ਡੇਲਾਵੇਅਰ, 23 ਸਤੰਬਰ (ਰਾਜ ਗੋਗਨਾ)-ਅਮਰੀਕਾ ਦੇ ਰਾਜ ਡੇਲਾਵੇਅਰ ਦੇ ਵਿਲਮਿੰਗਟਨ ਵਿੱਚ ਆਯੋਜਿਤ ਕੁਆਡ ਸੰਮੇਲਨ ਨੂੰ ਸੰਬੋਧਨ ਕਰਨ ਤੋਂ ਬਾਅਦ, ਮੈਂਬਰ ਦੇਸ਼ਾਂ ਦੇ ਨੇਤਾਵਾਂ ਨੇ ਕੈਂਸਰ ਮੂਨਸ਼ਾਟ ਈਵੈਂਟ ਵਿੱਚ ਹਿੱਸਾ ਲਿਆ। ਸਮਾਗਮ ਨੂੰ ਸੰਬੋਧਨ ਕਰਦਿਆਂ ਭਾਰਤ ਦੇ ਪ੍ਰਧਾਨ ਮੰਤਰੀ ਮੋਦੀ ਨੇ ਕੈਂਸਰ ਦੀ ਰੋਕਥਾਮ ਲਈ 7.5 ਮਿਲੀਅਨ ਡਾਲਰ ਦੇ ਪੈਕੇਜ ਅਤੇ ਵੈਕਸੀਨ ਦੀਆਂ 4 ਕਰੋੜ ਖੁਰਾਕਾਂ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਭਾਰਤ ਦਾ ਵਿਜ਼ਨ ਹੈ- ਇਕ ਧਰਤੀ, ਅਤੇ ਇਕ ਸਿਹਤ।ਕੈਂਸਰ ਮੂਨਸ਼ਾਟ ਈਵੈਂਟ ‘ਤੇ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, ‘ਮੈਂ ਇਸ ਸਮਾਗਮ ਦੇ ਆਯੋਜਨ ਲਈ ਰਾਸ਼ਟਰਪਤੀ ਬਿਡੇਨ ਨੂੰ ਦਿਲੋਂ ਵਧਾਈ ਦਿੰਦਾ ਹਾਂ। ਇਹ ਕਿਫਾਇਤੀ, ਪਹੁੰਚਯੋਗ ਅਤੇ ਗੁਣਵੱਤਾ ਵਾਲੀ ਸਿਹਤ ਸੰਭਾਲ ਪ੍ਰਦਾਨ ਕਰਨ ਲਈ ਸਾਡੀ ਸਾਂਝੀ ਵਚਨਬੱਧਤਾ ਨੂੰ ਦਰਸਾਉਂਦਾ ਹੈ।
ਕੋਰੋਨਾ ਮਹਾਮਾਰੀ ਦੇ ਦੌਰਾਨ, ਅਸੀਂ ਇੰਡੋ-ਪੈਸੀਫਿਕ ਲਈ ਕਵਾਡ ਵੈਕਸੀਨ ਇਨੀਸ਼ੀਏਟਿਵ ਲਾਂਚ ਕੀਤਾ ਸੀ ਅਤੇ ਮੈਨੂੰ ਖੁਸ਼ੀ ਹੈ ਕਿ ਕਵਾਡ ‘ਤੇ ਅਸੀਂ ਸਰਵਾਈਕਲ ਕੈਂਸਰ ਚੁਣੌਤੀ ਨਾਲ ਮਿਲ ਕੇ ਨਜਿੱਠਣ ਦਾ ਫੈਸਲਾ ਕੀਤਾ ਹੈ।ਉਹਨਾਂ ਆਯੁਸ਼ਮਾਨ ਭਾਰਤ ਯੋਜਨਾ ਦਾ ਵੀ ਜ਼ਿਕਰ ਕੀਤਾ।ਉਨ੍ਹਾਂ ਕਿਹਾ, ‘ਕੈਂਸਰ ਦੇ ਇਲਾਜ ਲਈ ਸਹਿਯੋਗ ਜ਼ਰੂਰੀ ਹੈ। ਭਾਰਤ ਵਿੱਚ ਇੱਕ ਬਹੁਤ ਹੀ ਕਿਫਾਇਤੀ ਸਰਵਾਈਕਲ ਕੈਂਸਰ ਸਕ੍ਰੀਨਿੰਗ ਪ੍ਰੋਗਰਾਮ ਵੱਡੇ ਪੱਧਰ ‘ਤੇ ਚੱਲ ਰਿਹਾ ਹੈ। ਇਸ ਦੇ ਨਾਲ ਹੀ ਭਾਰਤ ਦੁਨੀਆ ਦੀ ਸਭ ਤੋਂ ਵੱਡੀ ਸਿਹਤ ਬੀਮਾ ਯੋਜਨਾ ਚਲਾ ਰਿਹਾ ਹੈ ਅਤੇ ਸਾਰਿਆਂ ਨੂੰ ਸਸਤੇ ਭਾਅ ‘ਤੇ ਦਵਾਈਆਂ ਮੁਹੱਈਆ ਕਰਵਾਉਣ ਲਈ ਵਿਸ਼ੇਸ਼ ਕੇਂਦਰ ਵੀ ਬਣਾਏ ਗਏ ਹਨ।