ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਸਾਬਕਾ ਪ੍ਰਧਾਨ ਸਿੱਖ ਸਟੂਡੈਂਟਸ ਫੈਡਰੇਸ਼ਨ ਕਰਨੈਲ ਸਿੰਘ ਪੀਰ ਮੁਹੰਮਦ ਨੇ ਆਪਣੀ ਅੰਮ੍ਰਿਤਸਰ ਫ਼ੇਰੀ ਦੌਰਾਨ ‘ਬੰਦੀ ਸਿੰਘਾਂ’ ਦੇ ਕੇਸਾਂ ਸਬੰਧੀ ਗੰਭੀਰ ਚਿੰਤਾ ਦਾ ਪ੍ਰਗਟਾਵਾ ਕੀਤਾ ਹੈ।
ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਦੱਸਿਆ ਕਿ ਬੀਤੇ ਦਿਨੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਹੇਠ ਸਮੂਹ ਸਿੱਖ ਫੈਡਰੇਸ਼ਨਾਂ ਦੀ ਮੀਟਿੰਗ ਹੋਈ। ‘ਬੰਦੀ ਸਿੰਘਾਂ’ ਦੀ ਰਿਹਾਈ ਨੂੰ ਲੈ ਕੇ ਸਮੁੱਚੀ ਸਿੱਖ ਕੌਮ ਡੂੰਘੀ ਚਿੰਤਾ ਵਿੱਚ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਫੈਡਰੇਸ਼ਨ ਆਗੂ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਉਲੀਕੇ ਗਏ ਭਵਿੱਖੀ ਪ੍ਰੋਗਰਾਮਾਂ ਨੂੰ ਬੇਹੱਦ ਸੰਜੀਦਗੀ ਨਾਲ ਲਿਆ ਜਾ ਰਿਹਾ ਹੈ ਅਤੇ ਭਵਿੱਖ ਵਿੱਚ ਉਲੀਕੇ ਗਏ ਪ੍ਰੋਗਰਾਮਾਂ ਦੀ ਹਰ ਤਰ੍ਹਾਂ ਨਾਲ ਪਾਲਣਾ ਕੀਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਸਿੱਖ ਏਕਤਾ ਵਿਰੁੱਧ ਫੁੱਟ ਪਾਉਣ ਵਾਲੀਆਂ ਤਾਕਤਾਂ ਕੰਮ ਕਰ ਰਹੀਆਂ ਹਨ, ਪਰ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਨੇ ਕਮਾਲ ਦੀ ਏਕਤਾ ਦਿਖਾਈ ਹੈ। ਐਡਵੋਕੇਟ ਧਾਮੀ ਦੀ ਅਗਵਾਈ ਹੇਠ, ਫੈਡਰੇਸ਼ਨਾਂ ਨੂੰ ਭੰਗ ਕਰਕੇ ਹੁਣ ਇੱਕ ਰਲੇਵਾਂ ਕਰ ਦਿੱਤਾ ਗਿਆ ਹੈ ਅਤੇ ਉਨ੍ਹਾਂ ਨੂੰ ਨਵਾਂ ਢਾਂਚਾ ਸਥਾਪਤ ਕਰਨ ਦਾ ਅਧਿਕਾਰ ਦਿੱਤਾ ਹੈ। ਫੈਡਰੇਸ਼ਨ ਦੇ ਸਾਰੇ ਆਗੂਆਂ ਨੇ ਆਪਣੀ ਮਰਜ਼ੀ ਨਾਲ ਇਹ ਅਧਿਕਾਰ ਦਿੱਤੇ ਹਨ।
ਸ੍ਰ. ਪੀਰ ਮੁਹੰਮਦ ਨੇ ਬੰਦੀ ਸਿੰਘਾਂ ਦੀ ਰਿਹਾਈ ਲਈ ਅਟੁੱਟ ਵਚਨਬੱਧਤਾ ਪ੍ਰਗਟਾਈ, ਸਿੱਖ ਪੰਥ ਦੁਆਰਾ ਸੌਂਪੀ ਗਈ ਹਰ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਈ ਜਾਵੇਗੀ।
ਇਸ ਮੌਕੇ ਸੁਖਵਿੰਦਰ ਸਿੰਘ ਲਾਡੀ ਅਤੇ ਨਰਿੰਦਰ ਸਿੰਘ ਐਮ.ਜੀ.ਏ ਨਿਸ਼ਾਨ ਸਾਹਿਬ ਵਾਲੇ ਵੱਲੋਂ ਸ੍ਰ. ਕਰਨੈਲ ਸਿੰਘ ਪੀਰ ਮੁਹੰਮਦ ਦਾ ਵਿਸ਼ੇਸ਼ ਤੌਰ ’ਤੇ ਸਨਮਾਨ ਕੀਤਾ ਗਿਆ। ਸ੍ਰ. ਦਮਨਜੀਤ ਸਿੰਘ ਸਾਬਕਾ ਓਐਸਡੀ ਐਮਪੀ ਖਡੂਰ ਸਾਹਿਬ, ਸ੍ਰ. ਦਵਿੰਦਰ ਸਿੰਘ ਸਮੇਤ ਹੋਰ ਵੀ ਸ਼ਖ਼ਸੀਅਤਾਂ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ।