ਸਾਰਿਆਂ ਨੂੰ ਸਤ ਸ਼੍ਰੀ ਅਕਾਲ। ਅਸੀਂ ਇੱਥੇ, ਨਵੇਂ ਸਾਲ ਵਰਗੇ ਹਾਂ। ਰੱਬ ਤੁਹਾਨੂੰ ਵੀ ਹਰ ਰੋਜ਼, ਹਰ ਥਾਂ ਤਰੱਕੀ ਬਖਸ਼ੇ। ਅੱਗੇ ਸਮਾਚਾਰ ਇਹ ਹੈ ਕਿ ਆਪਣੇ ਪਿੰਡ ਦੇ, ਟਾਹਲੀ ਦੇ ਅੱਡੇ ਆਲੀ ਟਾਹਲੀ ਡਿੱਗ ਪਈ ਹੈ। ਲਾਹੌਰ-ਸਰਗੋਧਾ ਬੱਸ ਨੂੰ ਬਾਬੇ ਜਮੇਲੇ ਸਣੇ ਉਡੀਕਦੀਆਂ ਕਈ ਸਵਾਰੀਆਂ ਗੱਲਾਂ ਕਰ ਰਹੀਆਂ ਸਨ ਕਿ ਪਿੰਕੀ, ਪਾਨ ਵਾਲਾ ਥੁੱਕ ਸਿੱਟਦਾ ਕੂਕਿਆ, “ਬਚੋ, ਬਚੋ, ਬਚਿਓ ਓਏ”, ਸਾਰੇ ਭਮੰਤਰੇ, ਉੱਠ ਭੱਜੇ, ਹੱਥ ਚ ਫੜਿਆ ਝੋਲਾ ਡਿੱਗਿਆ, ਕਿਸੇ ਦਾ ਲੜ, ਟੁੱਟੇ ਬੈਂਚ ਦੀ ਪੱਤਰੀ
ਚ ਪਾਟ ਗਿਆ। ਖੜਸੁੱਕ ਡਾਹਣਾ ਥੱਲੇ ਆਇਆ। ਪਰ ਜੀਅ-ਜਾਨ ਦੀ ਬੱਚਤ ਹੋ ਗਈ। ਹੌਲੀ-ਹੌਲੀ ਫੜਕਦੇ ਦਿਲ ਸ਼ਾਂਤ ਹੋਏ ਤਾਂ ਬਾਬਾ ਬੋਲਿਆ, “ਲੈ ਬਈ ਹਰੇਕ ਚੀਜ਼ ਦਾ ਅੰਤ ਐ, ਕਿਹੜੇ ਜੁਗੜਿਆਂ ਦੀ ਖੜੀ ਐ। ਬਾਬਾ ਇੰਦਰ ਸਿੰਹੁ ਦੀ ਨਿਆਂਈ ਵਾਲੀ ਵਾੜ ਚ ਉੱਗੀ ਸੀ। ਕੰਧ ਬਣੀ ਤਾਂ ਬਾਹਰ ਆ ਗੀ। ਬੜੇ ਰੰਗ ਵੇਖੇ ਐ ਏਹਨੇਂ। ਬੱਸ ਏਵੈਂ ਈ ਭਾਈ।" “ਊਂ ਵੇਖ ਲੋ ਬਈ ਹੁਣ ਵੱਡੀ ਤਾਂ ਕਿੱਕਰ ਐ ਏਥੇ, ਦੁਕਾਨਾਂ ਆਲਿਆਂ ਨੇ ਕਈ ਹੋਰ ਵੀ ਦਰਖਤ ਵੱਡੇ ਕਰਤੇ ਐ, ਪਰ ਲੋਕੀਂ ਆਂਹਦੇ, ਟਾਹਲੀ ਆਲਾ ਅੱਡਾ ਈ ਐ।" ਤੇਜਪਾਲ ਪੰਚ ਨੇ ਸਮਝੌਤੀ ਦਿੱਤੀ। ਕਈ ਭੇਡਾਂ-ਬੱਕਰੀਆਂ ਆ ਕੇ ਪੱਤਿਆਂ ਨੂੰ ਮੁੱਛਣ ਲੱਗੀਆਂ ਤਾਂ, ਮੀਂਗਣਾਂ ਦੇ ਮੁਸ਼ਕ ਅਤੇ ਉੱਡਦੀ ਮਿੱਟੀ ਕਰਕੇ, ਸਾਰੇ ਮਨਦੀਪ ਦੀ ਡੈਕਾਂ ਆਲੀ ਦੁਕਾਨ ਕੰਨੀਂ ਖਿਸਕ ਗਏ। ਬੁੜੀਆਂ ਨੇ, ਮੂੰਹ ਉੱਤੇ ਅੱਧੇ ਪੱਲੇ ਲੈ ਕੇ, ਧੂੜ ਤੋਂ ਬਚਣ ਦਾ ਯਤਨ ਕੀਤਾ। ਮਿੱਠੇ ਭਗਤ ਨੇ ਸਬਜ਼ੀਆਂ ਆਲੇ ਛਾਬੇ ਉੱਤੇ, ਗਿੱਲੀ ਪੱਲੀ ਪਾ-ਤੀ। ਘੀਲਾ ਮੋਟਰਸਾਈਕਲ ਰੇੜੀ ਆਲਾ, ਬਿੰਦ ਕੁ ਰੁਕਿਆ, ਟਾਹਲੀ ਕੰਨੀਂ ਵੇਖ, ਥੁੱਕ ਸਿੱਟ ਕੇ, ਫੇਰ ਟੱਪ ਗਿਆ। ਜੱਗੇ ਟੈਂਟ ਆਲੇ ਨੇ ਝਾਫ਼ਾ ਪਾਸੇ ਖਿੱਚ ਕੇ ਰਾਹ, ਮੋਕਲਾ ਕਰਨ ਦਾ ਵਿਅਰਥ ਯਤਨ ਕੀਤਾ। “ਓਏ ਨਾ ਮੱਥਾ ਮਾਰ, ਇਹਨੂੰ ਤਾਂ ਲਿਛਮੀਆਂ ਮੈਂਬਰ ਆਇਐ ਲੈ ਚੱਕਣ, ਖ਼ਬਰ ਮਿਲਗੀ ਹੋਣੀਂ ਐਂ ਉਹਨੂੰ, ਕਾਲੀ-ਸ਼ਾਹ ਟਾਹਲੀ ਐ, ਖਪਾ-ਦੂ-ਰਾਹ ਆਲੇ ਬੋਹੜ ਅਤੇ ਡਿੱਗੀ ਆਲੇ ਪਿੱਪਲ ਆਂਗੂੰ।" ਤੇਜਪਾਲ ਪੰਚ ਨੇ, ਵਿਰੋਧੀ ਧਿਰ ਉੱਤੇ ਸਿਆਸੀ ਗੁੱਸਾ ਕੱਢਿਆ। “ਏਹਦਾ ਤਾਂ ਕੀ ਵੱਟਿਆ ਜਾਣੈਂ? ਊਂ ਮੈਂਬਰਾ, ਇਹ ਪੈਸੇ ਜਾਂਦੇ ਕਿੱਥੇ ਐ ਤੇਰੀ ਜਾਣ?" “ਜਾਂਦੇ ਐ ਏਹਨਾਂ, ਬੁਰਕੇ ਆਲੇ ਲੁਟੇਰਿਆਂ ਦੀ ਜੇਬ ਆਲੇ ਖੂਹ
ਚ। ਆਪਾਂ ਲੀਡਰਾਂ, ਅਫਸਰਾਂ, ਮੁਲਾਜ਼ਮਾਂ ਨੂੰ ਨਿੰਦਦੇ ਰਹਿੰਨੇ ਆਂ ਸਾਰਾ ਦਿਨ, ਬਾਈ ਆਪਣੇ ਵੀ ਘੱਟ ਨੀਂ; ਜੀਹਦਾ ਦਾਅ ਲੱਗ ਜੇ, ਬੂੰਦੀ ਉਡਾ ਦਿੰਦਾ।” ਤੇਜਪਾਲ ਨੇ ਬੋਲਿਆ ਹੀ ਸੀ ਕਿ ਤੂੜੀ ਵਾਂਗ ਭਰੀ ਬੱਸ ਆ ਗਈ, ਸਾਰੇ ਤੋਰੀਆਂ ਵਾਂਗ ਲਪਕੇ।
ਹੋਰ, ਆਪਣੇ ਪਿੰਡ ਦਸਮੇਂ ਪਾਤਸ਼ਾਹ ਦੇ ਪ੍ਰਕਾਸ਼ ਸੰਬੰਧੀ ਨਗਰ ਕੀਰਤਨ ਕੱਢਣ ਦੀ ਤਿਆਰੀ ਹੈ। ਗੁਰਦੇਵ ਸਿੰਹੁ ਮਾਸ਼ਟਰ, ਪਿੰਡ ਦੀਆਂ ਪੁਰਾਣੀਆਂ ਫ਼ੋਟੋਆਂ ਕੱਠੀਆਂ ਕਰਕੇ ਛਾਪ ਰਿਹਾ ਹੈ। ਤੇਲ ਦੀ ਹੜਤਾਲ, ਕਰਕੇ ਹੜਕੰਪ ਮੱਚ ਗਿਆ ਹੈ। ਲੋਕਾਂ ਨੂੰ ਅੱਗੇ ਕੁਛ ਨਾ ਦਿਸਣ ਕਰਕੇ, ਕੁੱਝ ਨਹੀਂ ਸੁੱਝ ਰਿਹਾ। ਬਿਨ ਪਿਲਸਨ ਨੌਕਰੀ ਕਿਸ ਕੰਮ? ਜਸਵਿੰਦਰ ਭੱਲਾ, ਤਪੇ ਤੋਂ ਆ ਕੇ, ਪਿੰਡ ਪਾਠ ਕਰਾ ਗਿਆ ਹੈ। ਟੱਲੀ, ਬੰਟੀ, ਘੋਟਾ, ਮਾਂਧਾ ਸਭ ਠੀਕ ਹਨ। ਕਈ ਮਿਸੀਸਾਗਾ, ਡੈਨੇਵਰ, ਮੈਲਬੌਰਨ, ਤਹਿਰਾਨ ਅਤੇ ਟਾਕਾਨੀਨੀ ਵਾਲੇ ਭਾਈਬੰਦ ਆਏ ਹੋਏ ਹਨ। ਕੋਹਰੇ ਕਰਕੇ, ਸਬਜ਼ੀਆਂ ਮਹਿੰਗੀਆਂ ਹੋ ਗਈਆਂ ਹਨ। ਸਾਗ, ਪੰਜੀਰੀ ਨਾਲ ਹੀ ਸਾਰ ਰਹੇ ਹਾਂ। ਹਾਂ, ਸੱਚ, ਨੰਬਰਦਾਰਾਂ ਦਾ ਕਰਮ ਸਿੰਹੁ, ਉਤਰਿਆ ਹੈ, ਉਸਨੇ ਕੋਠੀ, ਵਾੜਾ, ਸਮਾਨ ਅਤੇ ਜ਼ਮੀਨ ਵੇਚਣ ਦਾ ਹੋਕਾ ਦਵਾਇਆ ਹੈ। ਚੰਗਾ ਭਾਈ, ਖੁਸ਼ ਰਹੋ, ਰੱਬ, ਸਾਰੀ ਦੁਨੀਆਂ ਉੱਤੇ ਅਮਨ-ਚੈਨ ਰੱਖੇ, ਲੜਾਈ-ਭੜਾਈ, ਹੜ੍ਹ-ਭੂਚਾਲ, ਬੀਮਾਰੀਆਂ ਤੋਂ ਬਚਾਏ।
ਤੁਹਾਡਾ ਆਪਣਾ, (ਡਾ.) ਸਰਵਜੀਤ ਸਿੰਘ ‘ਕੁੰਡਲ
ਗਲੀ ਨੰ. 07, ਮਾਡਲ ਟਾਊਨ, ਅਬੋਹਰ-152116, ਪੰਜਾਬ (ਭਾਰਤ)
ਮੋਬਾਈਲ ਨੰ. 9464667061