ਕੈਨੇਡਾ ਦੇ ਥੀਏਟਰਾਂ ‘ਚ ਹਿੰਦੀ ਫ਼ਿਲਮ ਸ਼ੋਅ ਦੌਰਾਨ ਚੱਲੇ ਸਟਿੰਕ ਬੰਬ, ਥੀਏਟਰ ਖਾਲੀ ਕਰਵਾਏ

ਕੈਨੇਡਾ ਦੇ ਥੀਏਟਰਾਂ ‘ਚ ਹਿੰਦੀ ਫ਼ਿਲਮ ਸ਼ੋਅ ਦੌਰਾਨ ਸਟਿੰਕ ਬੰਬ ਵਰਤੇ ਗਏ। ਇਸ ਮਗਰੋਂ ਥੀਏਟਰ ਖਾਲੀ ਕਰਵਾ ਲਏ ਗਏ। ਹਿੰਦੀ ਫਿਲਮਾਂ ਦੀ ਸਕ੍ਰੀਨਿੰਗ ਦੌਰਾਨ ਬਦਬੂਦਾਰ ਹਾਨੀਕਾਰਕ ਸਟਿੰਕ ਬੰਬਾਂ ਦਾ ਛਿੜਕਾਅ ਕੀਤਾ ਗਿਆ। ਇਸ ਤੋਂ ਬਾਅਦ ਕੈਨੇਡਾ ਦੇ ਤਿੰਨ ਮਲਟੀਪਲੈਕਸ ਸਿਨੇਮਾਘਰਾਂ ਨੂੰ ਖਾਲੀ ਕਰਵਾ ਲਿਆ ਗਿਆ। ਜਦੋਂ ਇਹ ਘਟਨਾ ਵਾਪਰੀ ਤਾਂ ਸਿਨੇਮਾਘਰਾਂ ਵਿੱਚ ਹਿੰਦੀ ਫਿਲਮਾਂ ਐਨੀਮਲ, ਸੈਮ ਬਹਾਦਰ ਤੇ ਟਾਈਗਰ-3 ਦਿਖਾਈਆਂ ਜਾ ਰਹੀਆਂ ਸਨ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚ ਗਈ। ਪੁਲਿਸ ਨੇ ਦੋ ਸ਼ੱਕੀਆਂ ਦੀਆਂ ਤਸਵੀਰਾਂ ਵੀ ਜਾਰੀ ਕੀਤੀਆਂ ਹਨ।

ਸਥਾਨਕ ਪੁਲਿਸ ਮੁਤਾਬਕ ਯੌਰਕ ਤੋਂ ਇਲਾਵਾ ਟੋਰਾਂਟੋ ਤੇ ਬਰੈਂਪਟਨ ਵਿੱਚ ਵੀ ਇਹ ਘਟਨਾ ਸਾਹਮਣੇ ਆਈ ਹੈ। ਯੌਰਕ ਰੀਜਨਲ ਪੁਲਿਸ ਨੇ 5 ਦਸੰਬਰ ਦੀ ਸ਼ਾਮ ਨੂੰ ਵਾਨ ਸਿਨੇਮਾ ਵਿਖੇ ਅਣਪਛਾਤੇ ਪਦਾਰਥ ਦਾ ਛਿੜਕਾਅ ਕੀਤੇ ਜਾਣ ਤੋਂ ਬਾਅਦ ਸ਼ੱਕੀਆਂ ਦੀਆਂ ਤਸਵੀਰਾਂ ਜਾਰੀ ਕੀਤੀਆਂ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਪੁਲਿਸ ਨੇ ਅਜੇ ਤੱਕ ਕਿਸੇ ਨੂੰ ਗ੍ਰਿਫ਼ਤਾਰ ਨਹੀਂ ਕੀਤਾ। ਸਥਾਨਕ ਮੀਡੀਆ ਰਿਪੋਰਟਾਂ ਦੇ ਅਨੁਸਾਰ, ਇਹ ਘਟਨਾ ਸਿਲਵਰਸਿਟੀ ਬਰੈਂਪਟਨ ਸਿਨੇਮਾਜ਼, ਸਿਨੇਪਲੇਕਸ ਸਿਨੇਮਾਜ਼ ਸਕਾਰਬੋਰੋ ਤੇ ਵੌਨ ਥੀਏਟਰ ਵਿੱਚ ਵਾਪਰੀ।