ਵਾਰਿਸ ਭਰਾਵਾਂ ਦੀ ਗਾਇਕੀ ਸਿਰ ਚੜ੍ਹ ਬੋਲੀ : ਬ੍ਰਿਸਬੇਨ

(ਹਰਜੀਤ ਲਸਾੜਾ, ਬ੍ਰਿਸਬੇਨ 28 ਸਤੰਬਰ) ਪੰਜਾਬੀਅਤ ਨੂੰ ਸਮਰਪਿਤ ਵਾਰਿਸ ਭਰਾਵਾਂ ਦਾ ‘ਪੰਜਾਬੀ ਵਿਰਸਾ 2024’ ਬ੍ਰਿਸਬੇਨ ਵਿਖੇ ਵਿਰਾਸਤ ਇੰਟਰਟੇਨਮੈਂਟ ਅਤੇ ਲੀਡਰਜ਼ ਇੰਸਟੀਟਿਊਟ ਵੱਲੋਂ ਸ਼ਾਨ ਨਾਲ ਕਰਵਾਇਆ ਗਿਆ। ਵੱਖ ਵੱਖ ਸ਼ਹਿਰਾਂ ਤੋਂ ਆਏ ਪੰਜਾਬੀ ਹਿਤੈਸ਼ੀਆਂ ਦੀਆਂ ਤਾੜੀਆਂ ਦੇ ਨਾਲ ਤਿੰਨਾਂ ਭਰਾਵਾਂ ਨੇ ਆਪਣੀ ਜੋਸ਼ ਭਰੀ ਪੇਸ਼ਕਾਰੀ ਦੀ ਸ਼ੁਰੂਆਤ ਰੱਬ ਦੀ ਬੰਦਗੀ ਨਾਲ ਗੀਤ ‘ਸਿਰ ‘ਤੇ ਤਾਜ‘ ਅਤੇ ‘ਜਾਰੀ ਜੰਗ ਰੱਖਿਓ’ ਨਾਲ ਕੀਤੀ। ਗਾਇਕ ਸੰਗਤਾਰ ਨੇ ਅਪਣੇ ਪ੍ਰਮੁੱਖ ਗੀਤ

ਈਮੇਲਾਂ ਡਲੀਟ ਹੋ ਗਈਆਂ, ਦਿਲ ਕੱਚ ਦਾ ਆਦਿ
ਰਾਹੀਂ ਜਿੱਥੇ ਲੋਕਾਂ ਨੂੰ ਝੂਮਣ ਲਾਇਆ ਉੱਥੇ ਪੰਜਾਬੀ ਗਾਇਕੀ ‘ਚ ਉਸਾਰੂ ਗੀਤਕਾਰੀ ਨੂੰ ਸਮੇਂ ਦੀ ਮੰਗ ਦੱਸਿਆ। ਉਹਨਾਂ ਤੂੰਬੀ ਰਾਹੀਂ ਯਮਲੇ ਦੀ ਯਾਦ ਤਾਜਾ ਕਰਵਾਈ। ਗਾਇਕ ਕਮਲ ਹੀਰ ਵੱਲੋਂ ਗਾਏ ਆਪਣੇ ਨਵੇਂ ਪੁਰਾਣੇ ਗੀਤ ਜੱਟ ਪੂਰਾ ਦੇਸੀ, ਕਿਵੇਂ ਭੁੱਲਾਂ, ਸ਼ੁਦਾਈ ਦਿਲਾ ਮੇਰਿਆ, ਘਰ ਦੀ ਸ਼ਰਾਬ ਵਰਗੀ, ਨੱਚਦੀ ਵੇਖ ਕੇ, ਕੀਹਨੂੰ ਯਾਦ ਕਰ ਕਰ ਹੱਸਦੀ, ਫੋਟੋ ਵਿਆਹ ਵਾਲੀ, ਜਿੰਦੇ ਨੀ ਜਿੰਦੇ, ਮਹੀਨਾ ਭੈੜਾ ਮਈ ਦਾ, ਕੈਂਠੇ ਵਾਲਾ, ਸੱਗੀ ਫੁੱਲ ਆਦਿ ਨੇ ਦਰਸ਼ਕਾਂ ਨੂੰ ਕੀਲ ਕੇ ਰੱਖ ਦਿੱਤਾ। ਅਖੀਰ ਵਿੱਚ ਪੰਜਾਬੀ ਗਾਇਕੀ ਦੇ ਵਾਰਿਸ ਮਨਮੋਹਨ ਵਾਰਿਸ ਦਾ ਸਵਾਗਤ ਦਰਸ਼ਕਾਂ ਬੜੀ ਗਰਮਜੋਸ਼ੀ ਨਾਲ ਕੀਤਾ। ਵਾਰਿਸ ਨੇ ਆਪਣੇ ਮਕਬੂਲ ਗੀਤ ਪਿੰਡ ਮੇਰਾ ਚੇਤੇ ਆ ਗਿਆ, ਚੀਨਾ ਜੱਟ ਦਾ, ਦਿਲਾਂ ਵਿੱਚ ਰੱਬ ਵੱਸਦਾ, ਇਕ ਕੁੜੀ ਅਜੇ ਵੀ ਚੇਤੇ, ਕੋਕਾ ਕਰ ਗਿਆ ਧੋਖਾ, ਦਿੱਲ ਗੱਭਰੂ ਦਾ, ਕੱਲੀ ਬਹਿ ਕਿ ਸੋਚੀ, ਕੋਕਾ, ਸੁੱਤੀ ਪਈ ਨੂੰ ਹਿਚਕੀਆਂ, ਦੁਨੀਆ ਮੇਲੇ ਜਾਂਦੀ, ਸ਼ੀਸ਼ਾ, ਆਜਾ ਭਾਬੀ ਝੂਟ ਲੈ, ਆਦਿ ਹਿੱਟ ਗੀਤਾਂ ਨਾਲ ਇਸ ਪਰਿਵਾਰਕ ਸ਼ੋਅ ਨੂੰ ਬੁਲੰਦੀਆਂ ‘ਤੇ ਪਹੁੰਚਾਇਆ। ਵਾਰਿਸ ਦੀ ਤਕਰੀਬਨ ਸਵਾ ਘੰਟੇ ਦੀ ਪੇਸ਼ਕਾਰੀ ‘ਚ ਸਮਾਂ ਰੁਕਿਆ ਦਿਸਿਆ ਅਤੇ ਹਾਜ਼ਰੀਨ ਦਾ ਨੱਚਣਾ ਜਾਰੀ ਰਿਹਾ। ਉਹਨਾਂ ਮਹਰੂਮ ਸੁਰਜੀਤ ਪਾਤਰ ਜੀ ਨੂੰ ਗੀਤ ਰਾਹੀਂ ਸ਼ਰਧਾਂਜਲੀ ਭੇਟ ਕੀਤੀ। ਵਿਰਾਸਤ ਗਰੁੱਪ ਤੋਂ ਪ੍ਰਬੰਧਕ ਹਰਜੀਤ ਭੁੱਲਰ, ਮਨਜੀਤ ਭੁੱਲਰ ਅਤੇ ਨਵਜੋਤ ਜਗਤਪੁਰ ਨੇ ਸ਼ੋਅ ਨੂੰ ਸਫਲ ਬਣਾਉਣ ਲਈ ਦਰਸ਼ਕਾਂ ਅਤੇ ਵਾਰਿਸ ਭਰਾਵਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਵਿਦੇਸ਼ੀ ਧਰਤੀ ‘ਤੇ ਹਰ ਪੰਜਾਬੀ ਪਰਿਵਾਰ ਆਪਣੀ ਮਾਂ ਬੋਲੀ ਅਤੇ ਸਭਿਆਚਾਰ ਨਾਲ ਜੁੜਿਆ ਰਹੇ ਇਹੀ ‘ਪੰਜਾਬੀ ਵਿਰਸੇ’ ਦਾ ਅਸਲ ਮਕਸਦ ਹੈ ਅਤੇ ਉਹ ਪੂਰਾ ਵੀ ਹੋ ਰਿਹਾ ਹੈ। ਉਹਨਾਂ ਕਿਹਾ ਕਿ ਇਹ ਗਾਇਕ ਤਿੱਕੜੀ ਹਮੇਸ਼ਾਂ ਪੰਜਾਬੀਆਂ ਦੇ ਦਿਲਾਂ ਦੇ ਲਾਗੇ ਰਹੀ ਹੈ।

ਸ਼ੋਅ ਦੌਰਾਨ ਸਮੂਹ ਪਰਿਵਾਰਾਂ, ਬਜ਼ੁਰਗਾਂ ਖਾਸ ਕਰਕੇ ਬੱਚਿਆਂ ਦੀ ਹਾਜ਼ਰੀ ਕਾਬਲੇ-ਤਾਰੀਫ਼ ਰਹੀ। ਬਜ਼ੁਰਗਾਂ ਲਈ ਮੁਫ਼ਤ ਦਾਖਲੇ ਦੇ ਪ੍ਰਬੰਧਾਂ ਨੂੰ ਸਲਾਹਿਆ ਗਿਆ। ਮੰਚ ਸੰਚਾਲਨ ਰਾਜਦੀਪ ਲਾਲੀ ਨੇ ਬਾਖੂਬੀ ਨਿਭਾਇਆ। ਦੱਸਣਯੋਗ ਹੈ ਕਿ ਮਾਂ ਬੋਲੀ ਪੰਜਾਬੀ ਨੂੰ ਸਮਰਪਿਤ ਅਤੇ ਉਸਤਾਦ ਜਸਵੰਤ ਭੰਵਰਾ ਤੋਂ ਬਹੁਤ ਛੋਟੀ ਉਮਰ ਵਿਚ ਚੰਡੀ ਇਸ ਤਿੱਕੜੀ ਨੂੰ ਪੰਜਾਬੀ ਗਾਇਕੀ ਦੇ ਪਿੱੜ ‘ਚ ਪੱਚੀ ਵਰ੍ਹਿਆਂ ਤੋਂ ਵੱਧ ਸਮਾਂ ਹੋ ਚੁੱਕਿਆ ਹੈ।