ਆਸਟ੍ਰੇਲੀਆ ‘ਚ ਰਿਹਾਇਸ਼ੀ ਸੰਕਟ ਬਣਿਆ ਕੌਮੀ ਮੁੱਦਾ

ਲੋਕ ਕਾਰਾਂ ਤੇ ਸੜਕਾਂ ‘ਤੇ ਰਾਤਾਂ ਕੱਟਣ ਨੂੰ ਮਜਬੂਰ, ਕਈ ਸੰਸਦ ਮੈਂਬਰ ਟੈਂਟਾਂ ‘ਚ

(ਹਰਜੀਤ ਲਸਾੜਾ, ਬ੍ਰਿਸਬੇਨ 24 ਅਗਸਤ) ਆਸਟ੍ਰੇਲੀਆ ‘ਚ ਘਰਾਂ ਦੀਆਂ ਕੀਮਤਾਂ ‘ਚ ਹੋਏ ਵਾਧੇ ਨੇ ਰਿਹਾਇਸ਼ੀ ਸੰਕਟ ਪੈਦਾ ਕਰ ਦਿੱਤਾ ਹੈ। ਆਮ ਲੋਕ ਹੀ ਨਹੀਂ ਕਈ ਸਾਂਸਦ ਵੀ ਟੈਂਟਾਂ ‘ਚ ਰਹਿਣ ਨੂੰ ਮਜਬੂਰ ਹਨ। ਪੱਛਮੀ ਆਸਟ੍ਰੇਲੀਆ ਸਟੇਟ ਪਾਰਲੀਮੈਂਟ ਦੇ ਮੈਂਬਰ ਵਿਲਸਨ ਟੱਕਰ ਅੱਜ ਬੇਘਰ ਸਿਆਸਤਦਾਨ ਹੋਣ ਕਰਕੇ ਮੀਡੀਆ ਸੁਰਖੀਆਂ ‘ਚ ਹਨ। ਬਿਊਰੋ ਆਫ ਸਟੈਟਿਕਸ ਦੇ ਅੰਕੜਿਆਂ ਅਨੁਸਾਰ ਦੇਸ਼ ‘ਚ ਤਕਰੀਬਨ 122,000 ਲੋਕ ਕਿਸੇ ਵੀ ਸਮੇਂ ਰਾਤ ਨੂੰ ਬੇਘਰ ਹੁੰਦੇ ਹਨ ਅਤੇ ਘੱਟ ਆਮਦਨੀ ਵਾਲੇ 40% ਕਿਰਾਏਦਾਰ ਹੁਣ ਉਸ ਬੇਘਰ ਸਮੂਹ ਵਿੱਚ ਸ਼ਾਮਲ ਹੋਣ ਦੇ ਜੋਖ਼ਮ ਹੇਠ ਹਨ। ਦੇਸ਼ ਵਿੱਚ ਪਿਛਲੇ ਕੁੱਝ ਸਾਲਾਂ ਤੋਂ ਸਮਾਜਿਕ ਰਿਹਾਇਸ਼ ‘ਚ ਘੱਟ ਨਿਵੇਸ਼ ਕਾਰਨ ਘਰਾਂ ਦੀ ਘਾਟ, ਵਧ ਕਿਰਾਏ ਅਤੇ ਘਰਾਂ ਦੀਆਂ ਕੀਮਤਾਂ ਅਸਮਾਨ ਛੂਹ ਰਹੀਆਂ ਹਨ। ਜਿਸਦੇ ਚੱਲਦਿਆਂ ਜ਼ਿਆਦਾਤਰ ਵਧਦੀ ਅਬਾਦੀ ਰਹਿਣ ਲਈ ਥਾਂ ਲੱਭਣ ਲਈ ਸੰਘਰਸ਼ ਕਰ ਰਹੀ ਹੈ।

ਇੱਥੇ ਬਹੁਤੇ ਲੋਕ ਸਰਕਾਰੀ ਸਮਾਜਿਕ ਰਿਹਾਇਸ਼ ਸਕੀਮਾਂ ਦੇ ਯੋਗ ਹਨ ਪਰ ਉਹਨਾਂ ਨੂੰ ਵੀ ਕਈ ਸਾਲ ਇੰਤਜ਼ਾਰ ਕਰਨਾ ਪੈ ਰਿਹਾ ਹੈ। ਪਿਛਲੇ ਸਾਲ ਇਕੱਲੇ ਪਰਥ ਸ਼ਹਿਰ ਵਿੱਚ ਔਸਤ ਕਿਰਾਏ ਦੀ ਦਰ 20% ਵਧੀ ਹੈ। ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨੇ ਇਸ ਸਾਲ ਦੇ ਬਜਟ ਵਿੱਚ ਨਵੇਂ ਘਰਾਂ ਦੇ ਨਿਰਮਾਣ ਵਿੱਚ ਤੇਜ਼ੀ, ਕਿਰਾਏ ਲਈ ਸਬਸਿਡੀਜ਼, ਸਮਾਜਿਕ ਅਤੇ ਕਿਫਾਇਤੀ ਰਿਹਾਇਸ਼ਾਂ ਦੇ ਪੂਲ ਨੂੰ ਵਧਾਉਣ ਲਈ ਮਾਲੀ ਮਦਦ ਦਾ ਐਲਾਨ ਕੀਤਾ ਹੈ। ਮਕਾਨ ਮਾਲਕ ਕਿਰਾਏ ਵਧਾਉਣ ਕਾਰਨ ਆਲੋਚਨਾ ਦਾ ਸ਼ਿਕਾਰ ਰਹੇ ਹਨ। ਉੱਧਰ ਪ੍ਰਾਪਰਟੀ ਇੰਡਸਟਰੀ ਦਾ ਮੰਨਣੀ ਹੈ ਕਿ ਮਕਾਨ ਮਾਲਕਾਂ ਨੂੰ ਵੀ ਨੁਕਸਾਨ ਹੋ ਰਿਹਾ।

ਦੱਸਣਯੋਗ ਹੈ ਕਿ ਆਸਟ੍ਰੇਲੀਆ ਦੇ ਇਤਿਹਾਸ ਵਿੱਚ 2022 ਦੇ ਮਈ ਮਹੀਨੇ ਤੋਂ ਵਿਆਜ ਦਰਾਂ ਵਧਣੀਆਂ ਸ਼ੁਰੂ ਹੋਈਆਂ ਸਨ ਅਤੇ ਅਗਲੇ ਮਹੀਨੇ ਵੀ ਸੰਭਾਵੀ ਵਾਧੇ ਦਾ ਖਦਸ਼ਾ ਹੈ। ਇੱਥੇ ਕੁੱਝ ਵਲੰਟੀਅਰਸ ਸੰਸਥਾਵਾਂ ਬੇਘਰ ਹੋਣ ਦਾ ਦੁੱਖ ਝੱਲਦੇ ਲੋਕਾਂ ਲਈ ਅੱਗੇ ਆਈਆਂ ਹਨ।