ਦਸ ਚੇਤਰ ਨੂੰ ਮੇਲਾ ਲੱਗਦਾ ਹੈ, ਹੋ ਸਕਦਾ ਹੈ ਇਸ ਦਿਨ ਮਿਰਜ਼ਾ ਸਾਹਿਬਾਂ ਦਾ ਕਤਲ ਹੋਇਆ ਹੋਵੇ। ਮਿਰਜ਼ੇ ਨੂੰ ਆਪਣੇ ਪਿੰਡ ਦੀ ਮਿੱਟੀ ਵੀ ਨਸੀਬ ਨਹੀਂ ਹੋਈ ਕਿਉਂਕਿ ਉਸ ਨੂੰ ਤੇ ਸਾਹਿਬਾਂ ਨੂੰ ਮਰਨ ਵਾਲੀ ਜਗ੍ਹਾ ‘ਤੇ ਹੀ ਦਫਨਾ ਦਿੱਤਾ ਗਿਆ ਸੀ। ਪਾਕਿਸਤਾਨ ਦੇ ਪ੍ਰਸਿੱਧਲਿਖਾਰੀ ਤਾਰਿਕ ਅਮੀਰ ਨੇ 2014 ਵਿੱਚ ਕਬਰਾਂ ਦਾ ਦੌਰਾ ਕੀਤਾ ਸੀ। ਉਸ ਨੇ ਲਿਖਿਆ ਹੈ ਕਿ ਤਿੰਨ ਸਾਲ ਪਹਿਲਾਂ ਕਬਰਾਂ ਉੱਪਰ ਇੱਕ ਨਵਾਂ ਅਤੇ ਸਧਾਰਨ ਜਿਹਾ ਕਮਰਾ ਬਣਾ ਦਿੱਤਾ ਗਿਆ ਹੈ। ਜੇ ਪਰਿਵਾਰ ਅਤੇ ਸ਼ਰੀਕੇ ਕਬੀਲੇ ਵਾਲੇ ਮਿਰਜ਼ੇ ਦੇ ਕਾਰਨਾਮੇ ਦੀ ਪ੍ਰੋੜਤਾ ਕਰਦੇ ਹੁੰਦੇ ਤਾਂ ਦੋਵਾਂ ਦੀਆਂ ਲਾਸ਼ਾਂ ਨੂੰ ਦਾਨਾਬਾਦ ਲਿਜਾ ਕੇ ਪੂਰੇ ਮਾਨ – ਸਨਮਾਨ ਨਾਲ ਸਪੁਰਦੇ – ਖਾਕ ਕਰਦੇ ਤੇ ਸ਼ਾਨਦਾਰ ਮਕਬਰਾ ਤਾਮੀਰ ਕਰਾਉਂਦੇ।

ਬਲਰਾਜ ਸਿੰਘ ਸਿੱਧੂ ਏ ਆਈ ਜੀ (ਰਿਟਾ)
ਪੰਡੋਰੀ ਸਿੱਧਵਾਂ 9501100062