ਪਹਿਲੇ ਸੰਸਾਰ ਯੁੱਧ ਦਾ ਜਾਂਬਾਜ਼ ਫੌਜੀ ਹਰਨਾਮ ਸਿੰਘ ਰੰਧਾਵਾ

ਬਲਵਿੰਦਰ ਸਿੰਘ ਭੁੱਲਰ
ਪਹਿਲੇ ਸੰਸਾਰ ਯੁੱਧ ‘ਚ ਕਰੀਬ ਸਵਾ ਤਿੰਨ ਲੱਖ ਪੰਜਾਬੀ ਜਾਨ ਹੂਲ ਕੇ ਮੈਦਾਨ ਵਿੱਚ ਨਿੱਤਰੇ ਸਨ, ਇਹਨਾਂ ਪੰਜਾਬੀ ਫੌਜੀਆਂ ਵਿੱਚ ਸ਼ਾਮਲ ਸੀ ਅੱਜ ਦੇ ਜਿਲ੍ਹਾ ਬਰਨਾਲਾ ਦੇ ਪਿੰਡ ਬੀਹਲਾ ਦਾ ਜਾਬਾਂਜ ਜਵਾਨ ਹਰਨਾਮ ਸਿੰਘ ਰੰਧਾਵਾ। ਇਸ ਜੰਗ ਵਿੱਚ ਜਿੱਤ ਹਾਸਲ ਕਰਨ ਉਪਰੰਤ ਉਹ ਫੌਜ ਵਿੱਚੋਂ ਪੈਨਸ਼ਨ ਲੈ ਕੇ ਆਪਣੇ ਪਿੰਡ ਆਇਆ, ਪਿੰਡ ਵਾਸੀ ਉਸਤੇ ਬੜਾ ਮਾਣ ਕਰਦੇ ਹਨ। ਅੱਜ ਪਿੰਡ ਵਿੱਚ ਉਹਨਾਂ ਦੀ ਰਿਹਾਇਸ਼ ਵਾਲਾ ਮਕਾਨ ਖੰਡਰ ਬਣ ਚੁੱਕਾ ਹੈ।

28 ਜੁਲਾਈ 1914 ਨੂੰ ਸੁਰੂ ਹੋਏ ਇਸ ਮਹਾਂ ਯੁੱਧ ਵਿੱਚ ਸਮੁੱਚੀ ਦੁਨੀਆਂ ਦੇ ਵੱਡੇ ਮੁਲਕਾਂ ਨੇ ਭਾਗ ਲਿਆ ਸੀ। ਫੌਜਾਂ ਦੋ ਗਰੁੱਪ ਬਣ ਕੇ ਜੰਗ ਵਿੱਚ ਨਿੱਤਰੀਆਂ ਇੱਕ ਗਰੁੱਪ ਸੈਂਟਰਲ ਪਾਵਰਜ ਸੀ ਜਿਸ ਵਿੱਚ ਜਰਮਨੀ, ਅਸਟਰੀਆ, ਹੰਗਰੀ, ਇਟਲੀ ਆਦਿ ਸਨ। ਦੂਜੇ ਟਰੀਪਲ ਇੰਟੇਟੇ ਗਰੁੱਪ ਵਿੱਚ ਫ਼ਰਾਂਸ, ਰੂਸ, ਬਰਤਾਨੀਆਂ ਆਦਿ ਸਨ। ਇਸ ਯੁੱਧ ਵਿੱਚ ਦੁਨੀਆਂ ਦੇ 7 ਕਰੋੜ ਤੋਂ ਵੱਧ ਸੈਨਿਕਾਂ ਨੇ ਭਾਗ ਲਿਆ। ਲੜਾਈ ਦੌਰਾਨ ਕਰੋੜ ਤੋਂ ਵੱਧ ਫੌਜੀ ਸ਼ਹੀਦ ਹੋਏ ਅਤੇ ਕਰੋੜਾਂ ਦੀ ਤਾਦਾਦ ਵਿੱਚ ਸਿਵਲੀਅਨ ਲੋਕਾਂ ਦੀਆਂ ਜਾਨਾਂ ਗਈਆਂ। ਭਾਰਤ ਉਸ ਸਮੇਂ ਬ੍ਰਿਟਿਸ਼ ਦੇ ਅਧੀਨ ਸੀ, ਇਸ ਕਰਕੇ ਭਾਰਤੀ ਫੌਜ ਬ੍ਰਿਟਿਸ਼ ਦੀ ਅਗਵਾਈ ਵਿੱਚ ਲੜੀ। ਇਸ ਮਹਾਂ ਯੁੱਧ ਦੇ ਮੈਦਾਨ ਵਿੱਚ ਪੰਜਾਬ ਦੇ ਕਰੀਬ 3 ਲੱਖ 20 ਹਜ਼ਾਰ ਫੌਜੀ ਜਾਨਾਂ ਤਲੀ ਤੇ ਰੱਖ ਕੇ ਲੜਦੇ ਰਹੇ, ਜਿਹਨਾਂ ਵਿੱਚ ਹਿੰਦੂ ਮੁਸਲਮਾਨ ਸਿੱਖ ਆਦਿ ਸਾਰੇ ਧਰਮਾਂ ਦੇ ਫੌਜੀ ਸ਼ਾਮਲ ਸਨ, ਇਹ ਗਿਣਤੀ ਭਾਰਤੀ ਫੌਜ ਦਾ ਇੱਕ ਤਿਹਾਈ ਹਿੱਸਾ ਸੀ।

ਯੁੱਧ ਖਤਮ ਹੋਣ ਤੋਂ ਕਈ ਵਰ੍ਹੇ ਬਾਅਦ ਇਸਦੀ ਸਮੀਖਿਆ ਕਰਨ ਲਈ ਬ੍ਰਿਟਿਸ਼ ਵੱਲੋਂ ਉਚੇਚੇ ਤੌਰ ਤੇ ਬਣਾਏ ‘ਈਡਨ ਕਮਿਸ਼ਨ’ ਨੇ ਆਪਣੀ ਰਿਪੋਰਟ ਵਿੱਚ ਲਿਖਿਆ ਸੀ, ”ਪੰਜਾਬ ਭਾਰਤ ਦੀਆਂ ਸਭ ਤੋਂ ਵੱਧ ਮਾਰਸ਼ਲ ਨਸਲਾਂ ਦਾ ਘਰ ਹੈ ਅਤੇ ਸਾਡੇ ਸਭ ਤੋਂ ਵਧੀਆ ਸੈਨਿਕਾਂ ਦੀ ਨਰਸਰੀ ਹੈ।” ਇਸ ਯੁੱਧ ਵਿੱਚ ਡਟ ਕੇ ਲੜਣ ਵਾਲੇ ਜੁਝਾਰੂ ਫੌਜੀ ਹਰਨਾਮ ਸਿੰਘ ਰੰਧਾਵਾ ਦਾ ਜਨਮ ਸੰਨ 1885 ਵਿੱਚ ਪਿੰਡ ਬੀਹਲਾ ਜਿਲ੍ਹਾ ਸੰਗਰੂਰ (ਹੁਣ ਬਰਨਾਲਾ) ਵਿਖੇ ਹੋਇਆ। ਇਹ ਸੰਸਾਰ ਜੰਗ ਖਤਮ ਹੋਣ ਉਪਰੰਤ ਜਮੇਂਦਾਰ ਰੈਂਕ ਲੈ ਕੇ ਘਰ ਆਇਆ ਅਤੇ ਉਸਨੇ ਆਪਣੇ ਜੱਦੀ ਪਿੰਡ ‘ਚ ਛੋਟਾ ਜਿਹਾ ਅੰਗਰੇਜੀ ਤਰਜ ਦਾ ਮਕਾਨ ਬਣਾਇਆ। ਉਸ ਸਮੇਂ ਇਲਾਕੇ ਵਿੱਚ ਇਸ ਮਕਾਨ ਦੀ ਬੜੀ ਚਰਚਾ ਹੋਈ ਸੀ, ਲੋਕ ਹੋਰ ਪਿੰਡਾਂ ਤੋਂ ਵੇਖਣ ਲਈ ਆਉਂਦੇ ਸਨ। ਸੌ ਸਾਲ ਤੋਂ ਵੱਧ ਸਮਾਂ ਪਹਿਲਾਂ ਬਣਿਆ ਇਹ ਪੱਕਾ ਹਵਾਦਾਰ ਮਕਾਨ, ਖੁੱਲ੍ਹਾ ਚੁਬਾਰਾ, ਗਾਡਰਾਂ ਟੀ ਆਈਰਨਾਂ ਵਾਲੀਆਂ ਛੱਤਾਂ, ਅੰਦਰੂਨੀ ਲੱਕੜ ਦਾ ਚੁਬਾਰਾ, ਕਮਰਿਆਂ ਨੂੰ ਅੱਗ ਨਾਲ ਨਿੱਘਾ ਕਰਨ ਦਾ ਪ੍ਰਬੰਧ ਅਤੇ ਧੂੰਆਂ ਨਿਕਲਣ ਲਈ ਚਿਮਨੀਆਂ, ਰੌਸ਼ਨਦਾਨ, ਦਰਵਾਜੇ ਮੂਹਰੇ ਚੌਂਕੜੀ, ਉੱਪਰ ਟੀਨ ਦੀਆਂ ਝਾਲਰਾਂ ਵਾਲਾ ਵਾਧਰਾ, ਚੁਬਾਰੇ ਉੱਪਰ ਹਵਾ ਦੀ ਦਿਸ਼ਾ ਦੱਸਣ ਵਾਲੀ ਮੋਰਨੀ, ਦਰਵਾਜੇ ਦੇ ਤਖ਼ਤਿਆਂ ਤੇ ਲੱਕੇ ਪਿੱਤਲ ਦੇ ਕੋਕੇ ਤੇ ਸਟਾਰ, ਆਦਿ ਖਿੱਚ ਦਾ ਕਾਰਨ ਸਨ। ਜਮੇਂਦਾਰ ਹਰਨਾਮ ਸਿੰਘ ਦੇ ਕੇਵਲ ਦੋ ਧੀਆਂ ਹੀ ਸਨ, ਜੋ ਸਾਦੀ ਉਪਰੰਤ ਸਹੁਰੀਂ ਚਲੀਆਂ ਗਈਆਂ ਜਿਹਨਾਂ ਦਾ ਇੱਕ ਪਰਿਵਾਰ ਬਠਿੰਡਾ ਅਤੇ ਇੱਕ ਫਰੀਦਕੋਟ ਵਿਖੇ ਰਹਿੰਦਾ ਹੈ। ਇਸ ਜਾਂਬਾਜ਼ ਫੌਜੀ ਦੀ 1968 ਵਿੱਚ ਬਿਰਧ ਅਵਸਥਾ ਕਾਰਨ ਮੌਤ ਹੋ ਗਈ, ਉਹਨਾਂ ਦੇ ਪੁੱਤਰ ਨਾ ਹੋਣ ਸਦਕਾ ਘਰ ਨੂੰ ਸੰਭਾਲਣ ਵਾਲਾ ਕੋਈ ਨਹੀਂ ਸੀ। ਜਿਸ ਕਰਕੇ ਉਹਨਾਂ ਦਾ ਇਹ ਰਿਹਾਇਸ਼ੀ ਟਿਕਾਣਾ ਅੱਜ ਖੰਡਰ ਬਣ ਚੁੱਕਾ ਹੈ। ਜਮੇਂਦਾਰ ਹਰਨਾਮ ਸਿੰਘ ਰੰਧਾਵਾ ਦੇ ਫੌਜੀ ਜੀਵਨ ਅਤੇ ਦਲੇਰੀ ਨਾਲ ਯੁੱਧ ਵਿੱਚ ਲਏ ਭਾਗ ਸਦਕਾ ਉਹਨਾਂ ਪ੍ਰਤੀ ਸਿਰ ਝੁਕਦਾ ਹੈ।

ਇਸ ਸੰਸਾਰ ਯੁੱਧ ਵਿੱਚ ਪੰਜਾਬੀਆਂ ਨੇ ਦਲੇਰੀ ਨਾਲ ਜੋ ਜੌਹਰ ਵਿਖਾਏ ਸਨ, ਉਹਨਾਂ ਦੀ ਦੁਨੀਆਂ ਭਰ ਵਿੱਚ ਸਲਾਘਾ ਹੋਈ ਸੀ। ਅੱਜ ਵੀ ਜਦੋਂ ਸੰਸਾਰ ਯੁੱਧ ਬਾਰੇ ਚਰਚਾ ਹੁੰਦੀ ਹੈ ਤਾਂ ਪੰਜਾਬੀਆਂ ਦੀਆਂ ਬਹਾਦਰੀਆਂ ਦੇ ਕਿੱਸੇ ਸਾਹਮਣੇ ਆ ਜਾਂਦੇ ਹਨ।

ਮੋਬਾ: 098882 75913