ਕੈਨੇਡਾ ਦੇ ਡਰਹਮ ਇਲਾਕੇ ਅਤੇ ਗ੍ਰੇਟਰ ਟੋਰਾਂਟੋ ਇਲਾਕੇ ’ਚ ਹਿੰਦੂ ਮੰਦਰਾਂ ’ਚੋਂ ਚੋਰੀ ਕਰਨ ਦੇ ਦੋਸ਼ ’ਚ 41 ਸਾਲਾ ਭਾਰਤੀ-ਕੈਨੇਡੀਅਨ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪੁਲਿਸ ਨੇ ਇਹ ਜਾਣਕਾਰੀ ਦਿਤੀ। ਡਰਹਮ ਪੁਲਿਸ ਨੇ ਵੀਰਵਾਰ ਨੂੰ ਇਕ ਪ੍ਰੈਸ ਬਿਆਨ ’ਚ ਕਿਹਾ ਕਿ ਇਹ ਨਫ਼ਰਤੀ ਅਪਰਾਧ ਦੇ ਮਾਮਲੇ ਨਹੀਂ ਜਾਪਦੇ। ਪੁਲਿਸ ਨੇ ਮੁਲਜ਼ਮ ਦੀ ਪਛਾਣ ਬਰੈਂਪਟਨ ਸ਼ਹਿਰ ਦੇ ਵਸਨੀਕ ਜਗਦੀਸ਼ ਪੰਧੇਰ ਵਜੋਂ ਕੀਤੀ ਹੈ।
ਇਕ ਪ੍ਰੈਸ ਬਿਆਨ ਅਨੁਸਾਰ, ਪੁਲਿਸ ਨੇ ਉਨ੍ਹਾਂ ਰੀਪੋਰਟਾਂ ’ਤੇ ਕਾਰਵਾਈ ਕੀਤੀ ਕਿ ਕੋਈ 8 ਅਕਤੂਬਰ ਨੂੰ ਪਿਕਰਿੰਗ ਦੇ ਕ੍ਰੋਸਨੋ ਬੁਲੇਵਾਰਡ ਅਤੇ ਬੇਲੀ ਸਟ੍ਰੀਟ ਦੇ ਖੇਤਰ ’ਚ ਸਥਿਤ ਇਕ ਹਿੰਦੂ ਮੰਦਰ ’ਚ ਦਾਖਲ ਹੋਇਆ ਸੀ। ਨਿਗਰਾਨੀ ਲਈ ਲਗਾਏ ਕੈਮਰਿਆਂ ਦੀ ਫੁਟੇਜ ’ਚ ਪੰਧੇਰ ਨੂੰ ਮੰਦਰ ’ਚ ਘੁਸਪੈਠ ਕਰਦੇ ਅਤੇ ਦਾਨ ਬਕਸੇ ’ਚੋਂ ਨਕਦੀ ਕਢਦੇ ਹੋਏ ਵਿਖਾਇਆ ਗਿਆ ਹੈ।
ਪੁਲਿਸ ਦੇ ਪਹੁੰਚਣ ਤੋਂ ਪਹਿਲਾਂ ਹੀ ਉਹ ਮੌਕੇ ਤੋਂ ਫਰਾਰ ਹੋ ਗਿਆ। ਬਿਆਨ ’ਚ ਕਿਹਾ ਗਿਆ ਹੈ ਕਿ ਉਸ ਦਿਨ ਸਵੇਰੇ ਉਸ ਨੂੰ ਕਈ ਹੋਰ ਫੁਟੇਜ ’ਚ ਪਿਕਰਿੰਗ ਅਤੇ ਅਜਾਕਸ ’ਚ ਹੋਰ ਹਿੰਦੂ ਮੰਦਰਾਂ ’ਚ ਦਾਖਲ ਹੁੰਦੇ ਵੇਖਿਆ ਗਿਆ। ਪੁਲਿਸ ਨੇ ਦਸਿਆ ਕਿ ਮੁਲਜ਼ਮ ਨੇ ਸਾਲ ਭਰ ’ਚ ਕਈ ਹਿੰਦੂ ਮੰਦਰਾਂ ’ਚ ਘੁਸਪੈਠ ਕੀਤੀ ਸੀ। ਉਸ ਨੇ ਡਰਹਮ ਖੇਤਰ ਅਤੇ ਗ੍ਰੇਟਰ ਟੋਰਾਂਟੋ ਖੇਤਰ ਦੇ ਆਸ-ਪਾਸ ਦੇ ਮੰਦਰਾਂ ਵਿਚ ਵੀ ਅਜਿਹਾ ਹੀ ਕੀਤਾ।