ਰਾਹੁਲ ਦੀ ਧਾਰਮਿਕ ਫੇਰੀ ਤੇ ਚਰਚਾ

ਵਿਰੋਧੀ ਸਿੱਖ ਫ਼ਲਸਫ਼ੇ ਨੂੰ ਸਮਝਣ, ਨਾਂ ਤੋ ਚਿੜ ਕੇ ਵਿਰੋਧ ਕਰਨਾ ਗਲਤ

ਦੇਸ਼ ਦੀ ਆਜ਼ਾਦੀ ਲਈ ਲੰਬੀ ਲੜਾਈ ਲੜਣ ਵਾਲੇ ਨਹਿਰੂ ਪਰਿਵਾਰ ਨੇ ਧਰਮ ਨਿਰਪੱਖਤਾ ਪ੍ਰਤੀ ਵੀ ਹਰ ਸਮੇਂ ਪੂਰੀ ਤਨਦੇਹੀ ਨਾਲ ਪਹਿਰਾ ਦਿੱਤਾ ਹੈ। ਦੇਸ਼ ਆਜ਼ਾਦ ਹੋਣ ਤੋਂ ਬਾਅਦ ਪੰਡਿਤ ਜਵਾਹਰ ਲਾਲ ਨਹਿਰੂ ਨੇ ਦੇਸ਼ ਵਾਸੀਆਂ ਨੂੰ ਆਪਣੇ ਆਪਣੇ ਧਰਮਾਂ ਦੇ ਮਾਣ ਸਨਮਾਨ ਲਈ ਹਰ ਤਰਾਂ ਦਾ ਯਤਨ ਕਰਨ ਦੀ ਖੁਲ ਦਿੱਤੀ ਸੀ। ਇਹੀ ਕਾਰਨ ਸੀ ਕਿ ਅੱਜ ਤੱਕ ਦੇਸ਼ ਵਿੱਚ ਹਿੰਦੂ ਸਿੱਖ ਮੁਸਲਮਾਨ ਈਸਾਈ ਪਾਰਸੀ ਸਭ ਭਰਾਵਾਂ ਵਾਂਗ ਰਹਿੰਦੇ ਵਿਚਰਦੇ ਹਨ। ਪਿਛਲੇ ਇੱਕ ਦਹਾਕੇ ਤੋਂ ਦੇਸ਼ ਵਿੱਚ ਫਿਰਕਾਪ੍ਰਸਤੀ ਨੇ ਸਿਰ ਚੁੱਕਿਆ ਹੈ ਅਤੇ ਮੁਸਲਮਾਨਾਂ ਪ੍ਰਤੀ ਨਫ਼ਰਤ ਪੈਦਾ ਕੀਤੀ ਜਾ ਰਹੀ ਹੈ, ਪਰ ਫਿਰ ਵੀ ਆਮ ਲੋਕਾਂ ਵਿੱਚ ਇੱਕ ਦੂਜੇ ਪ੍ਰਤੀ ਕੋਈ ਗਿਲਾ ਸਿਕਵਾ ਨਹੀਂ ਹੈ।

ਸ੍ਰੀਮਤੀ ਇੰਦਰਾ ਗਾਂਧੀ ਦੇ ਰਾਜ ਦੌਰਾਨ ਸ੍ਰੀ ਦਰਬਾਰ ਸਾਹਿਬ ਤੇ ਫੌਜੀ ਹਮਲਾ ਹੋਇਆ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਢਹਿ ਢੇਰੀ ਕਰ ਦਿੱਤਾ ਗਿਆ। ਇਹ ਸਿੱਖ ਕੌਮ ਲਈ ਅਸਹਿ ਤੇ ਅਕਹਿ ਸਦਮਾ ਹੈ, ਜਿਸਨੂੰ ਸਦੀਆਂ ਤੱਕ ਵੀ ਭੁਲਾਇਆ ਨਹੀਂ ਜਾ ਸਕਦਾ। ਇਸ ਹਮਲੇ ਨੂੰ ਦੁਨੀਆਂ ਦਾ ਕੋਈ ਵੀ ਵਿਅਕਤੀ ਸਹੀ ਨਹੀਂ ਕਹਿ ਸਕਦਾ, ਪਰ ਇਹ ਹਮਲਾ ਕਿਉਂ ਕਰਨਾ ਪਿਆ? ਇਹ ਕਿਹਨਾਂ ਕਿਹਨਾਂ ਸਿੱਖ ਆਗੂਆਂ ਦੀ ਸਲਾਹ ਨਾਲ ਕੀਤਾ ਗਿਆ? ਇਸ ਪਵਿੱਤਰ ਸਥਾਨ ਤੇ ਹੋਏ ਘਿਨਾਉਣੇ ਹਮਲੇ ਨੂੰ ਆਪਣੇ ਸਿਆਸੀ ਹਿਤਾਂ ਲਈ ਕੌਣ ਵਰਤਦਾ ਆ ਰਿਹਾ ਹੈ? ਇਹ ਸਭ ਕੁੱਝ ਲੋਕ ਭਲੀ ਭਾਂਤ ਜਾਣਦੇ ਹਨ। ਪਰ ਸਾਰੀ ਜੁਮੇਵਾਰੀ ਇੰਦਰਾ ਗਾਂਧੀ ਦੇ ਸਿਰ ਪਈ, ਕਿਉਂਕਿ ਉਹ ਦੇਸ਼ ਚਲਾ ਰਹੇ ਸਨ ਅਤੇ ਉਸਨੂੰ ਪ੍ਰਧਾਨ ਮੰਤਰੀ ਹੁੰਦਿਆਂ ਆਪਣੀ ਜਾਨ ਤੋਂ ਵੀ ਹੱਥ ਧੋਣੇ ਪਏ। ਇਸ ਉਪਰੰਤ ਦਿੱਲੀ ਤੇ ਦੇਸ਼ ਦੇ ਹੋਰ ਥਾਵਾਂ ਤੇ ਦੰਗੇ ਹੋਏ, ਸਿੱਖਾਂ ਦਾ ਕਤਲੇਆਮ ਕੀਤਾ ਗਿਆ ਜੋ ਗੁੱਸੇ ਦਾ ਪੂਰਾ ਪ੍ਰਗਟਾਵਾ ਸੀ। ਬਾਅਦ ਵਿੱਚ ਸਿੱਖ ਆਗੂਆਂ ਨੇ ਸਮੇਂ ਦੇ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨਾਲ ਸਾਂਤੀ ਦੀ ਗੱਲ ਚਲਾਈ ਅਤੇ ਰਾਜੀਵ ਲੌਂਗੋਵਾਲ ਸਮਝੌਤਾ ਵੀ ਹੋਇਆ।

ਸਮੇਂ ਦੇ ਲੰਘਣ ਨਾਲ ਦੋਵਾਂ ਧਿਰਾਂ ਦੇ ਗੁੱਸੇ ਵਿੱਚ ਕਮੀ ਆਈ, ਨਹਿਰੂ ਪਰਿਵਾਰ ਦੀ ਮੁਖੀ ਸ੍ਰੀਮਤੀ ਸੋਨੀਆਂ ਗਾਂਧੀ ਨੇ ਦੇਸ਼ ਦੇ ਲੋਕਾਂ ਸਾਹਮਣੇ ਸ੍ਰੀ ਦਰਬਾਰ ਸਾਹਿਬ ਤੇ ਹੋਏ ਹਮਲੇ ਤੇ ਦੁੱਖ ਪ੍ਰਗਟ ਕੀਤਾ ਅਤੇ ਮੰਨਿਆਂ ਕਿ ਅਜਿਹਾ ਨਹੀਂ ਹੋਣਾ ਚਾਹੀਦਾ ਸੀ। ਰਾਹੁਲ ਗਾਂਧੀ ਕਾਂਗਰਸ ਦੀ ਹਾਈਕਮਾਂਡ ਵਿੱਚ ਸ਼ਾਮਲ ਹੋ ਗਏ ਤਾਂ ਉਹਨਾਂ ਵੀ ਪਸਚਾਤਾਪ ਕੀਤਾ ਕਿ ਰੱਬ ਦੇ ਘਰ ਸ੍ਰੀ ਦਰਬਾਰ ਸਾਹਿਬ ਵਿਖੇ ਅਜਿਹਾ ਹੋਣਾ ਦੁਖਦਾਈ ਹੈ। ਕਰੀਬ ਤਿੰਨ ਕੁ ਸਾਲ ਪਹਿਲਾਂ ਪੰਜਾਬ ਦੇ ਲੋਕ ਸ੍ਰੀ ਦਰਬਾਰ ਸਾਹਿਬ ਤੋਂ ਲਾਈਵ ਹੋ ਰਿਹਾ ਕੀਰਤਨ ਸੁਣਦਿਆਂ ਹੈਰਾਨ ਹੋ ਗਏ, ਜਦੋਂ ਉਹਨਾਂ ਪਰਕਰਮਾ ਵਿੱਚ ਇੱਕ ਸਰਧਾਵਾਨ ਬਣ ਕੇ ਫਿਰ ਰਿਹਾ ਰਾਹੁਲ ਗਾਂਧੀ ਵੇਖਿਆ। ਜਦੋਂ ਸਿੱਖ, ਨਹਿਰੂ ਪਰਿਵਾਰ ਪ੍ਰਤੀ ਨਫ਼ਰਤ ਦੀ ਭਾਵਨਾ ਰਖਦੇ ਸਨ ਅਤੇ ਦਰਬਾਰ ਸਾਹਿਬ ਤੇ ਹੋਏ ਹਮਲੇ ਪ੍ਰਤੀ ਜੁਮੇਵਾਰ ਮੰਨਦੇ ਸਨ, ਉਦੋਂ ਰਾਹੁਲ ਗਾਂਧੀ ਸੁਰੱਖਿਆ ਦੀ ਪਰਵਾਹ ਕੀਤੇ ਵਗੈਰ ਦਰਬਾਰ ਸਾਹਿਬ ਵਿੱਚ ਪਹੁੰਚ ਗਿਆ। ਅਜਿਹਾ ਧਰਮ ਨਿਰਪੱਖਤਾ ਪਹੁੰਚ ਸਦਕਾ ਹੀ ਹੋ ਸਕਿਆ। ਉਸਤੋਂ ਬਾਅਦ ਉਹ ਕਈ ਵਾਰ ਦਰਸਨ ਕਰਨ ਆਇਆ।

ਕੁੱਝ ਦਿਨ ਪਹਿਲਾਂ ਫੇਰ ਰਾਹੁਲ ਗਾਂਧੀ ਨੇ ਸ੍ਰੀ ਦਰਬਾਰ ਸਾਹਿਬ ਵਿੱਚ ਦੋ ਦਿਨ ਸੇਵਾ ਕੀਤੀ, ਕੀਰਤਨ ਸੁਣਿਆਂ ਤੇ ਪੂਰੀ ਸਰਧਾ ਨਾਲ ਧਾਰਮਿਕ ਯਾਤਰਾ ਕੀਤੀ। ਕੁਝ ਲੋਕਾਂ ਨੇ ਇਸ ਯਾਤਰਾ ਨੂੰ ਸਿਆਸਤ ਤੋਂ ਪ੍ਰੇਰਿਤ ਵੀ ਕਿਹਾ, ਪਰ ਜੇਕਰ ਸੱਚ ਨੂੰ ਪਛਾਣਿਆ ਜਾਵੇ ਤਾਂ ਰਾਹੁਲ ਦੀ ਯਾਤਰਾ ਬਿਲਕੁਲ ਧਾਰਮਿਕ ਸੀ। ਉਹ ਹਵਾਈ ਅੱਡੇ ਤੋਂ ਸ੍ਰੀ ਦਰਬਾਰ ਸਾਹਿਬ ਤੱਕ ਇਕੱਲੇ ਹੀ ਆਏ, ਕਾਂਗਰਸ ਦੇ ਲੀਡਰਾਂ ਵਰਕਰਾਂ ਤੋਂ ਉਹਨਾਂ ਯਾਤਰਾ ਸਮੇਂ ਪੂਰੀ ਤਰਾਂ ਦੂਰੀ ਬਣਾ ਕੇ ਰੱਖੀ। ਪੱਤਰਕਾਰਾਂ ਨਾਲ ਗੱਲ ਕਰਨੀ ਵੀ ਉਸਨੂੰ ਸੇਵਾ ਭਾਵਨਾ ਵਿੱਚ ਅੜਿੱਕਾ ਲਗਦੀ ਸੀ, ਜਿਸ ਕਰਕੇ ਉਸਨੇ ਮੀਡੀਆ ਨਾਲ ਕੋਈ ਰਾਬਤਾ ਨਾ ਕੀਤਾ। ਉਹਨਾਂ ਸ੍ਰੀ ਦਰਬਾਰ ਸਾਹਿਬ ਵਿੱਚ ਮੱਥਾ ਟੇਕਿਆ, ਪ੍ਰਸ਼ਾਦਿ ਚੜਾਇਆ, ਬੈਠ ਕੇ ਕੀਰਤਨ ਸੁਣਿਆ। ਉਹਨਾਂ ਪਰਕਰਮਾ ਵਿੱਚ ਜਲ ਵਰਤਾਉਣ ਦੀ ਸੇਵਾ ਕੀਤੀ। ਲੰਗਰ ਵਿੱਚ ਪ੍ਰਸ਼ਾਦੇ ਤੇ ਦਾਲ ਸਬਜੀ ਵਰਤਾਉਣ ਦੀ ਸੇਵਾ ਨਿਭਾਈ। ਪਾਲਕੀ ਸਾਹਿਬ ਲਿਜਾਣ ਸਮੇਂ ਮੋਢਾ ਲਾ ਕੇ ਖੁਸ਼ੀ ਜਾਹਰ ਕੀਤੀ, ਸੁਨਹਿਰੀ ਜੰਗਲਿਆਂ ਨੂੰ ਸਾਫ਼ ਕਰਕੇ ਅਤੇ ਲੰਗਰ ਦੇ ਝੂਠੇ ਭਾਂਡੇ ਮਾਂਜਣ ਦੀ ਸੇਵਾ ਪੂਰੀ ਸਰਧਾ ਨਾਲ ਕਰਕੇ ਨਿਮਾਣੇ ਹੋਣ ਦਾ ਸਬੂਤ ਦਿੱਤਾ। ਜਿਸ ਤਰਾਂ ਆਮ ਵੇਖਿਆ ਜਾਂਦਾ ਹੈ ਕਿ ਵੱਡੇ ਲੀਡਰਾਂ ਮੂਹਰੇ ਸਾਫ਼ ਭਾਂਡੇ ਰੱਖ ਕੇ ਸੇਵਾ ਕਰਨ ਦੀ ਫੋਟੋ ਰਿਲੀਜ਼ ਕੀਤੀ ਜਾਂਦੀ ਹੈ, ਅਜਿਹਾ ਨਹੀਂ ਕੀਤਾ। ਲੋਕਾਂ ਨੇ ਟੈਲੀਵੀਜ਼ਨ ਤੇ ਵੇਖਿਆ ਕਿ ਸੱਚਮੁੱਚ ਜੂਠੇ ਭਾਂਡੇ ਮਾਂਜ ਧੋ ਕੇ ਰਾਹੁਲ ਗਾਂਧੀ ਨੇ ਸੱਚੇ ਮਨੋਂ ਸੇਵਾ ਨਿਭਾਈ। ਪਰਕਰਮਾ ਵਿੱਚ ਉਹ ਸਰਧਾਵਾਨ ਬਣ ਕੇ ਮਰਦਾਂ ਔਰਤਾਂ ਬੱਚਿਆਂ ਨੂੰ ਮਿਲਦੇ, ਔਰਤਾਂ ਨੂੰ ਦੋਵੇਂ ਹੱਥ ਜੋੜ ਕੇ ਨਿਮਰਤਾ ਨਾਲ ਪੇਸ਼ ਆਉਂਦੇ। ਸ੍ਰੀ ਅਕਾਲ ਤਖ਼ਤ ਸਾਹਿਬ ਤੇ ਵੀ ਨਤਮਸਤਕ ਹੋਏ। ਵਿਰੋਧੀ ਭਾਵੇਂ ਕੁੱਝ ਵੀ ਕਹੀ ਜਾਣ, ਪਰ ਰਾਹੁਲ ਗਾਂਧੀ ਨੇ ਸਰਧਾ ਨਾਲ ਧਾਰਮਿਕ ਯਾਤਰਾ ਤੇ ਸੇਵਾ ਕੀਤੀ। ਰਾਹੁਲ ਨੇ ਨਿਮਰਤਾ ਸਹਿਤ ਸੇਵਾ ਕਰਕੇ ਨਹਿਰੂ ਪਰਿਵਾਰ ਦੀ ਧਰਮ ਨਿਰਪੱਖਤਾ ਤੇ ਇੱਕ ਵਾਰ ਫੇਰ ਮੋਹਰ ਲਾ ਦਿੱਤੀ।

ਵਿਰੋਧੀਆਂ ਨੂੰ ਰਾਹੁਲ ਗਾਂਧੀ ਦੀ ਕੀਤੀ ਸੇਵਾ ਵੀ ਹਜ਼ਮ ਨਹੀਂ ਆ ਰਹੀ ਸੀ। ਉਹਨਾਂ ਨੂੰ ਇਉਂ ਲਗਦਾ ਸੀ ਜਿਵੇਂ ਉਹਨਾਂ ਦੀ ਸਿਆਸਤ ਤੇ ਹਮਲਾ ਕੀਤਾ ਜਾ ਰਿਹਾ ਹੋਵੇ ਜਾਂ ਉਹਨਾਂ ਦੇ ਗੁਰਦੁਆਰਾ ਪ੍ਰਬੰਧ ਤੇ ਕੀਤੇ ਕਬਜੇ ਦੇ ਸੱਟ ਮਾਰੀ ਜਾ ਰਹੀ ਹੋਵੇ। ਇਸੇ ਦਿਨ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਵੀ ਦਰਬਾਰ ਸਾਹਿਬ ਕੰਪਲੈਕਸ ਵਿੱਚ ਮੌਜੂਦ ਸੀ, ਉਹਨਾਂ ਦੇ ਪਰਿਵਾਰ ਵੱਲੋਂ ਕਰਵਾਏ ਅਖੰਡ ਪਾਠ ਦਾ ਭੋਗ ਪਾਇਆ ਗਿਆ ਸੀ। ਪਾਠ ਦੀ ਸਮਾਪਤੀ ਉਪਰੰਤ ਭਾਵੇਂ ਹਰ ਸਖ਼ਸ ਮਾਨਸਿਕ ਤੌਰ ਤੇ ਰਾਹਤ ਮਹਿਸੂਸ ਕਰਦਾ ਹੈ ਅਤੇ ਸਾਂਤ ਚਿੱਤ ਹੁੰਦਾ ਹੈ, ਪਰ ਸ੍ਰੀਮਤੀ ਬਾਦਲ ਨੇ ਉੱਥੇ ਹੀ ਰਾਹੁਲ ਗਾਂਧੀ ਦੀ ਫੇਰੀ ਤੇ ਟਿੱਪਣੀ ਕਰਦਿਆਂ ਕਹਿ ਦਿੱਤਾ ਕਿ ਰਾਹੁਲ ਗੁਰੂਘਰ ਵਿੱਚ ਨਤਮਸਤਕ ਹੋਣ ਸਮੇਂ ਆਪਣੀ ਦਾਦੀ ਤੇ ਪਿਤਾ ਵੱਲੋਂ ਸਿੱਖ ਕੌਮ ਤੇ ਕੀਤੇ ਗਏ ਜੁਲਮਾਂ ਨੂੰ ਵੀ ਯਾਦ ਰੱਖਣ।

ਰਾਹੁਲ ਗਾਂਧੀ ਸਭ ਕੁੱਝ ਜਾਣਦਾ ਹੈ ਭੁੱਲਿਆ ਨਹੀਂ, ਜੇਕਰ ਉਸਨੂੰ ਯਾਦ ਸੀ ਤਾਂ ਹੀ ਨਤਮਸਤਕ ਹੋ ਕੇ ਨਿਮਾਣਾ ਬਣ ਕੇ ਆਇਆ ਸੀ। ਦਰਬਾਰ ਸਾਹਿਬ ਤੇ ਹੋਏ ਹਮਲੇ ਸਮੇਂ ਤਾਂ ਉਹ ਨਿੱਕਾ ਬਾਲ ਹੀ ਸੀ। ਪਰ ਬੀਬੀ ਬਾਦਲ ਨੂੰ ਵੀ ਆਪਣੇ ਪਰਿਵਾਰ ਦੀਆਂ ਗਲਤੀਆਂ ਯਾਦ ਰੱਖਣੀਆਂ ਚਾਹੀਦੀਆਂ ਹਨ, ਜੋ ਕੁੱਝ ਸਾਲ ਪਹਿਲਾਂ ਹੀ ਕੀਤੀਆਂ ਗਈਆਂ। ਉਹਨਾਂ ਦੇ ਵੱਡੇਰਿਆਂ ਨੇ ਦਰਬਾਰ ਸਾਹਿਬ ਵਿੱਚ ਫੌਜ ਦੇ ਦਾਖਲੇ ਲਈ ਹਾਮੀ ਭਰੀ, ਸਿਰਸੇ ਵਾਲੇ ਨੂੰ ਮੁਆਫ਼ੀ ਦਿਵਾਈ, ਸ੍ਰੀ ਅਕਾਲ ਤਖ਼ਤ ਸਾਹਿਬ ਦੀਆਂ ਪਰੰਪਰਾਵਾਂ ਤੋੜੀਆਂ, ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਦੀਆਂ ਬੇਅਦਬੀਆਂ ਨਾਲ ਨਾਂ ਜੁੜਿਆ ਤੇ ਪੇਸ਼ੀਆਂ ਭੁਗਤ ਰਹੇ ਹਨ। ਇਹਨਾਂ ਘਟਨਾਵਾਂ ਦੀ ਗੱਲ ਨਹਿਰੂ ਪਰਿਵਾਰ ਨਾਲ ਹਮਦਰਦੀ ਜਾਂ ਪੱਖ ਲਈ ਜਾਂ ਬਾਦਲ ਪਰਿਵਾਰ ਦੇ ਵਿਰੋਧ ਵਿੱਚ ਨਹੀਂ ਕੀਤੀ ਜਾ ਰਹੀ। ਸ੍ਰੀਮਤੀ ਬਾਦਲ ਨੂੰ ਚਾਹੀਦਾ ਹੈ ਕਿ ਜੋ ਕਥਿਤ ਦੋਸ਼ ਬਾਦਲ ਪਰਿਵਾਰ ਤੇ ਲਗਦੇ ਆ ਰਹੇ ਹਨ, ਉਹਨਾਂ ਨੂੰ ਪ੍ਰਵਾਨ ਕਰਕੇ ਦੋਸ਼ਾਂ ਬਾਰੇ ਪਸਚਾਤਾਪ ਕਰਕੇ ਅਤੇ ਮੁਆਫ਼ੀ ਮੰਗ ਕੇ ਨਹਿਰੂ ਪਰਿਵਾਰ ਲਈ ਮਾਰਗ ਦਰਸਕ ਬਣਨ।
ਦੂਜੇ ਪਾਸੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਗੁਰਚਰਨ ਸਿੰਘ ਗਰੇਵਾਲ ਨੇ ਰਾਹੁਲ ਗਾਂਧੀ ਦੀ ਯਾਤਰਾ ਤੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਗੁਰੂ ਘਰ ਵਿੱਚ ਨੀਵਾਂ ਹੋ ਕੇ ਆਉਣ ਵਾਲੇ ਨੂੰ ਦੇਗ ਅਤੇ ਚੜ ਕੇ ਆਉਣ ਵਾਲੇ ਨੂੰ ਦੇਗ ਮਿਲਦੀ ਹੈ, ਇਹ ਸਿੱਖੀ ਦਾ ਫ਼ਲਸਫ਼ਾ ਹੈ ਅਤੇ ਰਾਹੁਲ ਗਾਂਧੀ ਨੂੰ ਦੇਗ ਮਿਲੀ ਹੈ। ਉਹਨਾਂ ਦਾ ਇਹ ਵਿਚਾਰ ਵਜ਼ਨ ਵਾਲਾ ਹੈ, ਸ੍ਰੀ ਦਰਬਾਰ ਸਾਹਿਬ ਦੇ ਚਾਰ ਦਰਵਾਜੇ ਰੱਖ ਕੇ ਗੁਰੂ ਸਾਹਿਬਾਨ ਨੇ ਸਪਸ਼ਟ ਕੀਤਾ ਸੀ ਕਿ ਇਹ ਪਵਿੱਤਰ ਅਸਥਾਨ ਚਹੁੰ ਵਰਨਾ ਕੋ ਸਾਂਝਾ ਹੈ। ਹਰ ਧਰਮ, ਜਾਤ, ਕੌਮ ਲਈ ਦਰਵਾਜੇ ਖੁਲੇ ਹਨ, ਪਰ ਆਉਣ ਵਾਲਾ ਸਰਧਾ ਰਖਦਾ ਹੋਵੇ। ਜੇ ਰਾਹੁਲ ਗਾਂਧੀ ਸਰਧਾ ਨਾਲ ਨਿਮਾਣਾ ਬਣ ਕੇ ਨਤਮਸਤਕ ਹੋਣ ਆਇਆ ਹੈ, ਤਾਂ ਵਿਰੋਧੀਆਂ ਨੂੰ ਪਰਿਵਾਰ ਜਾਂ ਨਾਂ ਤੋਂ ਚਿੜ ਕੇ ਵਿਰੋਧ ਨਹੀਂ ਕਰਨਾ ਚਾਹੀਦਾ ਸਗੋਂ ਇਸਦਾ ਸੁਆਗਤ ਕਰਨਾ ਚਾਹੀਦਾ ਹੈ, ਇਸ ਵਿੱਚ ਵਡੱਪਣ ਹੋਵੇਗਾ। ਦੁਨੀਆਂ ਭਰ ਦੇ ਲੋਕਾਂ ਨੂੰ ਇੱਕ ਚੰਗਾ ਸੁਨੇਹਾ ਮਿਲੇਗਾ।

ਬਲਵਿੰਦਰ ਸਿੰਘ ਭੁੱਲਰ
ਮੋਬਾ: 098882 75913