ਵੱਖਵਾਦੀ ਗੁਰਪਤਵੰਤ ਸਿੰਘ ਪੰਨੂ ਦੇ ਕਤਲ ਦੀ ਸਾਜ਼ਸ਼ ਦੀ ਜਾਂਚ ਲਈ ਅਮਰੀਕੀ ਅਧਿਕਾਰੀ ਭਾਰਤ ਆਉਣ ਵਾਲੇ ਹਨ। ਅਮਰੀਕਾ ਨੇ ਦਾਅਵਾ ਕੀਤਾ ਕਿ ਇਕ ਭਾਰਤੀ ਨਾਗਰਿਕ ਨੇ ਅਤਿਵਾਦੀ ਗੁਰਪਤਵੰਤ ਸਿੰਘ ਪੰਨੂ ਨੂੰ ਮਾਰਨ ਦੀ ਸਾਜ਼ਸ਼ ਰਚੀ ਸੀ। ਇਸ ਨਾਲ ਹੀ ਭਾਰਤ ਸਰਕਾਰ ਦੇ ਕੁੱਝ ਅਣਪਛਾਤੇ ਅਧਿਕਾਰੀ ਦੀ ਸ਼ਮੂਲੀਅਤ ਦੇ ਵੀ ਦੋਸ਼ ਲਾਏ ਗਏ।
ਫ਼ੈਡਰਲ ਬਿਊਰੋ ਆਫ਼ ਇਨਵੈਸਟੀਗੇਸ਼ਨ (ਐਫ਼ਬੀਆਈ) ਦੇ ਡਾਇਰੈਕਟਰ ਕਿ੍ਰਸਟੋਫਰ ਰੇਅ ਦੇ ਅਗਲੇ ਹਫ਼ਤੇ ਭਾਰਤ ਆਉਣ ਦੀ ਸੰਭਾਵਨਾ ਹੈ। ਭਾਰਤ ਨੇ ਵੀ ਇਸ ਮਾਮਲੇ ਨੂੰ ਲੈ ਕੇ ਤਿਆਰੀ ਕਰ ਲਈ ਹੈ। ਸੂਤਰਾਂ ਮੁਤਾਬਕ ਰਾਸਟਰੀ ਜਾਂਚ ਏਜੰਸੀ (ਐਨ.ਆਈ.ਏ.) ਭਾਰਤੀ ਪੱਖ ਤੋਂ ਇਸ ਮੁੱਦੇ ਨੂੰ ਉਠਾਉਣ ਜਾ ਰਹੀ ਹੈ। ਸੂਤਰਾਂ ਨੇ ਕਿਹਾ ਕਿ ਰੇਅ ਦੇ ਭਾਰਤ ਦੌਰੇ ਦੌਰਾਨ ਰਾਸ਼ਟਰੀ ਰਾਜਧਾਨੀ ਵਿਚ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਅਤੇ ਐਨਆਈਏ ਦੋਵਾਂ ਦੇ ਅਧਿਕਾਰੀਆਂ ਨਾਲ ਮੁਲਾਕਾਤ ਕਰਨ ਦੀ ਉਮੀਦ ਹੈ।
ਅਮਰੀਕੀ ਸੰਸਦ ਮੈਂਬਰਾਂ ਨੇ ਭਾਰਤ ਦੀ ਕੀਤੀ ਆਲੋਚਨਾ
ਅਮਰੀਕਾ ਦੇ ਸੰਸਦ ਮੈਂਬਰਾਂ ਦੇ ਇਕ ਸਮੂਹ ਨੇ ਨਿਊਯਾਰਕ ਵਿਚ ਇਕ ਸਿੱਖ ਵੱਖਵਾਦੀ ਨੇਤਾ ਦੇ ਕਤਲ ਦੀ ਸਾਜ਼ਸ਼ ਵਿਚ ਇਕ ਭਾਰਤੀ ਅਧਿਕਾਰੀ ਦੇ ਸ਼ਾਮਲ ਹੋਣ ਦੇ ਦੋਸ਼ਾਂ ਤੋਂ ਬਾਅਦ ਭਾਰਤ ਦੀ ਆਲੋਚਨਾ ਕੀਤੀ ਹੈ। ਅਮਰੀਕੀ ਵਕੀਲਾਂ ਨੇ ਇਕ ਭਾਰਤੀ ਅਧਿਕਾਰੀ ਦੇ ਉਸ ਵਿਅਕਤੀ ਨਾਲ ਸਬੰਧਾਂ ਦਾ ਪ੍ਰਗਟਾਵਾ ਕੀਤਾ ਹੈ ਜਿਸ ’ਤੇ ਕਤਲ ਦੀ ਸਾਜ਼ਸ਼ ਰਚਣ ਦਾ ਦੋਸ਼ ਹੈ। ਸੰਸਦ ਮੈਂਬਰਾਂ ਨੇ ਇਹ ਗੱਲ ਵਿਦੇਸ਼ ਸਬੰਧਾਂ ਬਾਰੇ ਸੰਸਦੀ ਕਮੇਟੀ ਵਲੋਂ ‘ਅੰਤਰਰਾਸ਼ਟਰੀ ਕੰਟਰੋਲ: ਅਧਿਕਾਰਾਂ ਅਤੇ ਸੁਰੱਖਿਆ ਲਈ ਇਕ ਗਲੋਬਲ ਖ਼ਤਰਾ’ ਵਿਸ਼ੇ ’ਤੇ ਆਯੋਜਤ ਇਕ ਸਮਾਗਮ ਵਿਚ ਕਹੀ।
ਇਸ ਦਾ ਆਯੋਜਨ ਚੀਨ ਨੂੰ ਕੇਂਦਰ ਵਿਚ ਰੱਖ ਕੇ ਕੀਤਾ ਗਿਆ ਸੀ ਪਰ ਕੈਨੇਡਾ ਅਤੇ ਅਮਰੀਕਾ ਦੇ ਦੋਸ਼ਾਂ ਦੇ ਸਬੰਧ ਵਿਚ ਭਾਰਤ ਦਾ ਕਈ ਵਾਰ ਜ਼ਿਕਰ ਕੀਤਾ ਗਿਆ। ਕਮੇਟੀ ਦੇ ਚੇਅਰਮੈਨ ਐਮ.ਪੀ ਬੇਨ ਕਾਰਡਿਨ ਨੇ ਕਿਹਾ, “ਅਸੀਂ ਨਿਊਯਾਰਕ ਵਿਚ ਇਕ ਅਮਰੀਕੀ ਨਾਗਰਿਕ ਦੇ ਕਤਲ ਦੀ ਯੋਜਨਾ ਵਿਚ ਭਾਰਤ ਸਰਕਾਰ ਦੇ ਇਕ ਅਧਿਕਾਰੀ ਦੇ ਸ਼ਾਮਲ ਹੋਣ ਦੇ ਦੋਸ਼ਾਂ ਬਾਰੇ ਸੁਣਿਆ ਹੈ। ਕੈਨੇਡੀਅਨ ਵੱਖਵਾਦੀ ਸਿੱਖ ਨੇਤਾ ਦੇ ਕਤਲ ਵਿਚ ਭਾਰਤ ਦੀ ਸ਼ਮੂਲੀਅਤ ਦੇ ਦੋਸ਼ਾਂ ਤੋਂ ਬਾਅਦ ਅਜਿਹੇ ਦੋਸ਼ ਫਿਰ ਤੋਂ ਸਾਹਮਣੇ ਆਏ ਹਨ ਅਤੇ ਸਾਲ ਦੇ ਸ਼ੁਰੂ ਵਿਚ ਭਾਰਤ ਸਰਕਾਰ ਨੇ ਦੋਵਾਂ ਕੱਟੜਪੰਥੀ ਸਮੂਹਾਂ ਦੇ ਨੇਤਾਵਾਂ ਨੂੰ ਅਤਿਵਾਦੀ ਐਲਾਨ ਕੀਤਾ ਸੀ।’’
ਡੈਮੋਕ੍ਰੇਟਿਕ ਸੰਸਦ ਮੈਂਬਰ ਟਿਮ ਕੇਨ ਨੇ ਕਿਹਾ, ‘ਅਸੀਂ ਅਕਸਰ ਕਹਿੰਦੇ ਹਾਂ ਕਿ ਅਸੀਂ ਦੁਨੀਆਂ ਦਾ ਸੱਭ ਤੋਂ ਪੁਰਾਣਾ ਲੋਕਤੰਤਰੀ ਦੇਸ਼ ਹਾਂ ਅਤੇ ਭਾਰਤ ਦੁਨੀਆਂ ਦਾ ਸੱਭ ਤੋਂ ਵੱਡਾ ਲੋਕਤੰਤਰੀ ਦੇਸ਼ ਹੈ। ਪਰ ਇਹ ਇਕ ਸਨਮਾਨਜਨਕ ਲੋਕਤੰਤਰ ਦਾ ਵਤੀਰਾ ਨਹੀਂ।’’