(ਹਰਜੀਤ ਲਸਾੜਾ, ਪਟਿਆਲਾ 29 ਜਨਵਰੀ) ਇੱਥੇ ਪ੍ਰਗਤੀਸ਼ੀਲ ਇਕਾਈ ਸੰਘ ਪੰਜਾਬ (ਪਟਿਆਲਾ) ਵੱਲੋਂ ਉੱਤਮ ਰੈਸਟੋਰੈਂਟ ਪਟਿਆਲਾ ਵਿਖੇ ਆਸਟਰੇਲਿਆਈ ਪੰਜਾਬੀ ਲੇਖਕ ਅਤੇ ਸ਼ਾਇਰ ਗੁਰਜਿੰਦਰ ਸੰਧੂ ਦੀ ਕਾਵਿ-ਪੁਸਤਕ ‘ਅੱਥਰੂਆਂ ਵਾਂਗ ਕਿਰਦੇ ਹਰਫ਼’ ਲੋਕ ਅਰਪਿਤ ਕੀਤੀ ਗਈ। ਸਮਾਰੋਹ ਦੀ ਪ੍ਰਧਾਨਗੀ ਭਾਸ਼ਾ ਵਿਭਾਗ ਦੇ ਡਿਪਟੀ ਡਾਇਰੈਕਟਰ ਸਤਨਾਮ ਸਿੰਘ ਅਤੇ ਪ੍ਰਗਤੀਸ਼ੀਲ ਲੇਖਕ ਸੰਘ ਦੇ ਪ੍ਰਧਾਨ ਡਾ. ਸੰਤੋਖ ਸੁੱਖੀ ਨੇ ਕੀਤੀ।
ਸਵਾਗਤੀ ਸ਼ਬਦ ਸਤਪਾਲ ਭੀਖੀ ਨੇ ਕਹੇ। ਗੁਰਜਿੰਦਰ ਸੰਧੂ ਵੱਲੋਂ ਆਪਣੀ ਜ਼ਿੰਦਗੀ ਅਤੇ ਕਲਮ ਦੇ ਸੰਘਰਸ਼ ਨੂੰ ਸਾਂਝਾ ਕਰਦਿਆਂ ਆਪਣੀਆਂ ਚੋਣਵੀਆਂ ਕਵਿਤਾਵਾਂ ਅਤੇ ਗੀਤਾਂ ਦੀ ਪੇਸ਼ਕਾਰੀ ਵੀ ਕੀਤੀ। ਜਿਸਨੂੰ ਹਾਜ਼ਰੀਨ ਵੱਲੋਂ ਸਲਾਹਿਆ ਗਿਆ। ਇਸ ਸਮਾਗਮ ‘ਚ ਡਾ. ਲਕਸ਼ਮੀ ਨਾਰਾਇਣ ਭੀਖੀ, ਬਲਵਿੰਦਰ ਸਿੰਘ ਭੱਟੀ, ਦੀਪਕ ਧਲੇਵਾਂ, ਡਾ. ਕੁਲਦੀਪ ਸਿੰਘ ਦੀਪ (ਜਨਰਲ ਸਕੱਤਰ ਪ੍ਰਗਤੀਸ਼ੀਲ ਲੇਖਕ ਸੰਘ ਪੰਜਾਬ), ਕਹਾਣੀਕਾਰ ਸਵਾਮੀ ਸਰਬਜੀਤ, ਸ਼ਾਇਰ ਤਰਲੋਚਨ ਮੀਰ, ਸੁਖਜੀਵਨ, ਚਿੱਟਾ ਸਿੱਧੂ, ਸੁਖਵਿੰਦਰ ਸੁੱਖੀ, ਕਮਲ ਬਾਲਦ ਕਲਾਂ ਨੇ ਬੋਲਦਿਆਂ ਹਥਲੀ ਪੁਸਤਕ ਨੂੰ ਮਨੁੱਖੀ ਵਲਵਲਿਆਂ ਦੀ ਤਰਜਮਾਨੀ ਕਰਦਾ ਕਾਵਿ-ਸੰਗ੍ਰਹਿ ਦੱਸਿਆ। ਇੱਥੇ ਹੋਰਨਾਂ ਤੋਂ ਇਲਾਵਾ ਡਾ. ਨਿਰੰਕਾਰ ਸਿੰਘ ਸੰਧੂ, ਦਰਸ਼ਨ ਕੌਰ, ਨਰਿੰਦਰਪਾਲ ਕੌਰ, ਅਕਾਲਦੀਪ ਸਿੰਘ ਸੰਧੂ, ਡਾ. ਰਾਜਵੰਤ ਸਿੰਘ, ਕਰਮਜੀਤ ਸਿੰਘ ਇੰਸਪੈਕਟਰ ਆਦਿ ਨੇ ਵੀ ਸ਼ਮੂਲੀਅਤ ਕੀਤੀ। ਮੰਚ ਸੰਚਾਲਨ ਜਗਪਾਲ ਚਹਿਲ ਨੇ ਬਾਖੂਬੀ ਕੀਤਾ।