ਕੈਨੇਡਾ ਨੇ ਲਾਇਆ ਨਵਾਂ ਦੋਸ਼, ਚੋਣਾਂ ‘ਚ ਭਾਰਤ ਨੇ ਕੀਤੀ ਦਖ਼ਲਅੰਦਾਜੀ

ਓਟਾਵਾ- ਹਰਦੀਪ ਸਿੰਘ ਨਿੱਝਰ ਦੇ ਕਤਲ ਤੋਂ ਬਾਅਦ ਕੈਨੇਡਾ ਨੇ ਭਾਰਤ ‘ਤੇ ਇੱਕ ਹੋਰ ਇਲਜ਼ਾਮ ਲਗਾਇਆ ਹੈ। ਕੈਨੇਡੀਅਨ ਸਰਕਾਰ ਦਾ ਮੰਨਣਾ ਹੈ ਕਿ ਭਾਰਤ ਨੇ ਉਸ ਦੀਆਂ ਆਮ ਚੋਣਾਂ ਵਿੱਚ ਵੀ ਦਖ਼ਲਅੰਦਾਜ਼ੀ ਕੀਤੀ ਹੈ। ਹੁਣ ਉੱਥੇ ਦਾ ਜਾਂਚ ਕਮਿਸ਼ਨ ਇਸ ਮਾਮਲੇ ਦੀ ਜਾਂਚ ਕਰਨਾ ਚਾਹੁੰਦਾ ਹੈ। ਕੈਨੇਡੀਅਨ ਚੋਣਾਂ ਵਿੱਚ ਵਿਦੇਸ਼ੀ ਤਾਕਤਾਂ ਦੀ ਦਖਲਅੰਦਾਜ਼ੀ ਦਾ ਮੁੱਦਾ ਪਹਿਲਾਂ ਵੀ ਉਠਾਇਆ ਗਿਆ ਹੈ। ਹਾਲਾਂਕਿ ਉਸ ਸਮੇਂ ਇਹ ਦੋਸ਼ ਚੀਨ ਅਤੇ ਰੂਸ ਤੱਕ ਹੀ ਸੀਮਤ ਸਨ। ਪਰ ਹੁਣ ਕੈਨੇਡਾ ਨੇ ਵੀ ਭਾਰਤ ਵੱਲ ਉਂਗਲ ਉਠਾਈ ਹੈ।

ਕੈਨੇਡਾ ਸਥਿਤ ਸੀਟੀਵੀ ਨਿਊਜ਼ ਦੀ ਰਿਪੋਰਟ ਮੁਤਾਬਕ ਕੈਨੇਡਾ ਦਾ ਸੰਘੀ ਜਾਂਚ ਕਮਿਸ਼ਨ ਦੇਸ਼ ਦੀਆਂ ਪਿਛਲੀਆਂ ਦੋ ਆਮ ਚੋਣਾਂ ‘ਚ ਭਾਰਤ ਦੀ ਕਥਿਤ ਦਖਲਅੰਦਾਜ਼ੀ ਦੀ ਜਾਂਚ ਕਰਨਾ ਚਾਹੁੰਦੀ ਹੈ। ਕੈਨੇਡਾ ਇਸ ਨੂੰ ਵਿਦੇਸ਼ੀ ਦਖ਼ਲ ਦਾ ਮਾਮਲਾ ਮੰਨ ਰਿਹਾ ਹੈ। ਕੈਨੇਡੀਅਨ ਕਮਿਸ਼ਨ ਆਫ਼ ਇਨਕੁਆਰੀ ਨੇ ਬੁੱਧਵਾਰ ਨੂੰ ਇੱਕ ਬਿਆਨ ਵਿੱਚ ਕਿਹਾ ਕਿ ਉਸ ਨੇ ਕੇਂਦਰ ਦੀ ਜਸਟਿਨ ਟਰੂਡੋ ਸਰਕਾਰ ਨੂੰ ਇਨ੍ਹਾਂ ਦੋਸ਼ਾਂ ਨਾਲ ਸਬੰਧਤ ਦਸਤਾਵੇਜ਼ ਪੇਸ਼ ਕਰਨ ਲਈ ਕਿਹਾ ਹੈ। ਪਿਛਲੇ ਸਾਲ ਕੈਨੇਡੀਅਨ ਜਾਂਚ ਕਮਿਸ਼ਨ ਨੇ ਆਪਣੀ ਰਿਪੋਰਟ ਜਾਰੀ ਕੀਤੀ ਸੀ। ਇਸ ਵਿਚ 2019 ਅਤੇ 2021 ਦੀਆਂ ਸੰਘੀ ਚੋਣਾਂ ਵਿਚ ਚੀਨ, ਰੂਸ ਅਤੇ ਹੋਰ ਵਿਦੇਸ਼ੀ ਦੇਸ਼ਾਂ ਵੱਲੋਂ ਸੰਭਾਵਿਤ ਦਖਲਅੰਦਾਜ਼ੀ ਦਾ ਜ਼ਿਕਰ ਕੀਤਾ ਗਿਆ ਸੀ। ਇਸ ਵਿੱਚ ਵਿਦੇਸ਼ੀ ਤਾਕਤਾਂ ਤੋਂ ਇਲਾਵਾ ਸਿਆਸੀ ਪ੍ਰਭਾਵ ਰੱਖਣ ਵਾਲੀਆਂ ਸੰਸਥਾਵਾਂ ਵੱਲੋਂ ਚੋਣ ਦਖਲਅੰਦਾਜ਼ੀ ਦਾ ਮੁਲਾਂਕਣ ਕਰਨ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਸਨ।