ਬਠਿੰਡਾ, 27 ਜਨਵਰੀ, ਬਲਵਿੰਦਰ ਸਿੰਘ ਭੁੱਲਰ
ਕੈਨੇਡਾ ਵਿੱਚ ਵਿਦਿਆਰਥੀਆਂ ਦੀ ਹਾਲਤ ਨੇ ਪੰਜਾਬ ਦੇ ਲੋਕਾਂ ਦੀ ਚਿੰਤਾ ਵਧਾ ਦਿੱਤੀ ਹੈ ਕਿਉਂਕਿ ਉਹਨਾਂ ਦਾ ਭਵਿੱਖ ਖਤਰੇ ਵਿੱਚ ਦਿਖਾਈ ਦਿੰਦਾ ਹੈ। ਇਹ ਵਿਚਾਰ ਪ੍ਰਗਟ ਕਰਦਿਆਂ ਸੀ ਪੀ ਆਈ ਐੱਮ ਪੰਜਾਬ ਦੇ ਸਕੱਤਰ ਕਾ: ਸੁਖਵਿੰਦਰ ਸਿੰਘ ਸੇਖੋਂ ਨੇ ਭਾਰਤ ਸਰਕਾਰ ਤੋਂ ਮੰਗ ਕੀਤੀ ਹੈ ਕਿ ਵਿਦੇਸ਼ੀ ਧਰਤੀ ਤੇ ਬੈਠੇ ਇਹਨਾਂ ਵਿਦਿਆਰਥੀਆਂ ਵੱਲ ਉਚੇਚਾ ਧਿਆਨ ਦੇ ਕੇ ਉਹਨਾਂ ਨੂੰ ਰਾਹਤ ਦੇਣ ਲਈ ਠੋਸ ਕਦਮ ਚੁੱਕੇ।
ਕਾ: ਸੇਖੋਂ ਨੇ ਕਿਹਾ ਕਿ ਪਿਛਲੇ ਕੁੱਝ ਮਹੀਨਿਆਂ ਤੋਂ ਇਹ ਖ਼ਬਰਾਂ ਆ ਰਹੀਆਂ ਹਨ ਕਿ ਉੱਥੇ ਪੜਾਈ ਲਈ ਗਏ ਬੱਚਿਆਂ ਨੂੰ ਆਪਣੀਆਂ ਫੀਸ਼ਾਂ ਕੱਢਣੀਆਂ ਵੀ ਮੁਸਕਿਲ ਹੋ ਗਈਆਂ ਹਨ। ਕਾਨੂੰਨੀ ਤੌਰ ਤੇ ਹਫ਼ਤੇ ਵਿੱਚ ਕੁੱਝ ਘੰਟੇ ਕੰਮ ਕਰਨਾ ਜੋ ਉਹਨਾਂ ਦਾ ਜਾਇਜ਼ ਹੱਕ ਹੈ, ਪਰ ਏਨਾ ਕੰਮ ਵੀ ਨਹੀਂ ਮਿਲ ਰਿਹਾ। ਵਿਦਿਆਰਥੀਆਂ ਲਈ ਘਰਾਂ ਦਾ ਕਿਰਾਇਆ ਅਤੇ ਖ਼ੁਰਾਕ ਆਦਿ ਲਈ ਵੀ ਭਾਰੀ ਦਿੱਕਤ ਆ ਰਹੀ ਹੈ। ਉੱਥੇ ਆਪਣਾ ਭਵਿੱਖ ਸੰਵਾਰਨ ਲਈ ਗਏ ਨੌਜਵਾਨ ਮੁੰਡੇ ਕੁੜੀਆਂ ਨੂੰ ਸੰਘਰਸ਼ ਕਰਨਾ ਪੈ ਰਿਹਾ ਹੈ। ਉਹਨਾਂ ਕਿਹਾ ਕਿ ਭਾਰਤ ਵਿੱਚ ਹੱਦਾਂ ਬੰਨੇ ਟੱਪ ਚੁੱਕੀ ਬੇਰੁਜਗਾਰੀ ਕਾਰਨ ਉਹ ਵੱਡੀਆਂ ਆਸਾਂ ਲੈ ਕੇ ਵਿਦੇਸ਼ਾਂ ਵਿੱਚ ਉੱਚ ਵਿੱਦਿਆ ਹਾਸਲ ਕਰਨ ਲਈ ਗਏ ਹਨ ਤੇ ਹੁਣ ਮੁਸਕਿਲ ਵਿੱਚ ਫਸ ਗਏ ਹਨ। ਇੱਥੇ ਇਹ ਵੀ ਦੱਸਣਾ ਕੁਥਾਂ ਨਹੀਂ ਹੋਵੇਗਾ ਕਿ ਪਿਛਲੇ ਕਰੀਬ ਤਿੰਨ ਦਹਾਕਿਆਂ ਵਿੱਚ ਪੰਜਾਬ ਦੇ ਮਾਪਿਆਂ ਨੇ ਆਪਣੇ ਬੱਚਿਆਂ ਨੂੰ ਪੜਾਈ ਲਈ ਵਿਦੇਸ਼ ਭੇਜਣ ਵਾਸਤੇ 14342 ਕਰੋੜ ਰੁਪਏ ਦਾ ਕਰਜ਼ਾ ਚੁੱਕਿਆ ਹੈ ਅਤੇ ਕਰੀਬ 5939 ਕਰੋੜ ਰੁਪਏ ਦੀਆਂ ਜਾਇਦਾਦਾਂ ਜ਼ਮੀਨ, ਪਲਾਟ, ਸੋਨਾ ਜਾਂ ਮਸ਼ੀਨਰੀ ਆਦਿ ਵੇਚ ਦਿੱਤੀ ਹੈ। ਸਾਲ 2000 ਤੱਕ ਕੈਨੇਡਾ ਵਿੱਚ ਵਿੱਦਿਆ ਹਾਸਲ ਕਰਨ ਵਾਲੇ ਪੰਜਾਬੀ ਵਿਦਿਆਰਥੀਆਂ ਦੀ ਗਿਣਤੀ ਕਰੀਬ 50 ਹਜਾਰ ਸੀ, ਜੋ ਭਾਰਤ ਤੇ ਪੰਜਾਬ ਦੀਆਂ ਦੀਆਂ ਸਰਕਾਰਾਂ ਦੀਆਂ ਗਲਤ ਨੀਤੀਆਂ ਸਦਕਾ ਵਧ ਚੁੱਕੀ ਬੇਰੁਜਗਾਰੀ ਦਾ ਕੋਈ ਹੱਲ ਨਾ ਹੁੰਦਾ ਵੇਖ ਕੇ ਵਿਦਿਆਰਥੀਆਂ ਦੀ ਵਿਦੇਸ਼ਾਂ ਲਈ ਦੌੜ ਲੱਗੀ ਹੋਈ ਹੈ ਅਤੇ ਹੁਣ ਇਹ ਗਿਣਤੀ ਕਰੀਬ 4 ਲੱਖ ਹੋ ਚੁੱਕੀ ਹੈ।
ਸੂਬਾ ਸਕੱਤਰ ਨੇ ਕਿਹਾ ਕਿ ਪੰਜਾਬੀ ਵਿਦਿਆਰਥੀਆਂ ਦੀ ਕੈਨੇਡਾ ਦੇ ਕੁੱਝ ਵਿਸ਼ੇਸ਼ ਸ਼ਹਿਰਾਂ ਵਿੱਚ ਗਿਣਤੀ ਵਧਣ ਕਾਰਨ ਉੱਥੇ ਰੁਜਗਾਰ ਨਹੀਂ ਮਿਲ ਰਿਹਾ, ਰਹਿਣ ਲਈ ਕਿਰਾਏ ਤੇ ਮਕਾਨ ਨਹੀਂ ਮਿਲ ਰਹੇ। ਖ਼ਰਚੇ ਵਧਣ ਤੇ ਰੁਜਗਾਰ ਘਟਣ ਕਾਰਨ ਵਿਦਿਆਰਥੀ ਸੰਘਰਸ਼ ਦੇ ਰਾਹ ਪੈ ਰਹੇ ਹਨ। ਉਹਨਾਂ ਮੰਗ ਕੀਤੀ ਕਿ ਇਹ ਵਿਦਿਆਰਥੀਆਂ ਦੀ ਸਮੱਸਿਆ ਦੇ ਹੱਲ ਲਈ ਭਾਰਤ ਤੇ ਪੰਜਾਬ ਸਰਕਾਰ ਵੱਲੋਂ ਉਚੇਚੇ ਤੌਰ ਤੇ ਕੈਨੇਡਾ ਸਰਕਾਰ ਨਾਲ ਸੰਪਰਕ ਕਰਕੇ ਕੋਈ ਹੱਲ ਲੱਭਿਆ ਜਾਵੇ। ਉਹਨਾਂ ਇਹ ਵੀ ਸੁਝਾਅ ਦਿੱਤਾ ਕਿ ਉੱਚ ਵਿਦਿਆ ਹਾਸਲ ਕਰਨ ਵਾਲੇ ਰੌਸ਼ਨ ਦਿਮਾਗ ਮੁੰਡੇ ਕੁੜੀਆਂ ਨੂੰ ਦੇਸ਼ ਵਿੱਚ ਹੀ ਰੁਜਗਾਰ ਦੇਣ ਲਈ ਵਿਸੇਸ਼ ਨੀਤੀ ਬਣਾਈ ਜਾਵੇ ਤਾਂ ਜੋ ਵਿਦੇਸ਼ਾਂ ਦੀ ਦੌੜ ਨੂੰ ਘਟਾਇਆ ਜਾ ਸਕੇ।