ਮੂਲ ਨਾਨਕਸ਼ਾਹੀ ਕੈਲੰਡਰ ਤੇ ਸਹਿਮਤੀ ਪੰਥ ਵਿੱਚ ਦੂਰੀਆਂ ਘਟ ਸਕਦੀਆਂ ਹਨ – ਰਾਜਿੰਦਰ
ਸਿੰਘ ਪੁਰੇਵਾਲ
ਡਰਬੀ (ਪੰਜਾਬ ਟਾਈਮਜ਼) – ਸਿੱਖ ਅਜਾਇਬਘਰ ਡਰਬੀ ਦੇ ਚੇਅਰਮੈਨ ਤੇ ਗੁਰਦੁਆਰਾ ਸਿੰਘ ਸਭਾ
ਡਰਬੀ ਦੇ ਜਨਰਲ ਸੈਕਟਰੀ ਰਾਜਿੰਦਰ ਸਿੰਘ ਪੁਰੇਵਾਲ ਅਤੇ ਸਿੰਘ ਸਭਾ ਗੁਰਦੁਆਰਾ ਡਰਬੀ ਦੇ
ਮੁੱਖ ਸੇਵਾਦਾਰ ਸ: ਰਘਬੀਰ ਸਿੰਘ ਨੇ ਪੰਜਾਬ ਲਈ ਸੁਹਿਰਦ ਸਿੱਖ ਸੰਸਥਾਵਾਂ ਨੂੰ ਅਪੀਲ
ਕੀਤੀ ਹੈ ਕਿ ਉਹ ਆਪਸੀ ਦੂਰੀਆਂ ਮਿਟਾ ਕੇ ਇੱਕ ਪਲੇਟ ਫਾਰਮ ਤੇ ਇਕੱਠੇ ਹੋ ਕੇ ਪੰਜਾਬ
ਦੀ ਵਾਗਡੋਰ ਸੰਭਾਲਣ, ਤਾਂ ਹੀ ਪੰਜਾਬ, ਸਮੁੱਚੇ ਪੰਜਾਬੀਆਂ ਅਤੇ ਸਿੱਖ ਪੰਥ ਦਾ ਭਲਾ ਹੋ
ਸਕਦਾ ਹੈ।
ਇਸ ਵੇਲੇ ਸਿੱਖਾਂ ਦਾ ਵੱਡਾ ਹਿੱਸਾ ਪੰਜਾਬ ਛੱਡ ਕੇ ਵਿਦੇਸ਼ਾਂ ਵਿੱਚ ਜਾ
ਵਸਿਆ ਹੈ, ਜਿਸ ਨਾਲ ਪੰਜਾਬ ਵਿੱਚ ਸਿੱਖਾਂ ਦੀ ਗਿਣਤੀ ਦਿਨੋ ਦਿਨ ਘੱਟ ਰਹੀ ਹੈ।
ਉਹਨਾਂ ਨੇ ਤਖ਼ਤਾਂ ਦੇ ਜਥੇਦਾਰਾਂ ਅਤੇ ਪੰਥਕ ਬੁੱਧੀਜੀਵੀਆਂ ਨੂੰ ਬੇਨਤੀ ਕੀਤੀ ਕਿ
ਉਹ ਸਿੱਖ ਸੰਸਥਾਵਾਂ ਵਿੱਚ ਏਕਤਾ ਲਿਆਉਣ ਲਈ ਯੋਗਦਾਨ ਪਾਉਣ ਤਾਂ ਜੋ ਪੰਜਾਬ ਨੂੰ ਮੁੜ
ਉਸਾਰੂ ਲੀਹਾਂ ਤੇ ਲਿਆਂਦਾ ਜਾ ਸਕੇ। ਪੰਥਕ ਦਲਾਂ ਦੇ ਇਲਾਵਾ ਹੋਰ ਕੋਈ ਵੀ ਪਾਰਟੀ
ਪੰਜਾਬ ਲਈ ਸੁਹਿਰਦ ਨਹੀਂ ਜਾਪਦੀ ਤੇ ਸਿੱਖਾਂ ਦੀ ਏਕਤਾ ਤੋਂ ਬਿਨਾ ਪੰਜਾਬ ਦੀ ਸੱਤਾ
ਤੁਹਾਡੇ ਹੱਥ ਨਹੀਂ ਆ ਸਕਦੀ। ਇਸ ਏਕਤਾ ਨੂੰ ਸੰਭਵ ਬਨਾਉਣ ਲਈ ਪੰਥਕ ਸੰਸਥਾਵਾਂ ਦੀ
ਸਮਰੱਥਾ ਮੁਤਾਬਕ ਉਹਨਾਂ ਨੂੰ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ
ਕਮੇਟੀ ਵਿੱਚ ਸਨਮਾਨਯੋਗ ਸਥਾਨ ਦਿੱਤਾ ਜਾਵੇ।
ਉਹਨਾਂ ਹੋਰ ਕਿਹਾ, ਕਿ 2003 ਵਿੱਚ ਜਾਰੀ ਕੀਤੇ ਗਏ ਮੂਲ ਨਾਨਕਸ਼ਾਹੀ ਕੈਲੰਡਰ ਬਾਰੇ
ਮੀਡੀਆ ਵਿੱਚ ਬਹੁਤ ਚਰਚਾ ਹੋ ਚੁੱਕੀ ਹੈ, ਲੋੜ ਮੁਤਾਬਕ ਇਸ ਵਿੱਚ ਜ਼ਰੂਰੀ ਸੋਧਾਂ ਕਰਕੇ
ਇਹ ਕੈਲੰਡਰ ਲਾਗੂ ਕਰਨਾ ਚਾਹੀਦਾ ਹੈ ਇਹ ਵੀ ਪੰਥਕ ਏਕਤਾ ਲਈ ਸਹਾਈ ਹੋ ਸਕਦਾ ਹੈ। ਯੂ
ਕੇ, ਯੂਰਪ, ਅਮਰੀਕਾ ਤੇ ਕੈਨੇਡਾ ਵਿੱਚ ਬਹੁਤ ਸਾਰੇ ਗੁਰਦੁਆਰਾ ਸਾਹਿਬਾਂ, ਅਖੰਡ
ਕੀਰਤਨੀ ਜਥਾ, ਸਿੰਘ ਸਭਾਵਾਂ ਅਤੇ ਪਾਕਿਸਤਾਨ ਗੁਰਦੁਆਰਾ ਕਮੇਟੀ ਵੱਲੋਂ ਮੂਲ ਨਾਨਕਸ਼ਾਹੀ
ਕੈਲੰਡਰ ਹੀ ਅਪਣਾਇਆ ਗਿਆ ਹੈ, ਜਿਸ ਅਨੁਸਾਰ ਹਰ ਸਾਲ 5 ਜਨਵਰੀ ਨੂੰ ਸ੍ਰੀ ਗੁਰੂ
ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਜਾਂਦਾ ਹੈ।