ਪਰਮਿੰਦਰ ਸਿੰਘ ਸਭਾ ਦੇ ਨਵੇਂ ਪ੍ਰਧਾਨ ਨਿਯੁਕਤ
(ਹਰਜੀਤ ਲਸਾੜਾ, ਬ੍ਰਿਸਬੇਨ 26 ਅਗਸਤ) ਪੰਜਾਬੀ ਸਾਹਿਤਕ ਪਸਾਰੇ ਲਈ ਯਤਨਸ਼ੀਲ ‘ਆਸਟ੍ਰੇਲੀਅਨ ਪੰਜਾਬੀ ਲੇਖਕ ਸਭਾ ਬ੍ਰਿਸਬੇਨ’ ਵੱਲੋਂ ਬੀਤੇ ਦਿਨੀਂ ਸਭਾ ਦੀ ਸਾਲ 2023-2024 ਲਈ ਨਵੀਂ ਕਾਰਜਕਰਨੀ ਕਮੇਟੀ ਦੀ ਚੋਣ ਲੋਕਤਾਤਰਿਕ ਢੰਗ ਨਾਲ ਕੀਤੀ ਗਈ ਅਤੇ ਪਿਛਲੇ ਸਾਲ ਦੀਆਂ ਕੀਤੀਆਂ ਗਤੀਵਿਧੀਆਂ ਨੂੰ ਵਿਚਾਰਦੇ ਹੋਏ ਭਵਿੱਖ ਲਈ ਨਵੇਂ ਕਾਰਜਾਂ ਨੂੰ ਉਲੀਕਿਆ ਗਿਆ। ਸਭਾ ਦੀ ਨਵੀਂ ਕਾਰਜਕਾਰਨੀ ਕਮੇਟੀ ਵਿੱਚ ਪਰਮਿੰਦਰ ਸਿੰਘ ਨੂੰ ਸਭਾ ਦਾ ਪ੍ਰਧਾਨ ਅਤੇ ਰੀਤੂ ਅਹੀਰ ਨੂੰ ਜਨਰਲ ਸਕੱਤਰ ਵਜੋਂ ਸੇਵਾ ਨਿਭਾਉਣ ਲਈ ਮੌਕਾ ਦਿੱਤਾ ਗਿਆ।
ਇਸ ਤੋਂ ਇਲਾਵਾ ਕਮੇਟੀ ਵਿੱਚ ਪ੍ਰਸਿੱਧ ਗ਼ਜ਼ਲਗੋ ਜਸਵੰਤ ਵਾਗਲਾ ਪ੍ਰੈੱਸ ਸਕੱਤਰ (ਮੀਡੀਆ ਬੁਲਾਰਾ), ਵਰਿੰਦਰ ਅਲੀਸ਼ੇਰ ਮੀਤ ਪ੍ਰਧਾਨ, ਹਰਮਨਦੀਪ ਸਿੰਘ ਗਿੱਲ ਸਹਾਇਕ ਸਕੱਤਰ, ਟਿੱਪਣੀਕਾਰ ਦਲਜੀਤ ਸਿੰਘ ਖਜ਼ਾਨਚੀ, ਦਿਨੇਸ਼ ਸਭਾ ਸਲਾਹਕਾਰ ਅਤੇ ਮੁੱਖ ਸਲਾਹਕਾਰ ਲਈ ਗੁਰਜਿੰਦਰ ਸੰਧੂ ਨੂੰ ਨਿਯੁਕਤ ਕੀਤਾ ਗਿਆ। ਇਸ ਮੌਕੇ ਨਵੇਂ ਪ੍ਰਧਾਨ ਪਰਮਿੰਦਰ ਸਿੰਘ ਨੇ ਦੱਸਿਆ ਕਿ ਸੰਸਥਾ ਵੱਲੋਂ ਆਪਣੇ ਪਿਛਲੇ ਕਾਰਜਕਾਲ ਵਿਚ ਮਾਣਮੱਤੀਆਂ ਸਾਹਤਿਕ ਪ੍ਰਾਪਤੀਆਂ ਕੀਤੀਆਂ ਹਨ।
ਪੰਜਾਬੀ ਭਾਸ਼ਾ ਦੇ ਪਸਾਰੇ ਲਈ ਅਥਾਹ ਕੰਮ ਕਰਦਿਆਂ ਸ਼ਹਿਰ ‘ਚ ਨੁੱਕੜ ਲਾਇਬ੍ਰੇਰੀਆਂ ਖੋਲ੍ਹਣਾਂ, ਪੰਜਾਬੀ ਸਕੂਲ, ਭਾਈਚਾਰੇ ਲਈ ਪੰਜਾਬੀ ਸਾਹਿਤ ਮੁਹੱਈਆ ਕਰਵਾਉਣ ਅਤੇ ਨਵੇਂ ਲੇਖਕਾਂ ਨੂੰ ਉਤਸ਼ਾਹਿਤ ਕਰਨ ਵਰਗੇ ਅਹਿਮ ਕਾਰਜ ਕੀਤੇ ਹਨ। ਸਭਾ ਦੇ ਮੀਤ ਪ੍ਰਧਾਨ ਵਰਿੰਦਰ ਅਲੀਸ਼ੇਰ ਨੇ ਦ੍ਰਿੜ੍ਹਤਾ ਨਾਲ ਕੰਮ ਕਰਨ ਦੀ ਪ੍ਰੋੜ੍ਹਤਾ ਕੀਤੀ। ਇਸ ਮੌਕੇ ਨਵੇਂ ਕਰਮੀਆਂ ‘ਚ ਕਵੀ ਦਿਨੇਸ਼ ਅਤੇ ਲੇਖਕ ਗੁਰਜਿੰਦਰ ਸੰਧੂ ਨੇ ਸਭਾ ਦੇ ਪੰਜਾਬੀ ਸਾਹਿਤ ਪ੍ਰਤੀ ਹੋ ਰਹੇ ਕਾਰਜਾਂ ਨੂੰ ਸਲਾਹਿਆ। ਇੱਥੇ ਸਾਰੇ ਹੀ ਅਹੁਦੇਦਾਰਾਂ ਨੇ ਸਮੂਹਿਕ ਤੌਰ ਉੱਤੇ ਭਵਿੱਖ ਵਿੱਚ ਪੰਜਾਬੀ ਸਾਹਿਤ ਦੀ ਤਰੱਕੀ ਅਤੇ ਇਸ ਵਿੱਚ ਯੋਗਦਾਨ ਦੀ ਗੱਲ ਕਰਦਿਆਂ ਸਾਹਿਤਿਕ ਸਰਗਰਮੀਆਂ ਲਈ ਸਦਾ ਤੱਤਪਰ ਰਹਿਣ ਦਾ ਅਤੇ ਜਲਦੀ ਹੀ ਸਭਾ ਦੇ ਅਗਲੇ ਪ੍ਰੋਗਰਾਮ ਉਲੀਕਣ ਦਾ ਵਾਅਦਾ ਕੀਤਾ। ਇਸ ਸਮੇਂ ਹੋਰਨਾਂ ਤੋਂ ਇਲਾਵਾ ਸੀਨੀਅਰ ਮੈਂਬਰ ਇਕਬਾਲ ਸਿੰਘ ਧਾਮੀ ਨੇ ਸ਼ਿਰਕਤ ਕੀਤੀ ਅਤੇ ਸਭਾ ਬਾਬਤ ਉਸਾਰੂ ਸੁਝਾਅ ਦਿੱਤੇ।