ਹਰ ਵਿਅਕਤੀਦੀ ਸਹਿਣ ਸ਼ਕਤੀ ਅਲੱਗ ਅਲੱਗ ਹੈ। ਢੀਠ ਬੰਦੇ ਤਾਂ ਵੱਡੀ ਤੋਂ ਵੱਡੀ ਬੇਇੱਜ਼ਤੀ ਪਾਣੀ ਵਾਂਗ ਪੀ ਜਾਂਦੇ ਹਨ ਪਰ ਗੁੱਸੇਖੋਰ ਛੋਟੀ ਜਿਹੀ ਗੱਲ ਵੀ ਬਰਦਾਸ਼ਤ ਨਹੀਂ ਕਰਦੇ। ਪੰਜਾਬ ਵਿੱਚ ਮਾਂ, ਭੈਣ, ਧੀ, ਪਤਨੀ, ਪਿਉ ਅਤੇ ਜਵਾਈ ਵਰਗੇ ਕਈ ਰਿਸ਼ਤੇ ਐਨੇ ਨਾਜ਼ਕ ਹਨ ਕਿ ਉਨ੍ਹਾਂ ਦੀ ਬੇਇੱਜ਼ਤੀਪਿੱਛੇ ਕਤਲਾਂ ਤੱਕ ਗੱਲ ਪਹੁੰਚ ਜਾਂਦੀ ਹੈਚਾਹੇ ਅਜਿਹੀ ਹਿਮਾਕਤ ਕਿਸੇ ਵੱਡੇ ਤੋਂ ਵੱਡੇ ਬੰਦੇ ਨੇ ਕੀਤੀ ਹੋਵੇ।ਅਜਿਹਾ ਇੱਕ ਕਾਂਡ ਮੈਂ ਆਪਣੀ ਅੱਖੀਂ ਵੇਖਿਆ ਹੈ। ਤਿੰਨ ਚਾਰ ਪਹਿਲਾਂ ਮੈਨੂੰ ਪੰਜਾਬ ਸਿਵਲ ਸੈਕਟਰੀਏਟ ਵਿਖੇ ਇੱਕ ਮੰਤਰੀ ਦੇ ਦਫਤਰ ਜਾਣਾ ਪਿਆ ਕਿਉਂਕਿ ਮੈਂ ਕਿਸੇ ਅਫਸਰ ਨੂੰ ਇੱਕ ਕੰਮ ਵਾਸਤੇ ਫੋਨ ਕਰਾਉਣਾ ਸੀ।ਉਸ ਸਮੇਂ ਮੈਂ ਪੁਲਿਸ ਹੈੱਡਕਵਾਟਰ ਵਿਖੇ ਤਾਇਨਾਤ ਸੀ ਪਰ ਡੀ.ਐਸ.ਪੀ. ਹੁੰਦਿਆਂ ਕਈ ਸਾਲਾਂ ਤੱਕਉਸ ਮੰਤਰੀ ਦੀ ਸਬ ਡਵੀਜ਼ਨ ਵਿੱਚ ਲੱਗਾ ਰਿਹਾ ਸੀ। ਅਗਲੀਆਂ ਚੋਣਾਂ ਵਿੱਚ ਉਸ ਮੰਤਰੀ ਦੀ ਪਾਰਟੀ ਹਾਰ ਗਈ ਪਰ ਨਵੀਂ ਸਰਕਾਰ ਨੇ ਦੁਬਾਰਾ ਮੈਨੂੰ ਉਸ ਸਬ ਡਵੀਜ਼ਨ ਵਿੱਚ ਹੀ ਲਗਾ ਦਿੱਤਾ। ਭਾਵੇਂ ਕਿ ਉਹ ਉਸ ਵੇਲੇ ਵਿਰੋਧੀ ਧਿਰ ਵਿੱਚ ਸੀ, ਫਿਰ ਵੀ ਪੁਰਾਣੇ ਸਬੰਧਾਂ ਕਾਰਨ ਮੈਂ ਉਸ ਦੀ ਸਿਫਾਰਸ਼ ‘ਤੇ ਬਹੁਤ ਸਾਰੇ ਕੰਮ ਕਰ ਦਿੰਦਾ ਸੀ।
ਜਦੋਂ ਉਹ ਸਰਕਾਰ ਤੋਂ ਬਾਹਰ ਸੀ ਤਾਂ ਬਹੁਤ ਹੀ ਸ਼ਰੀਫ ਅਤੇ ਮਿੱਠ ਬੋਲੜਾ ਸਿਆਸਤਦਾਨ ਮੰਨਿਆਂ ਜਾਂਦਾ ਸੀ। ਸਿਆਣੇ ਕਹਿੰਦੇ ਹਨ ਕਿ ਬੰਦੇ ਦੀ ਅਸਲੀ ਔਕਾਤ ਉਸ ਵੇਲੇ ਪਤਾ ਚੱਲਦੀ ਹੈ ਜਦੋਂ ਉਸ ਕੋਲ ਤਾਕਤ ਹੋਵੇ।ਇਹ ਭੱਦਰ ਪੁਰਸ਼ ਵੀ ਦੁਬਾਰਾ ਚੋਣ ਜਿੱਤ ਕੇ ਜਦੋਂ ਮੰਤਰੀ ਬਣਿਆ ਤਾਂ ਉਸ ਦੇ ਰੰਗ ਢੰਗ ਹੀ ਬਦਲ ਗਏ, ਅਫਸਰਾਂ ਤੇ ਵਰਕਰਾਂ ਦੀ ਲਾਹ ਪਾਹ ਕਰਨੀ ਉਸ ਦਾ ਰੋਜ਼ਮਰ੍ਹਾ ਦਾ ਕੰਮ ਬਣ ਗਿਆ।ਮੈਂ ਮੰਤਰੀ ਦੇ ਬਹੁਤ ਹੀ ਨਜ਼ਦੀਕੀ ਤੇ ਚੰਗੇ ਮੰਦੇ ਕੰਮਾਂ ਦੇ ਰਾਜ਼ਦਾਰਸੰਤਪਾਲ ਸਿੰਘ (ਕਾਲਪਨਿਕ ਨਾਮ) ਨੂੰ ਨਾਲ ਲੈ ਗਿਆ ਕਿਉਂਕਿ ਮੈਨੂੰ ਪਤਾ ਸੀ ਕਿ ਹੁਣਉਹ ਬੰਦੇ ਨੂੰ ਬੰਦਾ ਨਹੀਂ ਸਮਝਦਾ। ਖੈਰ ਉਸ ਨੇ ਮੇਰੀ ਸਤਿ ਸ੍ਰੀ ਅਕਾਲ ਦਾ ਮਾੜਾ ਜਿਹਾ ਸਿਰ ਹਿਲਾ ਕੇ ਜਵਾਬ ਦਿੱਤਾ ਤੇ ਸੰਤਪਾਲ ਸਿੰਘ ਦੇ ਕਹਿਣ ‘ਤੇ ਸਬੰਧਿਤ ਅਫਸਰ ਨੂੰ ਫੋਨ ਲਗਾ ਲਿਆ, “ਫਲਾਣਾ ਸਾਹਿਬ ਜੀ,ਮੈਂ ਕਈ ਦਿਨ ਪਹਿਲਾਂ ਤੁਹਾਨੂੰ ਇੱਕ ਐਸ.ਪੀ. ਦੇ ਕੰਮ ਬਾਰੇ ਕਿਹਾ ਸੀ, ਉਹ ਹੋਇਆ ਨਹੀਂ ਅਜੇ।”
ਅਫਸਰ ਨੇ ਅੱਗੋਂ ਪੁੱਛਿਆ ਹੋਣਾ ਹੈ ਕਿ ਕਿਹੜੇ ਐਸ.ਪੀ. ਦਾ? ਮੰਤਰੀ ਨੇ ਫੋਨ ਦੇ ਰਿਸੀਵਰ ‘ਤੇ ਹੱਥ ਰੱਖੇ ਬਗੈਰ ਹੀ ਖੁਸ਼ਕ ਜਿਹੀ ਅਵਾਜ਼ ਵਿੱਚ ਮੈਨੂੰਪੁੱਛਿਆ ਕਿ ਕਾਕਾ ਕੀ ਨਾਮ ਆ ਤੇਰਾ? ਮੈਂ ਸਮਝ ਗਿਆ ਕਿ ਐਨੀ ਪੁਰਾਣੀ ਵਾਕਫੀਅਤ ਤੋਂ ਬਾਅਦ ਜਿਹੜਾ ਬੰਦਾ ਮੇਰਾ ਨਾਮ ਹੀ ਭੁੱਲ ਗਿਆ,ਕੰਮ ਉਸ ਨੇ ਸਵਾਹ ਕਰਨਾ ਹੈ।ਮੈਂ ਖਿਸਿਆਨਾ ਜਿਹਾ ਹੱਸ ਕੇ ਕਿਹਾ, “ਸਰ ਤੁਸੀਂ ਰਹਿਣ ਹੀ ਦਿਉ, ਇਹ ਕੰਮ ਨਹੀਂ ਹੋਣਾ।” ਉਸ ਦੇ ਕਾਰਨ ਪੁੱਛਣ ‘ਤੇ ਮੈਂ ਦੱਸਿਆ, “ਜਦੋਂ ਆਪਾਂ ਸਿਫਾਰਸ਼ੀ ਫੋਨ ਕਰਦੇ ਸਮੇਂ ਮੌਕੇ ‘ਤੇ ਫਰਿਆਦੀ ਦਾ ਨਾਮ ਪੁੱਛਦੇ ਹਾਂ ਤਾਂ ਅਗਲਾ ਸਮਝ ਜਾਂਦਾ ਹੈ ਕਿ ਫੋਨ ਕਰਾਉਣ ਵਾਲਾ ਬੰਦਾਕੋਈ ਖਾਸ ਹਸਤੀ ਨਹੀਂ ਹੈ। ਮੰਤਰੀ ਸਾਹਿਬ ਉਸ ਨੂੰ ਗਲੋਂ ਲਾਹੁਣ ਲਈ ਐਵੇਂ ਫਾਰਮੈਲਟੀ ਕਰ ਰਹੇ ਹਨ।” ਮੇਰੀ ਗੱਲ ਸੁਣ ਕੇ ਮੰਤਰੀ ਖਿਝ੍ਹ ਤਾਂ ਗਿਆ, ਪਰ ਉਸ ਨੂੰ ਮੇਰਾ ਨਾਮ ਜਰੂਰ ਚੇਤੇ ਆ ਗਿਆ ਜੋ ਉਸ ਨੇ ਅਫਸਰ ਨੂੰ ਦੱਸ ਦਿੱਤਾ।ਮੇਰਾ ਕੰਮ ਨਾ ਹੋਣਾ ਸੀ, ਨਾ ਹੋਇਆ ਤੇ ਨਾ ਹੀ ਦੁਬਾਰਾ ਮੈਂਉਸ ਕੋਲ ਗਿਆ।ਮੈਂ ਉੱਠ ਕੇ ਤੁਰਨ ਲੱਗਾ ਤਾਂ ਚਾਹ ਆ ਗਈ ਤੇ ਸੰਤਪਾਲ ਨੇ ਮੈਨੂੰ ਚਾਹ ਪੀਣ ਲਈ ਰੋਕ ਲਿਆ।
ਸਾਡੇ ਚਾਹ ਪੀਂਦੇ ਸਮੇਂ ਇੱਕ ਅਜਿਹੀ ਘਟਨਾ ਵਾਪਰੀ ਕਿ ਉਸ ਬਦਜ਼ੁਬਾਨ ਮੰਤਰੀ ਨੂੰ ਦਿਨੇ ਤਾਰੇ ਨਜ਼ਰ ਆ ਗਏ।ਫਰਿਆਦੀਆਂ ਵਿੱਚ ਮੰਤਰੀ ਦੇ ਹਲਕੇ ਤੋਂ ਬਾਹਰ ਦਾ ਇੱਕ ਬਜ਼ੁਰਗ ਵਿਅਕਤੀਉਸ ਦੇ ਕਿਸੇ ਖਾਸ ਫੀਲ੍ਹੇ ਨੂੰ ਨਾਲ ਸਿਫਾਰਸ਼ੀ ਲੈ ਕੇ ਆਇਆ ਸੀ। ਬਜ਼ੁਰਗ ਦੀ ਸ਼ਖਸ਼ੀਅਤ ਬਹੁਤ ਹੀ ਪ੍ਰਭਾਵਸ਼ਾਲੀ ਸੀ। ਦੁੱਧ ਚਿੱਟਾਖੱਦਰ ਦਾ ਕੁੜਤਾ ਪਜ਼ਾਮਾ, ਠੋਕ ਕੇ ਬੱਝੀਪੱਗ ਅਤੇ ਖੁਲ੍ਹਾ ਦਾੜ੍ਹਾ।ਉਸ ਦਾ ਜਵਾਈ ਵੀ ਨਾਲ ਬੈਠਾ ਸੀ ਜਿਸ ਦਾ ਨੰਬਰਦਾਰੀ ਦਾ ਕੇਸ ਮੰਤਰੀ ਦੇ ਵਿਭਾਗ ਦੇ ਕਿਸੇ ਸੀਨੀਅਰ ਅਫਸਰ ਕੋਲ ਫਸਿਆ ਹੋਇਆ ਸੀ। ਬਜ਼ੁਰਗ ਸ਼ਾਇਦ ਇਸ ਕੰਮ ਲਈ ਪਹਿਲਾਂ ਵੀ ਕਾਫੀ ਗੇੜੇ ਮਾਰ ਚੁੱਕਾ ਸੀ ਕਿਉਂਕਿ ਉਸਦੇ ਬੋਲਣ ਸਾਰ ਮੰਤਰੀ ਉਸ ਨੂੰ ਟੁੱਟ ਕੇ ਪੈ ਗਿਆ, “ਚੁੱਪ ਕਰ ਯਾਰ, ਪਤਾ ਮੈਨੂੰ ਤੇਰੇ ਸਿਆਪੇ ਦਾ। ਰੋਜ ਈ ਆ ਵੜਦਾਂ ਤੂੰ ਮੂੰਹ ਚੁਕ ਕੇ।”ਸ਼ਰਮਿੰਦੇ ਜਿਹੇ ਹੋਏ ਬਜ਼ੁਰਗ ਨੇ ਕਿਹਾਕਿ ਉਸ ਦੇ ਜਵਾਈ ਦਾ ਕੰਮ ਹੈ, ਇਸ ਲਈ ਆਉਣਾ ਪੈਂਦਾ ਹੈ।ਪਰ ਮੰਤਰੀ ਨੇ ਦੁਬਾਰਾ ਉਸ ਦੀ ਝਾੜ੍ਹ ਝੰਬ ਕਰ ਦਿੱਤੀ। ਬਜ਼ੁਰਗ ਦਾ ਜਵਾਈ ਹੈਰਾਨੀ ਤੇ ਨਮੋਸ਼ੀ ਨਾਲ ਆਪਣੇ ਸਹੁਰੇ ਵੱਲ ਵੇਖ ਰਿਹਾ ਸੀ।
ਜਦੋਂ ਬਜ਼ੁਰਗ ਕੋਲੋਂ ਜਵਾਈ ਸਾਹਮਣੇ ਹੋ ਰਹੀ ਬੇਇੱਜ਼ਤੀ ਬਰਦਾਸ਼ਤ ਨਾ ਹੋਈ ਤਾਂ ਉਹ ਖੜਾ ਹੋ ਗਿਆ, “ਉੱਠ ਕਾਕਾ ਚੱਲੀਏ, ਢੱਠੇ ਖੂਹ ਵਿੱਚ ਪੈਂਦੀ ਆ ਇਹੋਜਿਹੀ ਨੰਬਰਦਾਰੀ। ਜੇ ਸਾਡੇ ਕਰਮਾਂ ‘ਚ ਹੋਊਗੀ ਤਾਂ ਮਿਲਜੂਗੀ।ਨਾਲੇ ਇਹ ਕਿਹੜਾ ‘ਕੱਲਾ ਮੰਤਰੀ ਆ ਪੰਜਾਬ ਵਿੱਚ, ਕਿਸੇ ਹੋਰ ਨਾਲ ਗੱਲ ਕਰ ਲੈਂਦੇ ਆਂ।” ਮੰਤਰੀ ਦੇ ਸਿਰ ਵਿੱਚ ਸੌ ਘੜਾ ਪਾਣੀ ਪੈ ਗਿਆ। ਉਹ ਕੁਝ ਬੋਲ ਕਬੋਲ ਕਰਨ ਹੀ ਲੱਗਾ ਸੀ ਕਿ ਬਜ਼ੁਰਗ ਫਿਰ ਗਰਜ ਪਿਆ, “ਮੰਤਰੀ ਸਾਹਿਬ ਧਿਆਨ ਨਾਲ। ਜੇ ਤੁਸੀਂ ਦੁਬਾਰਾ ਚੰਗਾ ਮੰਦਾ ਬੋਲਿਆ ਤਾਂ ਫਿਰ ਗੁੱਸਾ ਨਾ ਕਰਿਉ, ਸਾਨੂੰ ਵੀ ਜਵਾਬ ਦੇਣਾ ਆਉਂਦਾ ਆ। ਮੈਂ ਵਾਰ ਵਾਰ ਦੱਸ ਰਿਹਾਂ ਕਿ ਮੇਰਾ ਜਵਾਈ ਨਾਲ ਹੈ, ਤੁਸੀਂਫਿਰ ਵੀ ਵਾਹਯਾਤ ਬੋਲੀਜਾਂਦੇ ਉ। ਪਹਿਲਾਂ ਵਿਰੋਧੀ ਪਾਰਟੀ ਦੀ ਸਰਕਾਰ ਨੇ ਜ਼ਲੀਲ ਕਰ ਛੱਡਿਆ,ਹੁਣ ਸਾਡੇ ਆਪਣੇ ਈ ਸ਼ਰਮ ਲਾਹੀ ਬੈਠੇ ਆ।”ਇਸ ਤੋਂ ਪਹਿਲਾਂ ਕਿ ਮੰਤਰੀ ਦੇ ਗੰਨਮੈਨ ਕੁਝ ਹਰਕਤ ਕਰਦੇ, ਉਹਆਪਣੇ ਜਵਾਈ ਨੂੰ ਲੈ ਕੇ ਤੁਰਦਾ ਬਣਿਆਂ।ਸ਼ਰੇਆਮ ਹੋਈ ਘੋਰ ਬੇਇੱਜ਼ਤੀ ਕਾਰਨ ਮੰਤਰੀ ਨੂੰ ਤਾਂ ਚੱਕਰ ਆਉਣ ਲੱਗ ਪਏ, ਉਸ ਨੇ ਫਟਾਫਟ ਦਫਤਰ ਤੋਂ ਨਿਕਲਣ ਦੀ ਕੀਤੀ।
ਬਲਰਾਜ ਸਿੰਘ ਸਿੱਧੂ ਏ.ਆਈ.ਜੀ. (ਰਿਟਾ)
ਪੰਡੋਰੀ ਸਿੱਧਵਾਂ 9501100062