ਆਸਟ੍ਰੇਲੀਆ ਦੀ ਸਰਕਾਰ ਨੇ ਨਾਜ਼ੀ ਸਲਾਮੀ ਅਤੇ ਅੱਤਵਾਦੀ ਸਮੂਹਾਂ ਨਾਲ ਜੁੜੇ ਚਿੰਨ੍ਹਾਂ ਦੇ ਪ੍ਰਦਰਸ਼ਨ ਜਾਂ ਵਿਕਰੀ ‘ਤੇ ਪਾਬੰਦੀ ਲਗਾਉਣ ਵਾਲੇ ਕਾਨੂੰਨ ਲਾਗੂ ਕੀਤੇ ਹਨ। ਮੀਡੀਆ ਰਿਪੋਰਟਾਂ ਮੁਤਾਬਕ ਆਸਟ੍ਰੇਲੀਆਈ ਸਰਕਾਰ ਨੇ ਇਹ ਕਦਮ ਗਾਜ਼ਾ ‘ਤੇ ਇਜ਼ਰਾਈਲ ਦੀ ਬੰਬਾਰੀ ਤੋਂ ਬਾਅਦ ਵਧਦੀਆਂ ਯਹੂਦੀ ਵਿਰੋਧੀ ਘਟਨਾਵਾਂ ਦੇ ਸੰਦਰਭ ‘ਚ ਚੁੱਕਿਆ ਹੈ।
ਕਾਨੂੰਨ ਜਨਤਕ ਤੌਰ ‘ਤੇ ਨਾਜ਼ੀ ਸਲਾਮੀ ਦੇਣ ਜਾਂ ਨਾਜ਼ੀ ਸਵਾਸਟਿਕ ਜਾਂ ਸ਼ੂਟਜ਼ਸਟੈਫੇਲ (SS) ਅਰਧ ਸੈਨਿਕ ਸਮੂਹ ਨਾਲ ਜੁੜੇ ਡਬਲ-ਸਿਗ ਰੂਨ ਨੂੰ ਪ੍ਰਦਰਸ਼ਿਤ ਕਰਨ ਲਈ 12 ਮਹੀਨਿਆਂ ਤੱਕ ਦੀ ਕੈਦ ਦੀ ਸਜ਼ਾ ਦਾ ਪ੍ਰਬੰਧ ਕਰਦਾ ਹੈ। ਇਸੇ ਤਰ੍ਹਾਂ ਇਨ੍ਹਾਂ ਚਿੰਨ੍ਹਾਂ ਦੀ ਵਿਕਰੀ ਅਤੇ ਵਪਾਰ ‘ਤੇ ਵੀ ਪਾਬੰਦੀ ਹੈ। ਅਟਾਰਨੀ ਜਨਰਲ ਮਾਰਕ ਡਰੇਫਸ ਨੇ ਇਕ ਬਿਆਨ ਵਿਚ ਕਿਹਾ ਕਿ ਕਾਨੂੰਨ ਨੇ ਸਪੱਸ਼ਟ ਸੰਦੇਸ਼ ਦਿੱਤਾ ਹੈ ਕਿ ਨਸਲਕੁਸ਼ੀ ਜਾਂ ਅੱਤਵਾਦੀ ਕਾਰਵਾਈਆਂ ਦੀ ਵਡਿਆਈ ਕਰਨ ਵਾਲਿਆਂ ਲਈ ਆਸਟ੍ਰੇਲੀਆ ਵਿਚ ਕੋਈ ਥਾਂ ਨਹੀਂ ਹੈ।