2024 ਦਾ ਸੰਕਲਪ: ਸਿਹਤ ਨੂੰ ਮਿਲੇ ਵਧੇਰੇ ਕਵਰੇਜ

ਅਜੋਕੇ ਸਮਿਆਂ ਵਿਚ ਸਿਹਤ ਮਹੱਤਵਪੂਰਨ ਵਿਸ਼ਾ ਬਣ ਗਿਆ ਹੈ। ਇਸਦੇ ਬਹੁਤ ਸਾਰੇ ਕਾਰਨ ਹਨ। ਇਸੇ ਲਈ ਮਾਹਿਰ ਡਾਕਟਰਾਂ ਨੇ, ਵਿਸ਼ੇਸ਼ ਕਰਕੇ ਸੇਵਾ-ਮੁਕਤ ਡਾਕਟਰਾਂ ਨੇ ਸਿਹਤ ਸਬੰਧੀ ਮੁਢਲੀ ਤੇ ਮਹੱਤਵਪੂਰਨ ਜਾਣਕਾਰੀ ਵਾਲੀਆਂ ਵੀਡੀਓ ਸੋਸ਼ਲ ਮੀਡੀਆ ʼਤੇ ਸਾਂਝੀਆਂ ਕਰਨੀਆਂ ਸ਼ੁਰੂ ਕੀਤੀਆਂ ਹਨ। ਸੇਵਾ ਭਾਵਨਾ ਨਾਲ ਕੰਮ ਕਰਨ ਵਾਲੇ ਡਾਕਟਰਾਂ ਨੇ ਆਪਣੀਆਂ ਲੰਮੀਆਂ ਇੰਟਰਵਿਊ ਵੱਖ ਵੱਖ ਚੈਨਲਾਂ ਰਾਹੀਂ ਲੋਕਾਂ ਤੱਕ ਪਹੁੰਚਾਈਆਂ ਹਨ। ਜਿਨ੍ਹਾਂ ਨੂੰ ਸੁਣ ਕੇ ਵੱਖ ਵੱਖ ਬਮਾਰੀਆਂ ਸਬੰਧੀ ਇਕ ਸਮਝ ਵਿਕਸਤ ਹੁੰਦੀ ਹੈ। ਅਜਿਹੀਆਂ ਇੰਟਰਵਿਊ ਰਾਹੀਂ ਖ਼ਾਸ ਤੌਰ ʼਤੇ ਸਿਹਤਮੰਦ ਖੁਰਾਕ ਅਤੇ ਸਿਹਤਮੰਦ ਜੀਵਨ-ਸ਼ੈਲੀ ਪ੍ਰਤੀ ਸੁਚੇਤ ਕੀਤਾ ਗਿਆ ਹੁੰਦਾ ਹੈ। ਯੂ ਟਿਊਬ ʼਤੇ ਅਜਿਹੀਆਂ ਸੈਂਕੜੇ ਜਾਣਕਾਰੀ ਭਰਪੂਰ ਵੀਡੀਓ ਉਪਲਬਧ ਹਨ।

ਪਰੰਤੂ ਮੁੱਖ ਟੈਲੀਵਿਜ਼ਨ ਚੈਨਲ ਇਸ ਪੱਖੋਂ ਕਾਫ਼ੀ ਹੱਦ ਤੱਕ ਅਵੇਸਲੇ ਹਨ। ਉਹ ਵਧੇਰੇ ਸਮਾਂ ਰਾਜਨੀਤਕ ਖ਼ਬਰਾਂ ਨੂੰ ਦਿੰਦੇ ਹਨ। ਸਮੇਂ ਦੀ ਲੋੜ ਹੈ ਕਿ ਹਰੇਕ ਟੈਲੀਵਿਜ਼ਨ ਚੈਨਲ ਰੋਜ਼ਾਨਾ ਇਕ ਪ੍ਰੋਗਰਾਮ ਸਿਹਤ ਸਬੰਧੀ ਪ੍ਰਸਾਰਿਤ ਕਰੇ। ਕਿਉਂ ਕਿ ਜਿਵੇਂ ਜਿਵੇਂ ਜ਼ਿੰਦਗੀ ਦੀ ਰਫ਼ਤਾਰ ਤੇਜ਼ ਹੁੰਦੀ ਜਾ ਰਹੀ ਹੈ ਕਾਹਲ ਅਤੇ ਭੱਜ ਦੌੜ ਵੱਧਦੀ ਜਾ ਰਹੀ ਹੈ। ਕੰਮ ਦੇ ਬੋਝ ਅਤੇ ਅਨਿਸਚਤ ਭਵਿੱਖ ਕਾਰਨ ਚਿੰਤਾ, ਡਰ ਅਤੇ ਤਣਾਅ ਵੱਧਦਾ ਜਾ ਰਿਹਾ ਹੈ ਤਿਵੇਂ ਤਿਵੇਂ ਮਨੁੱਖ ਤਰ੍ਹਾਂ ਤਰ੍ਹਾਂ ਦੀਆਂ ਮਾਨਸਿਕ ਸਰੀਰਕ ਬਿਮਾਰੀਆਂ ਵਿਚ ਘਿਰਦਾ ਜਾ ਰਿਹਾ ਹੈ। ਖ਼ੁਰਾਕੀ ਵਸਤੂਆਂ ਵਿਚ ਮਿਲਾਵਟ ਹੈ। ਹਵਾ, ਪਾਣੀ, ਜ਼ਮੀਨ ਪ੍ਰਦੂਸ਼ਿਤ ਹੋ ਗਏ ਹਨ, ਨਤੀਜੇ ਵਜੋਂ ਹਰ ਗਲੀ ਹਰ ਮੋੜ ʼਤੇ ਹਸਪਤਾਲ ਖੁੱਲ੍ਹ ਗਏ ਹਨ। ਹਰੇਕ ਹਸਪਤਾਲ ਵਿਚ ਮਰੀਜ਼ਾਂ ਦੀਆਂ ਭੀੜਾਂ ਹਨ।

ਇਕ ਪਾਸੇ ਸਿਹਤਮੰਦ ਖ਼ੁਰਾਕ ਪ੍ਰਤੀ ਚੇਤੰਨਤਾ ਦੀ ਘਾਟ ਹੈ, ਦੂਸਰੇ ਪਾਸੇ ਇਕ ਵੱਡਾ ਵਰਗ ਅਜਿਹਾ ਹੈ ਸਿਹਤਮੰਦ ਖੁਰਾਕ ਜਿਸਦੀ ਪਹੁੰਚ ਤੋਂ ਬਾਹਰ ਹੈ। ਅਜਿਹੇ ਸਮੇਂ ਡਾਕਟਰਾਂ, ਖ਼ੁਰਾਕ-ਮਾਹਿਰਾਂ ਅਤੇ ਮੀਡੀਆ ਦੀ ਜ਼ਿੰਮੇਵਾਰੀ ਹੋਰ ਵੱਧ ਜਾਂਦੀ ਹੈ ਕਿ ਲੋਕਾਂ ਨੂੰ ਵਿਸ਼ੇਸ਼ ਕਰਕੇ ਮਰੀਜ਼ਾਂ ਨੂੰ ਸਮੇਂ ਸਮੇਂ ਸੁਚੇਤ ਕਰਦੇ ਰਹਿਣ।

ਮੀਡੀਆ ਨੂੰ ਚਾਹੀਦਾ ਹੈ ਕਿ ਸਿਹਤ ਨੂੰ ਬਿਹਤਰ ਬਨਾਉਣ ਸਬੰਧੀ ਪਾਠਕਾਂ, ਸਰੋਤਿਆਂ ਅਤੇ ਦਰਸ਼ਕਾਂ ਨੂੰ ਜਾਣਕਾਰੀ ਮੁਹੱਈਆ ਕਰਦਾ ਰਹੇ। ਜਿਨ੍ਹਾਂ ਅਧਿਕਾਰੀਆਂ, ਨੇਤਾਵਾਂ ਨੇ ਨੀਤੀਆਂ ਘੜਨੀਆਂ ਹੁੰਦੀਆਂ ਹਨ, ਮੀਡੀਆ ਰਾਹੀਂ ਉਨ੍ਹਾਂ ਨੂੰ ਲੋਕਾਂ ਦੇ ਰੂਬਰੂ ਕਰਦੇ ਰਹਿਣਾ ਚਾਹੀਦਾ ਹੈ। ਸਿਹਤ ਸਬੰਧੀ ਸੁਝਾਅ ਸੰਖੇਪ ਵਿਚ ਦਿੱਤੇ ਜਾਣੇ ਚਾਹੀਦੇ ਹਨ। ਸਿਹਤ ਨਾਲ ਜੁੜੇ ਮੁੱਦਿਆਂ, ਮਸਲਿਆਂ ਸਬੰਧੀ ਲੋਕਾਂ ਅਤੇ ਅਧਿਕਾਰੀਆਂ ਨਾਲ ਅਕਸਰ ਗੱਲਬਾਤ ਹੋਣੀ ਚਾਹੀਦੀ ਹੈ। ਸਿਹਤ ਸਰਗਰਮੀਆਂ ਅਤੇ ਸਿਹਤ ਸਬੰਧੀ ਜਾਣਕਾਰੀ ਨੂੰ ਪ੍ਰਮੁੱਖਤਾ ਨਾਲ ਉਭਾਰਿਆ ਜਾਣਾ ਚਾਹੀਦਾ ਹੈ। ਇੰਝ ਕਰਕੇ ਹੀ ਮੀਡੀਆ ਸਿਹਤ ਦੇ ਪ੍ਰਸੰਗ ਵਿਚ ਆਪਣੀ ਭੂਮਿਕਾ ਨੂੰ ਜ਼ਿੰਮੇਵਾਰੀ ਨਾਲ ਨਿਭਾ ਸਕਦਾ ਹੈ। ਅਜਿਹੀ ਸਲਾਹ ਅਤੇ ਹਦਾਇਤਾਂ ਵਿਸ਼ਵ ਸਿਹਤ ਸੰਸਥਾ ਦੁਆਰਾ ਵੀ ਜਾਰੀ ਕੀਤੀਆਂ ਗਈਆਂ ਹਨ।

ਕਿਸੇ ਵੀ ਸਿਹਤ-ਸੰਕਟ ਸਮੇਂ ਲੋਕ ਸੱਭ ਤੋਂ ਪਹਿਲਾਂ ਮੀਡੀਆ ਵੱਲ ਵੇਖਦੇ ਹਨ। ਕੀ ਕਰਨਾ ਹੈ, ਕੀ ਨਹੀਂ ਕਰਨਾ ਹੈ? ਅਜਿਹੀ ਮੁਢਲੀ ਤੇ ਬੁਨਿਆਦੀ ਜਾਣਕਾਰੀ ਸੱਭ ਤੋਂ ਪਹਿਲਾਂ ਟੈਲੀਵਿਜ਼ਨ ਤੋਂ ਹੀ ਮਿਲਦੀ ਹੈ।

ਸਿਹਤ ਸਿੱਖਿਆ ਅਤੇ ਸਿਹਤ ਜਾਣਕਾਰੀ ਮੁਹੱਈਆ ਕਰਨ ਵਿਚ ਮੀਡੀਆ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਰਿਹਾ ਹੈ ਅਤੇ ਅਜੋਕੇ ਸਮਿਆਂ ਵਿਚ ਇਹ ਭੂਮਿਕਾ ਹੋਰ ਸ਼ਿੱਦਤ ਨਾਲ ਨਿਭਾਉਣ ਦੀ ਲੋੜ ਹੈ ਕਿਉਂ ਕਿ ਰੇਡੀਓ, ਟੈਲੀਵਿਜ਼ਨ ʼਤੇ ਵੇਖ ਸੁਣ ਕੇ ਅਤੇ ਅਖ਼ਬਾਰਾਂ ਵਿਚ ਪੜ੍ਹ ਕੇ ਸਰੋਤਿਆਂ, ਦਰਸ਼ਕਾਂ ਅਤੇ ਪਾਠਕਾਂ ਦਾ ਬਿਹਤਰ ਸਿਹਤ ਨੂੰ ਪ੍ਰਾਪਤ ਕਰਨ ਦਾ ਨਜ਼ਰੀਆ ਤੇ ਵਿਹਾਰ ਬਦਲ ਜਾਂਦਾ ਹੈ। ਇਸ ਲਈ ਬਿਮਾਰੀਆਂ ਤੋਂ ਬਚਾਅ, ਬਿਮਾਰੀਆਂ ਦੇ ਇਲਾਜ ਅਤੇ ਚੰਗੀ ਸਿਹਤ ਦੀ ਪ੍ਰਾਪਤੀ ਦੇ ਢੰਗ ਤਰੀਕਿਆਂ ਦੀ ਗੱਲ ਵਧੇਰੇ ਹੋਣੀ ਚਾਹੀਦੀ ਹੈ।

ਹੁਣ ਸਰਕਾਰਾਂ ਵੀ ਗੰਭੀਰ ਬਿਮਾਰੀਆਂ ਪ੍ਰਤੀ ਲੋਕਾਂ ਨੂੰ ਜਾਗ੍ਰਿਤ ਕਰਨ ਅਤੇ ਮੁਢਲੀ ਜਾਣਕਾਰੀ ਮੁਹੱਈਆ ਕਰਨ ਖਾਤਰ ਵੱਖ ਵੱਖ ਤਰ੍ਹਾਂ ਦੇ ਮੀਡੀਆ ਦਾ ਪ੍ਰਯੋਗ ਕਰਦੀਆਂ ਹਨ ਕਿਉਂ ਕਿ ਮੀਡੀਆ ਜਾਣਕਾਰੀ ਮੁਹੱਈਆ ਕਰਨ ਦੇ ਨਾ ਨਾਲ ਨਾਲ ਲੋਕਾਂ ਨੂੰ ਸਿੱਖਿਅਤ ਕਰਦਾ ਹੈ, ਪ੍ਰੇਰਿਤ ਕਰਦਾ ਹੈ, ਉਤਸ਼ਾਹਿਤ ਕਰਦਾ ਹੈ। ਪੋਲੀਓ ਵਰਗੀਆਂ ਬਿਮਾਰੀਆਂ ʼਤੇ ਮੀਡੀਆ ਰਾਹੀਂ ਲਹਿਰ ਪੈਦਾ ਕਰਕੇ ਹੀ ਜਿੱਤ ਹਾਸਲ ਕੀਤੀ ਗਈ ਹੈ।
ਸਮੇਂ ਦੀ ਲੋੜ ਹੈ ਕਿ ਬਿਹਤਰ ਸਿਹਤ-ਸੰਚਾਰ ਸੇਵਾਵਾਂ ਨਾਲ ਜੀਵਨ ਬਸਰ ਕੀਤਾ ਜਾਵੇ। ਸਿਹਤ-ਸੰਚਾਰ ਸਹੂਲਤਾਂ ਦਾ ਮਨੋਰਥ ਕੁਝ ਵਿਸ਼ੇਸ਼ ਬਿਮਾਰੀਆਂ ਤੋਂ ਮੁਕਤ ਹੋਣਾ ਹੀ ਨਹੀਂ ਹੈ ਬਲ ਕਿ ਵੱਧ ਤੋਂ ਵੱਧ ਸਿਹਤ ਚੇਤੰਨਤਾ ਨਾਲ ਜ਼ਿੰਦਗੀ ਜਿਊਣਾ ਵੀ ਹੈ।

ਇਹ ਵੀ ਜ਼ਰੂਰੀ ਹੈ ਕਿ ਮੀਡੀਆ ਦੁਆਰਾ ਦਿੱਤੀ ਜਾਣ ਵਾਲੀ ਜਾਣਕਾਰੀ ਸਹੀ ਅਤੇ ਤੱਥਾਂ ʼਤੇ ਆਧਾਰਿਤ ਹੋਵੇ ਅਤੇ ਪ੍ਰਭਾਵਤ ਤੇ ਪੀੜਤ ਲੋਕਾਂ ਤੱਕ ਜ਼ਰੂਰ ਪਹੁੰਚੇ। ਉਹ ਸਮਝਣ ਯੋਗ ਹੋਵੇ। ਵਾਰ ਵਾਰ ਦੁਹਰਾਈ ਜਾਵੇ ਤਾਂ ਜੋ ਸੰਚਾਰ-ਸਮੱਸਿਆ ਤੋਂ ਬਚਿਆ ਜਾ ਸਕੇ।

ਪ੍ਰੋ. ਕੁਲਬੀਰ ਸਿੰਘ