ਪੁਲਿਸ ਦੇ ਭੇਸ ‘ਚ ਸਿੱਖ ਯਾਤਰੀਆਂ ਨੂੰ ਲੁੱਟਣ ਵਾਲੇ ਗੈਂਗ ਦਾ ਮੋਢੀ ਕਾਬੂ

ਪਾਕਿਸਤਾਨ ਪੁਲਿਸ ਨੇ ਪੁਲਿਸ ਦੇ ਭੇਸ ਵਿੱਚ ਲਾਹੌਰ ਦੇ ਬਾਜ਼ਾਰ ’ਚ ਸਿੱਖ ਯਾਤਰੀਆਂ ਨੂੰ ਲੁੱਟਣ ਵਾਲੇ ਲੁਟੇਰਿਆਂ ਦੇ ਸਰਗਨਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਲੁਟੇਰੇ ਭਾਰਤੀ ਸਿੱਖ ਪਰਿਵਾਰ ਤੋਂ 250,000 ਭਾਰਤੀ ਰੁਪਏ, 150,000 ਪਾਕਿਸਤਾਨੀ ਰੁਪਏ ਤੇ ਗਹਿਣੇ ਲੁੱਟ ਕੇ ਫ਼ਰਾਰ ਹੋ ਗਏ ਸਨ।

ਕੰਵਲ ਜੀਤ ਸਿੰਘ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਗੁਰੂ ਨਾਨਕ ਦੇਵ ਦੇ ਪ੍ਰਕਾਸ਼ ਪੁਰਬ ਸਮਾਗਮਾਂ ਵਿੱਚ ਸ਼ਾਮਲ ਹੋਣ ਲਈ ਭਾਰਤ ਤੋਂ ਇੱਥੇ ਪੁੱਜੇ ਸਨ। ਇਹ ਸਿੱਖ ਪਰਿਵਾਰ 29 ਨਵੰਬਰ ਨੂੰ ਲਾਹੌਰ ਦੇ ਗੁਲਬਰਗ ਇਲਾਕੇ ਦੀ ਲਿਬਰਟੀ ਮਾਰਕੀਟ ਵਿੱਚ ਖਰੀਦਦਾਰੀ ਕਰਨ ਗਿਆ ਸੀ, ਜਦੋਂ ਸੁਰੱਖਿਆ ਕਲੀਅਰੈਂਸ ਦੇ ਨਾਂ ‘ਤੇ ਪੁਲੀਸ ਦੇ ਭੇਸ ਵਿੱਚ ਆਏ ਲੁਟੇਰਿਆਂ ਨੇ ਉਨ੍ਹਾਂ ਨੂੰ ਰੋਕ ਲਿਆ ਅਤੇ ਗਹਿਣਿਆਂ ਤੋਂ ਇਲਾਵਾ 250,000 ਭਾਰਤੀ ਰੁਪਏ ਅਤੇ 150,000 ਪਾਕਿਸਤਾਨੀ ਕਰੰਸੀ ਲੁੱਟ ਲਈ।