ਲਖਬੀਰ ਸਿੰਘ ਰੋਡੇ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ !

ਗਰਮਖਿਆਲੀ ਆਗੂ ਲਖਬੀਰ ਸਿੰਘ ਰੋਡੇ ਦੀ ਪਾਕਿਸਤਾਨ ‘ਚ ਮੌਤ ਹੋ ਗਈ ਹੈ। ਲਖਬੀਰ ਸਿੰਘ ਰੋਡੇ ਦੀ ਉਮਰ 72 ਸਾਲ ਸੀ। ਮੀਡੀਆ ਰੀਪੋਰਟਾਂ ਅਨੁਸਾਰ 2 ਦਸੰਬਰ ਨੂੰ ਦਿਲ ਦਾ ਦੌਰਾ ਪੈਣ ਕਾਰਨ ਲਖਬੀਰ ਰੋਡੇ ਦੀ ਮੌਤ ਹੋਈ ਸੀ ਅਤੇ ਪਰਿਵਾਰ ਵਲੋਂ ਅੰਤਿਮ ਸਸਕਾਰ ਕੀਤਾ ਗਿਆ।

ਖ਼ਬਰਾਂ ਅਨੁਸਾਰ ਕੈਨੇਡਾ ‘ਚ ਰਹਿੰਦੇ ਲਖਬੀਰ ਰੋਡੇ ਦੇ ਪਰਿਵਾਰ ਨੂੰ ਵੀ ਸੂਚਿਤ ਕਰ ਦਿਤਾ ਗਿਆ ਹੈ। ਉਨ੍ਹਾਂ ਦੇ ਭਰਾ ਅਤੇ ਸ੍ਰੀ ਅਕਾਲ ਤਖ਼ਤ ਦੇ ਸਾਬਕਾ ਜਥੇਦਾਰ ਭਾਈ ਜਸਬੀਰ ਸਿੰਘ ਰੋਡੇ ਨੇ ਉਨ੍ਹਾਂ ਦੇ ਅਕਾਲ ਚਲਾਣੇ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਸਸਕਾਰ ਸਿੱਖ ਰਵਾਇਤਾਂ ਅਨੁਸਾਰ ਕੀਤਾ ਗਿਆ ਹੈ। ਲਖਬੀਰ ਸਿੰਘ ਰੋਡੇ ਸੰਤ ਜਰਨੈਲ ਸਿੰਘ ਭਿੰਡਰਾਵਾਲੇ ਦਾ ਭਤੀਜਾ ਸੀ।

ਦੱਸ ਦੇਈਏ ਕਿ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐੱਨਆਈਏ) ਨੇ ਅਕਤੂਬਰ ਮਹੀਨੇ ਮੋਗਾ ‘ਚ ਇਕ ਛਾਪੇਮਾਰੀ ਤੋਂ ਬਾਅਦ ਲਖਬੀਰ ਸਿੰਘ ਰੋਡੇ ਦੀਆਂ ਜਾਇਦਾਦਾਂ ਜ਼ਬਤ ਕਰ ਲਈਆਂ ਸਨ। ਰੋਡੇ ਕਈ ਮਾਮਲਿਆਂ ‘ਚ ਭਾਰਤ ਸਰਕਾਰ ਨੂੰ ਲੋੜੀਂਦਾ ਸੀ। ਲਖਬੀਰ ਸਿੰਘ ਰੋਡੇ ਭਾਰਤ ‘ਚ ਪਾਬੰਦੀਸ਼ੁਦਾ ਸੰਗਠਨ ਖਾਲਿਸਤਾਨ ਲਿਬਰੇਸ਼ਨ ਫੋਰਸ (KLF) ਤੇ ਪਾਕਿਸਤਾਨ ਤੋਂ ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ (ISYF) ਨੂੰ ਸੰਚਾਲਤ ਕਰ ਰਿਹਾ ਸੀ।